Baba Sri Chand Ji arrives : ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਆਪ ਜੀ ਨੇ ਉਦਾਸੀ ਮਤ ਧਾਰਨ ਕਰ ਲਿਆ ਸੀ ਅਤੇ ਜਤੀ ਸਤੀ ਰਹਿ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ। ਬਾਬਾ ਸ੍ਰੀ ਚੰਦ ਅਥਾਹ ਸ਼ਕਤੀਆਂ ਦੇ ਮਾਲਕ ਸਨ। ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਉਇਆ ਅਤੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਕਰਵਾਈ ਦੀ ਨਿਮਰਤਾ ਦੀ ਅਪਾਰ ਮਹਿਮਾ ਸੀ, ਜਿਸ ਨੂੰ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਨੇ ਉਨ੍ਹਾਂ ਨੂੰ ਮਿਲਣ ਦਾ ਮਨ ਬਣਾਇਆ।
ਇਕ ਦਿਨ ਉਹ ਗੁਰੂ ਜੀ ਦੇ ਦਰਸ਼ਨ ਵਾਸਤੇ ਆਪ ਅੰਮ੍ਰਿਤਸਰ ਪਹੁੰਚੇ। ਜਦੋਂ ਉਹ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਠ ਕੇ ਉਨ੍ਹਾਂ ਨੂੰ ਅੱਗੋਂ ਮਿਲਣ ਗਏ । ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁਕ ਕੇ ਨਮਸਕਾਰ ਕੀਤੀ ਅਤੇ ਹਾਲ-ਚਾਲ ਪੁੱਛਿਆ । ਫਿਰ ਗੁਰੂ ਜੀ ਉਨ੍ਹਾਂ ਨੂੰ ਨਾਲ ਲੈ ਕੇ ਦਰਬਾਰ ਵਿਚ ਆ ਗਏ । ਉਨ੍ਹਾਂ ਨੂੰ ਆਪਣੇ ਨਾਲ ਹੀ ਬਿਠਾ ਲਿਆ । ਬਾਬਾ ਸ੍ਰੀ ਚੰਦ ਜੀ ਗੁਰੂ ਜੀ ਦੇ ਚਿਹਰੇ ਦੇ ਜਲਾਲ ਵੱਲ ਬੜਾ ਚਿਰ ਵੇਖਦੇ ਰਹੇ । ਉਨ੍ਹਾਂ ਦੇ ਮੁੱਖ ‘ਤੇ ਉਨ੍ਹਾਂ ਨੂੰ ਓਹੋ ਨੂਰ ਦਿੱਸਿਆ ਜਿਹੜਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਦੇ ਚਿਹਰੇ ‘ਤੇ ਨਜ਼ਰ ਆਉਂਦਾ ਸੀ। ਗੁਰੂ ਜੀ ਦੀ ਪਿਆਰੀ ਸ਼ਖਸੀਅਤ ਅਤੇ ਉਨ੍ਹਾਂ ਨੂੰ ਮੋਹ ਲਿਆ ਸੀ। ਫਿਰ ਗੁਰੂ ਦੇ ਨੂਰਾਨੀ ਚਿਹਰੇ ਵੱਲ ਤੱਕ ਕੇ ਬੋਲੇ । ਏਡਾ ਸੁੰਦਰ ਦਾੜ੍ਹਾ ਕਿਵੇਂ ਵਧਾ ਲਿਆ ਹੈ? ਗੁਰੂ ਰਾਮਦਾਸ ਜੀ ਵੀ ਬਾਬਾ ਜੀ ਵੱਲ ਬੜੇ ਧਿਆਨ ਨਾਲ ਵੇਖ ਰਹੇ ਸਨ ਅਤੇ ਉਹ ਇਸ ਗੱਲ ‘ਤੇ ਬੜੇ ਖੁਸ਼ ਸਨ ਕਿ ਜਦ ਤੋਂ ਬਾਬਾ ਜੀ ਉਥੇ ਆਏ ਸਨ, ਉਨ੍ਹਾਂ ਦੇ ਚਿਹਰੇ ਉਤੇ ਗੁਲਾਬ ਦੇ ਫੁੱਲ ਵਾਂਗ ਮੁਸਕਰਾਹਟ ਖਿੜੀ ਹੋਈ ਸੀ । ਗੁਰੂ ਰਾਮਦਾਸ ਜੀ ਨਿਮਰਤਾ ਭਾਵ ਨਾਲ ਬੋਲੋ । ਇਹ ਲੰਮੀ ਦਾਹੜੀ ਤੁਹਾਡੇ ਜਿਹੇ ਮਹਾਂਪੁਰਖਾਂ ਦੇ ਪਵਿੱਤਰ ਚਰਣਾਂ ਨੂੰ ਪੂੰਝਣ ਲਈ ਰਖੀ ਹੋਈ ਹੈ।
ਇਹ ਉੱਤਰ ਸੁਣ ਕੇ ਬਾਬਾ ਸ੍ਰੀ ਚੰਦ ਜੀ ਖਿੜਖਿੜਾ ਕੇ ਹੱਸ ਪਏ ਅਤੇ ਕਹਿਣ ਲੱਗੇ ਧੰਨ ਹੋ ਤੁਸੀਂ ਅਤੇ ਧੰਨ ਤੁਹਾਡੀ ਨਿਮਰਤਾ। ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰ ਗੱਦੀ ਲਈ ਸੀ ਪਰ ਤੁਸੀਂ ਨਿਮਰਤਾ ਅਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈ । ਇਸ ਤਰ੍ਹਾਂ ਬੜੇ ਪ੍ਰੇਮ ਨਾਲ ਗੁਰੂ ਰਾਮਦਾਸ ਜੀ ਨੂੰ ਮਿਲ ਕੇ ਬਾਬਾ ਸ੍ਰੀ ਚੰਦ ਜੀ ਆਪਣੇ ਡੇਰੇ ਵਾਪਿਸ ਚੱਲੇ ਗਏ।