ਬਾਬਰ ਤੇ ਗੁਰੂ ਨਾਨਕ ਆਪਣੇ ਸਮੇਂ ਦੇ ਦੋ ਸਮਕਾਲੀ ਇਤਿਹਾਸਕ ਪੁਰਸ਼ ਹੋਏ ਹਨ। ਦੋਹਾਂ ਦੇ ਜੀਵਨ ਸਮਾਨਾਂਤਰ ਚਲਦੇ ਹਨ। ਦੋਹਾਂ ਨੇ ਆਪਣੀਆਂ-ਆਪਣੀਆਂ ਬਾਦਸ਼ਾਹੀਆਂ ਕਾਇਮ ਕੀਤੀਆਂ | ਪਰ ਦੋਹਾਂ ਬਾਦਸ਼ਾਹੀਆਂ ਵਿਚ ਬਹੁਤ ਅੰਤਰ ਸੀ। ਬਾਬਰ ਧਰਤੀ ਦਾ ਬਾਦਸ਼ਾਹ ਸੀ ਅਤੇ ਗੁਰੂ ਨਾਨਕ ਧਰਮ ਦਾ ਪਾਤਸ਼ਾਹ।
ਧਰਮ ਤੋਂ ਭਾਵ ਹੈ ਸੱਚ ਦੀ ਸਲਤਨਤ, ਇਕ-ਈਸ਼ਵਰਵਾਦ, ਮਾਨਵਵਾਦ, ਮਾਨਵ-ਏਕਤਾ, ਸਮਾਨਤਾ, ਨਿਆਂ ਦਾ ਰਾਜ, ਭੈਅ ਦਾ ਅਭਾਵ ਅਤੇ ਸਿਰ ਉੱਚਾ ਕਰਕੇ ਤੁਰਨ ਵਾਲਾ ਸੁਤੰਤਰ ਮਨੁੱਖ। ਬਾਬਰ ਦਾ ਰਾਜ ਸੀਮਾਬੱਧ ਤੇ ਕਾਲ-ਬੱਧ ਸੀ, ਗੁਰੂ ਨਾਨਕ ਦਾ ਰਾਜ ਬਿਨਾਂ-ਹੱਦ ਸਰਬ-ਵਿਆਪਕ ਤੇ ਕਾਲ ਰਹਿਤ ਹੈ | ਗੁਰੂ ਗੋਬਿੰਦ ਸਿੰਘ ਕਹਿੰਦੇ ਹਨ-
ਬਾਬੇ ਕੇ ਬਾਬਰ ਕੇ ਦੋਊ। ਆਪ ਕਰੇ ਪਰਮੇਸਰ ਸੋਊ।
ਦੀਨਸਾਹ ਇਨ ਕੋ ਪਹਿਚਾਨੋ। ਦੁਨੀਪਤਿ ਉਨ ਕੋ ਅਨੁਮਾਨੋ।
-ਬਚਿੱਤਰ ਨਾਟਕ; ਅਧਿ: ਤੇਰ੍ਹਵਾਂ
ਬਾਬਰ (ਜਨਮ 1483) ਗੁਰੂ ਨਾਨਕ ਸਾਹਿਬ ਤੋਂ 14 ਸਾਲ ਛੋਟਾ ਸੀ। ਬਾਬਰ ਦਾ ਜਨਮ ਹੋਣ ਤੋਂ ਪਹਿਲਾਂ ਗੁਰੂ ਨਾਨਕ ਪਾਂਧੇ ਤੇ ਮੌਲਵੀ ਪਾਸ ਪੜ੍ਹਾਈ ਕਰ ਚੁੱਕੇ ਸਨ। ਜਨੇਊ ਵਾਲੀ ਘਟਨਾ ਹੋ ਚੁੱਕੀ ਸੀ। ਕੁਝ ਚਿਰ ਪਸ਼ੂ ਵੀ ਚਾਰੇ ਸਨ। ਤਕਰੀਬਨ 16 ਸਾਲ ਦੀ ਉਮਰ ਵਿਚ ਬਾਬੇ ਦਾ ਵਿਆਹ ਹੋਇਆ, ਤਾਂ ਬਾਬਰ ਉਸ ਵੇਲੇ ਦੋ ਸਾਲਾਂ ਦਾ ਸੀ। ਵਿਆਹ ਪਿੱਛੋਂ ਕੁਝ ਸਮਾਂ ਤਲਵੰਡੀ ਵਿਚ ਗੁਜ਼ਾਰ ਕੇ ਗੁਰੂ ਨਾਨਕ ਆਪਣੀ ਭੈਣ ਬੇਬੇ ਨਾਨਕੀ ਤੇ ਬਹਿਨੋਈ ਜੈ ਰਾਮ ਪਾਸ ਸੁਲਤਾਨਪੁਰ ਲੋਧੀ ਆ ਗਏ।
ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ। ਸਪੁੱਤਰ ਸ੍ਰੀ ਚੰਦ ਤੇ ਲਖਮੀ ਚੰਦ ਦਾ ਜਨਮ ਹੋਇਆ। ਵੇਈਂ ਪ੍ਰਵੇਸ਼ ਦੀ ਘਟਨਾ ਨੇ ਗੁਰੂ ਨਾਨਕ ਦਾ ਜੀਵਨ ਪਲਟ ਦਿੱਤਾ। ਉਨ੍ਹਾਂ ਨੇ ‘ਨਾ ਹਿੰਦੂ ਨਾ ਮੁਸਲਮਾਨ’ ਦਾ ਨਾਅਰਾ ਬੁਲੰਦ ਕੀਤਾ ਅਤੇ ਜੀਵਨ ਦਾ ਨਵਾਂ ਰਾਹ ਦਰਸਾਉਣ ਲਈ ਸੰਸਾਰ ਭਰਮਣ ਦਾ ਨਿਸਚਾ ਕਰ ਲਿਆ। ‘ਚੜਿਆ ਸੋਧਣਿ ਧਰਤ ਲੁਕਾਈ।’ ਇਹ ਪੰਦਰ੍ਹਵੀਂ ਸਦੀ ਈਸਵੀ ਦੇ ਅੰਤ ਦੇ ਨੇੜੇ-ਤੇੜੇ ਦਾ ਸਮਾਂ ਸੀ |
ਉਦੋਂ ਤੱਕ ਬਾਬਰ ਦੀ ਉਮਰ 18 ਸਾਲ ਹੋ ਗਈ ਸੀ। ਉਹ 12 ਸਾਲਾਂ ਦਾ ਸੀ ਕਿ ਉਸ ਦੇ ਬਾਪ ਮਿਰਜ਼ਾ ਉਮਰ ਸ਼ੇਖ ਦੀ ਮੌਤ ਹੋ ਗਈ। ਬਾਬਰ ਦੀ ਛੋਟੀ ਜਿਹੀ ਰਿਆਸਤ ਫ਼ਰਗਾਨਾ ਦੇ ਚਾਰ-ਚੁਫੇਰੇ ਬਾਬਰ ਦੇ ਸ਼ਰੀਕ ਰਾਜ ਕਰਦੇ ਸਨ। ਉਨ੍ਹਾਂ ਨੇ ਫ਼ਰਗਾਨਾ ਉੱਤੇ ਹਮਲਾ ਕਰ ਦਿੱਤਾ। ਪਰ ਬਾਬਰ ਆਪਣੀ ਰਈਅਤ ਦੀ ਵਫ਼ਾਦਾਰੀ ਕਰਕੇ ਬਚ ਗਿਆ। ਸਮਰਕੰਦ ਦਾ ਬਾਦਸ਼ਾਹ ਬਣਨਾ ਬਾਬਰ ਦਾ ਵੱਡਾ ਸੁਪਨਾ ਸੀ। ਉਸ ਨੇ ਤਿੰਨ ਵਾਰ ਸਮਰਕੰਦ ‘ਤੇ ਹਮਲਾ ਕੀਤਾ, ਪਰ ਅਸਫ਼ਲ ਰਿਹਾ। ਇਨ੍ਹਾਂ ਸਾਲਾਂ ਵਿਚ ਬਾਬਰ ਨੂੰ ਦੋ ਵੱਡੀਆਂ ਹਾਰਾਂ ਦਾ ਮੂੰਹ ਦੇਖਣਾ ਪਿਆ। ਉਸ ਦੇ ਮਤਰੇਏ ਭਰਾ ਜਹਾਂਗੀਰ ਨੇ ਫ਼ਰਗਾਨਾ ਉੱਤੇ ਕਬਜ਼ਾ ਕਰ ਲਿਆ। ਦੂਜੀ ਹਾਰ ਉਜ਼ਬੈੱਕ ਜਰਨੈਲ ਸ਼ੈਬਾਨੀ ਖਾਨ ਦੇ ਹੱਥੋਂ ਹੋਈ। ਸ਼ੈਬਾਨੀ ਖਾਨ ਨੇ ਮੁਗ਼ਲਾਂ ਦਾ ਖੁਰਾ-ਖੋਜ ਮਿਟਾਉਣ ਦੀ ਸਹੁੰ ਖਾਧੀ ਹੋਈ ਸੀ।
ਉਸ ਨੇ ਬਾਬਰ ਨੂੰ ਸਮਰਕੰਦ ਵਿਚ ਘੇਰ ਲਿਆ ਅਤੇ ਇਸ ਸ਼ਰਤ ਉੱਤੇ ਸਮਰਕੰਦ ਵਿਚੋਂ ਸੁਰੱਖਿਅਤ ਨਿਕਲਣ ਦੀ ਆਗਿਆ ਦਿੱਤੀ ਕਿ ਉਹ ਆਪਣੀ ਭੈਣ ਖਾਨਜ਼ਾਦਾ ਬੇਗ਼ਮ ਦਾ ਵਿਆਹ ਸ਼ੈਬਾਨੀ ਖਾਂ ਨਾਲ ਕਰ ਦੇਵੇ। ਬਾਬਰ ਨੇ ਆਪਣੀ ਭੈਣ ਸ਼ੈਬਾਨੀ ਨਾਲ ਵਿਆਹ ਕੇ ਆਪਣੀ ਜਾਨ ਬਚਾਈ। ਬਾਬਰ ਕੋਲ ਨਾ ਫ਼ਰਗਾਨਾ ਰਿਹਾ ਨਾ ਸਮਰਕੰਦ। ਉਹ ਕਈ ਸਾਲ ਭੁੱਖਾ-ਨੰਗਾ ਜੰਗਲਾਂ ਤੇ ਪਹਾੜਾਂ ਵਿਚ ਭਟਕਦਾ ਰਿਹਾ। ਬਾਬਰ ਨੂੰ ਧਰਤੀ ਜਿੱਤਣ ਦਾ ਫਿਰਾਕ ਲੱਗਾ ਹੋਇਆ ਸੀ। 1504 ਈ: ਵਿਚ ਬਾਬਰ ਦੀ ਕਿਸਮਤ ਨੇ ਪਲਟਾ ਖਾਧਾ ਅਤੇ ਉਹ ਕਾਬਲ ਦਾ ਬਾਦਸ਼ਾਹ ਬਣ ਗਿਆ। ਇਥੋਂ ਸ਼ੁਰੂ ਹੁੰਦੀ ਹੈ ਬਾਬਰ ਦੀ ਬਾਦਸ਼ਾਹੀ |
ਗੁਰੂ ਨਾਨਕ ਦੀ ਪਾਤਸ਼ਾਹੀ ਵੀ ਤਕਰੀਬਨ ਇਥੋਂ ਹੀ ਸ਼ੁਰੂ ਹੁੰਦੀ ਹੈ। ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਨੇ ਆਪਣੀ ਪਹਿਲੀ ਉਦਾਸੀ 1504 ਈ: ਵਿਚ ਸ਼ੁਰੂ ਕੀਤੀ। ਪੂਰਬ ਦੀ ਯਾਤਰਾ ਤੋਂ ਬਾਅਦ ਉਨ੍ਹਾਂ ਨੇ ਨਾਲ ਹੀ ਦੱਖਣ ਦੀ ਉਦਾਸੀ ਸ਼ੁਰੂ ਕਰ ਲਈ। ਸ੍ਰੀਲੰਕਾ ਤੱਕ ਪਹੁੰਚੇ ਅਤੇ ਬਾਰ੍ਹੀਂ ਸਾਲੀਂ ਘਰ ਪਰਤੇ। ਗੁਰੂ ਨਾਨਕ ਨੇ ਆਪਣੀਆਂ ਚਾਰ ਉਦਾਸੀਆਂ ਵਿਚ ਪੂਰਬ, ਦੱਖਣ, ਉੱਤਰ ਤੇ ਪੱਛਮ ਵਿਚ ਨੌਾ-ਖੰਡ ਪਿ੍ਥਵੀ ਦਾ ਭਰਮਣ ਕੀਤਾ। ਉਨ੍ਹਾਂ ਦਾ ਲਕਸ਼ ਧਰਤੀ ਜਿੱਤਣਾ ਨਹੀਂ ਸੀ, ਸਗੋਂ ਧਰਤੀ ਉੱਤੇ ਛਾਈ ਕੂੜ-ਅਮਾਵਸ ਦੀ ਰਾਤ ਵਿਚ ਸੱਚ-ਚੰਦਰਮਾ ਦਾ ਪ੍ਰਕਾਸ਼ ਕਰਨਾ ਸੀ।
ਬਾਬਰ ਨੇ ਤਲਵਾਰ ਨਾਲ ਦੁਨੀਆ ਜਿੱਤੀ, ਗੁਰੂ ਨਾਨਕ ਨੇ ਰਬਾਬ ਨਾਲ। ਬਾਬਰ ਜਿਥੋਂ ਲੰਘ ਜਾਂਦਾ ਸੀ, ਲਹੂ ਡੁੱਲ੍ਹਦਾ ਤੇ ਲਾਟਾਂ ਨਿਕਲਦੀਆਂ ਸਨ। ਪਰ ਬਾਬਾ ਜਿਥੇ ਚਰਨ ਧਰਦਾ ਸੀ, ਪੂਜਾ ਦਾ ਅਸਥਾਨ ਬਣ ਜਾਂਦਾ ਸੀ।
‘ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ |’ (ਭਾਈ ਗੁਰਦਾਸ)
ਦੂਜੇ ਪਾਸੇ ਜਿੰਨਾ ਚਿਰ ਸ਼ੈਬਾਨੀ ਖਾਨ ਜ਼ਿੰਦਾ ਸੀ, ਬਾਬਰ ਦਾ ਰਾਜ ਪੱਕਾ ਤੇ ਸੁਰੱਖਿਅਤ ਨਹੀਂ ਹੋ ਸਕਦਾ ਸੀ। ਬਾਬਰ ਨੇ ਸ਼ੈਬਾਨੀ ਖਾਨ ਦੇ ਖਿਲਾਫ਼ ਈਰਾਨ ਦੇ ਸ਼ਾਹ ਇਸਮਾਈਲ ਨਾਲ ਸਮਝੌਤਾ ਕੀਤਾ। ਬਾਬਰ ਨੂੰ ਇਸ ਸਮਝੌਤੇ ਦੀ ਭਾਰੀ ਕੀਮਤ ਦੇਣੀ ਪਈ। ਸਾਰਾ ਈਰਾਨ ਉਦੋਂ ਵੀ ਸ਼ੀਆ ਸੀ ਅਤੇ ਅੱਜ ਵੀ ਸ਼ੀਆ ਹੈ। ਸ਼ਾਹ ਇਸਮਾਈਲ ਵੱਲੋਂ ਲਾਈ ਸ਼ਰਤ ਅਨੁਸਾਰ ਬਾਬਰ ਨੇ ਸੁੰਨੀ ਧਰਮ ਛੱਡ ਕੇ ਸ਼ੀਆ ਪੰਥ ਧਾਰਨ ਕਰ ਲਿਆ। ਸ਼ਾਹ ਇਸਮਾਈਲ ਦੀ ਫੌਜ ਨੇ ਸ਼ੈਬਾਨੀ ਖਾਨ ਨੂੰ ਮਾਰ ਦਿੱਤਾ ਅਤੇ ਬਾਬਰ ਦੀ ਭੈਣ ਖਾਨਜ਼ਾਦਾ ਬੇਗ਼ਮ ਬਾਬਰ ਦੇ ਹਵਾਲੇ ਕੀਤੀ। ਖਾਨਜ਼ਾਦਾ ਬੇਗ਼ਮ ਦਸ ਸਾਲ ਸ਼ੈਬਾਨੀ ਦੇ ਕਬਜ਼ੇ ਵਿਚ ਰਹੀ। ਧਨ ਧਾਮ ਦੇ ਲੋਭ ਤੇ ਹਊਮੈ ਦੀ ਪੂਰਤੀ ਲਈ ਬੰਦਾ ਕੀ ਕੁਝ ਨਹੀਂ ਕਰਦਾ?
ਸ਼ੈਬਾਨੀ ਦਾ ਖ਼ਤਰਾ ਟਲ ਗਿਆ ਤਾਂ ਬਾਬਰ ਨੇ ਹਿੰਦੁਸਤਾਨ ਨੂੰ ਜਿੱਤਣ ਦੀ ਵਿਉਂਤ ਬਣਾਈ। ਬਾਬਰ ਦੇ ਹਮਲਿਆਂ ਤੋਂ ਗੁਰੂ ਨਾਨਕ ਅਤੇ ਬਾਬਰ ਦੇ ਅਸਲ ਸਬੰਧਾਂ ਦਾ ਪਤਾ ਲੱਗਦਾ ਹੈ। ਬਾਬਰ ਨੇ 1519 ਤੋਂ ਲੈ ਕੇ 1526 ਈ: ਤੱਕ ਭਾਰਤ ‘ਤੇ ਲਗਾਤਾਰ 5 ਹਮਲੇ ਕੀਤੇ। ਗੁਰੂ ਨਾਨਕ ਨੇ ਬਾਬਰ ਬਾਣੀ ਵਿਚ ਇਨ੍ਹਾਂ ਹਮਲਿਆਂ ਦੀ ਤਬਾਹੀ ਦਾ ਵਰਨਣ ਕੀਤਾ ਹੈ।
ਗੁਰੂ ਨਾਨਕ ਬਾਬਰ ਦੇ ਹਮਲਿਆਂ ਦੇ ਪਹਿਲੇ ਭਾਰਤੀ ਇਤਿਹਾਸਕਾਰ ਸਨ। ਜ਼ਿਆਦਾਤਰ ਵਿਦਵਾਨ ਬਾਬਰ ਬਾਣੀ ਦੇ ਚਹੁੰਆਂ ਸ਼ਬਦਾਂ ਨੂੰ ਸੈਦਪੁਰ (ਐਮਨਾਬਾਦ) ਦੇ ਕਤਲੇਆਮ ਦਾ ਪ੍ਰਤੀਕਰਮ ਹੀ ਦੱਸਦੇ ਹਨ। ਪਰ ਇਹ ਸ਼ਬਦ ਬਾਬਰ ਦੇ ਵੱਖ-ਵੱਖ ਹਮਲਿਆਂ ਬਾਰੇ ਵੱਖ-ਵੱਖ ਸਮੇਂ ਉਚਾਰੇ ਗਏ ਸਨ। ਕਹਿੰਦੇ ਹਨ ‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦੁ ਕਾ ਚੇਲਾ¨’ ਵਾਲੀਆਂ ਤੁਕਾਂ ਗੁਰੂ ਜੀ ਨੇ ਬਾਬਰ ਦੇ ਹਮਲਿਆਂ ਤੋਂ ਢੇਰ ਚਿਰ ਪਿੱਛੋਂ ਕਰਤਾਰਪੁਰ ਲਿਖੀਆਂ। ਉਦੋਂ ਤੱਕ ਬਾਬਰ ਦੇ ਚਾਰ-ਸਾਲਾ ਰਾਜ (1526-1530) ਦਾ ਹੀਜ-ਪਿਆਜ ਸਾਹਮਣੇ ਆ ਚੁੱਕਾ ਸੀ। ਬਾਬਰ ਤੋਂ ਬਾਅਦ ਹਮਾਯੂੰ ਦਸਾਂ ਸਾਲਾਂ ਵਿਚ ਵੀ ਆਪਣਾ ਰਾਜ ਸਥਿਰ ਨਹੀਂ ਸੀ ਕਰ ਸਕਿਆ। ਬੰਗਾਲ ਅਤੇ ਬਿਹਾਰ ਦੇ ਪਠਾਣ ਸ਼ਾਸਕ ਸ਼ੇਰ ਸ਼ਾਹ ਸੂਰੀ ਦੀ ਅਗਵਾਈ ਵਿਚ ਹਮਾਯੂੰ ‘ਤੇ ਗਾਲਿਬ ਆ ਰਹੇ ਸਨ।
ਆਖਿਰ 1540 ਈ. ਵਿਚ ਉਹ ਹਿੰਦੁਸਤਾਨ ਨੂੰ ਛੱਡ ਕੇ ਈਰਾਨ ਦੇ ਬਾਦਸ਼ਾਹ ਦੀ ਸ਼ਰਨ ਵਿਚ ਚਲਾ ਗਿਆ। ਗੁਰੂ ਨਾਨਕ ਆਪਣੇ ਸਮੇਂ ਦੇ ਬੜੇ ਪ੍ਰਬੁੱਧ ਅਤੇ ਜਾਗਰੂਕ ਨਿਰੀਖਕ ਸਨ। ਉਨ੍ਹਾਂ ਨੂੰ ਕੇਵਲ ਭਾਰਤ ਦੀ ਰਾਜਨੀਤੀ ਦਾ ਹੀ ਨਹੀਂ, ਸਗੋਂ ਇਰਾਨ, ਖੁਰਾਸਾਨ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਦਾ ਵੀ ਪੂਰਾ ਗਿਆਨ ਸੀ। ‘ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ¨’ ਦਾ ਅਰਥ ਕਈ ਵਿਦਵਾਨ ‘ਖੁਰਾਸਾਨ ਨੂੰ ਜਿੱਤ ਕੇ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ’ ਕਰਦੇ ਹਨ, ਪਰ ਗੁਰੂ ਨਾਨਕ ਨੂੰ ਪਤਾ ਸੀ ਕਿ ਬਾਬਰ ਖੁਰਾਸਾਨ ਨੂੰ ਨਹੀਂ ਜਿੱਤ ਸਕਿਆ। ਇਸ ਲਈ ਅਕਾਲ ਪੁਰਖ ਨੂੰ ਉਲਾਹਮਾ ਦਿੰਦੇ ਹਨ ਕਿ ਤੁਸੀਂ ਖੁਰਾਸਾਨ ਦੀ ਤਾਂ ਰੱਖਿਆ ਕੀਤੀ (ਖਸਮਾਨਾ ਕੀਆ) ਪਰ ਹਿੰਦੁਸਤਾਨ ਉੱਤੇ ‘ਜਮੁ ਕਰਿ ਮੁਗਲ ਚੜਾਇਆ¨’… ‘ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦੁ ਕਾ ਚੇਲਾ¨’ ਭਾਵ ਮੁਗ਼ਲ 1578 ਬਿਕਰਮੀ (1521 ਈ:) ਵਿਚ ਆਉਣਗੇ ਤੇ 1597 ਬਿਕਰਮੀ (1540 ਈ:) ਵਿਚ ਹਿੰਦੁਸਤਾਨ ਤੋਂ ਚਲੇ ਜਾਣਗੇ ਅਤੇ ਇਕ ਹੋਰ ਸੂਰਮਾ ਮਨੁੱਖ (ਸ਼ੇਰ ਸ਼ਾਹ ਸੂਰੀ) ਉੱਭਰ ਕੇ ਸਾਹਮਣੇ ਆਏਗਾ।
ਇਹ ਗੁਰੂ ਨਾਨਕ ਦਾ ਕੋਈ ਕਰਾਮਾਤੀ ਵਾਕ ਜਾਂ ਭਵਿੱਖਬਾਣੀ ਨਹੀਂ ਸੀ। ਹਿੰਦੁਸਤਾਨ ਦੇ ਰਾਜਨੀਤਕ ਹਾਲਾਤ ਦਾ ਇਕ ਜਾਇਜ਼ਾ ਸੀ, ਜੋ ਸਹੀ ਸਾਬਤ ਹੋਇਆ। ਬਾਬਾ ਨਾਨਕ ਨੇ ਆਪਣੇ ਸਮੇਂ ਦੇ ਹਾਲਾਤ ਦਾ ਸਹੀ ਮੁਲਾਂਕਣ ਕੀਤਾ |
ਬਾਬਰ ਦੀ ਹਮੇਸ਼ਾ ਇਹ ਖਾਹਿਸ਼ ਰਹੀ ਕਿ ਮੈਂ ਇਕ ਵੱਡਾ ਅਜ਼ੀਮ ਬਾਦਸ਼ਾਹ ਬਣਾਂ। ਜਦੋਂ ਸਮਰਕੰਦ ‘ਚੋਂ ਸੁਰੱਖਿਅਤ ਨਿਕਲਣ ਦੇ ਬਦਲੇ ਸ਼ੈਬਾਨੀ ਖਾਨ ਨੇ ਬਾਬਰ ਦੀ ਭੈਣ ਦਾ ਡੋਲਾ ਮੰਗ ਲਿਆ ਤਾਂ ਬਾਬਰ ਬੜਾ ਤਿਲਮਿਲਾਇਆ। ਪਰ ਉਸ ਦੀ ਦੂਰਅੰਦੇਸ਼ ਨਾਨੀ ਏਸਾਨ ਦੌਲਤ ਨੇ ਸਮਝਾਇਆ-ਜੇ ਅਸੀਂ ਸ਼ੈਬਾਨੀ ਖਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਹੁਣੇ ਐਥੇ ਸਾਰੇ ਮਾਰੇ ਜਾਵਾਂਗੇ ਅਤੇ ਤੇਰੀ ਅਜ਼ੀਮ ਬਾਦਸ਼ਾਹ ਬਣਨ ਦੀ ਤਮੰਨਾ ਵੀ ਮਰ ਜਾਏਗੀ। ਬਾਬਰ ਨੇ ਆਪਣੀ ਭੈਣ ਸ਼ੈਬਾਨੀ ਖਾਂ ਦੇ ਹਵਾਲੇ ਕਰ ਦਿੱਤੀ। …ਜਦੋਂ ਬਾਬਰ ਨੇ ਸ਼ਾਹ ਈਰਾਨ ਨਾਲ ਸਮਝੌਤਾ ਕੀਤਾ ਤਾਂ ਉਸ ਨੇ ਬਾਬਰ ਦਾ ਧਰਮ ਮੰਗ ਲਿਆ। ਬਾਬਰ ਇਕਦਮ ਸੁੰਨੀ ਤੋਂ ਸ਼ੀਆ ਹੋ ਗਿਆ। ਭਾਵ ਇਹ ਕਿ ਬਾਬਰ ਨੇ ਧਨ ਧਰਤੀ ਦੀ ਦੁਨਿਆਵੀ ਬਾਦਸ਼ਾਹੀ ਹਾਸਲ ਕਰਨ ਲਈ ਆਪਣੀ ਅਣਖ ਤੇ ਧਰਮ ਦੀ ਕੁਰਬਾਨੀ ਦੇਣ ਲਈ ਜ਼ਰਾ ਵੀ ਦੇਰ ਨਹੀਂ ਲਾਈ।
ਗੁਰੂ ਨਾਨਕ ਦੀ ਪਾਤਸ਼ਾਹੀ ਨਿੱਜੀ ਖਾਹਿਸ਼ਾਂ ਪੂਰੀਆਂ ਕਰਨ ਲਈ ਕਿਸੇ ਦਾ ਧਨ, ਧਰਤੀ ਜਾਂ ਸਿਰ ਨਹੀਂ ਮੰਗਦੀ, ਸਗੋਂ ਸਰਬੱਤ ਦੇ ਭਲੇ ਲਈ ਸੱਚ, ਨਿਆਂ, ਸਮਾਨਤਾ ਅਤੇ ਧਰਮ ਦਾ ਰਾਜ ਸਥਾਪਿਤ ਕਰਨ ਲਈ ਸਿਰ ਵਾਰਨ ਲਈ ਵੰਗਾਰਦੀ ਹੈ : ‘ਜਉ ਤਉ ਪ੍ਰੇਮ ਖੇਲਣ ਕਾ ਚਾਉ¨ ਸਿਰੁ ਧਰਿ ਤਲੀ ਗਲੀ ਮੇਰੀ ਆਉ¨’ ਗੁਰੂ ਨਾਨਕ ਨੇ ਹੱਕ, ਸੱਚ ਤੇ ਧਰਮ ਦਾ ਬੋਲਬਾਲਾ ਕਰਨ ਲਈ ਨਿਰਭੈ ਯੋਧੇ ਪੈਦਾ ਕੀਤੇ, ਜਿਨ੍ਹਾਂ ਦਾ ਪ੍ਰਣ ਸੀ : ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ |
ਪੰਜ ਸੌ ਸਾਲ ਤੋਂ ਗੁਲਾਮੀ ਭੋਗ ਰਹੇ ਭਾਰਤੀਆਂ ਦੀ ਅਣਖ ਨੂੰ ਜਗਾਉਣ ਲਈ ਗੁਰੂ ਨਾਨਕ ਕਹਿੰਦੇ ਹਨ : ਜੇ ਜੀਵੈ ਪਤਿ ਲਥੀ ਜਾਇ¨ ਸਭ ਹਰਾਮ ਜੇਤਾ ਕਿਛੁ ਖਾਇ¨
ਗੁਰੂ ਨਾਨਕ ਨੇ ਨਵੇਂ ਮਨੁੱਖ ਅਤੇ ਨਵੇਂ ਯੁੱਗ ਦੀ ਸਿਰਜਨਾ ਕੀਤੀ। ਭਾਈ ਗੁਰਦਾਸ ਲਿਖਦੇ ਹਨ : ਮਾਰਿਆ ਸਿਕਾ ਜਗਤਿ੍ ਵਿਚਿ ਨਾਨਕ ਨਿਰਮਲ ਪੰਥ ਚਲਾਇਆ | …ਗੁਰੂ ਅਰਜਨ ਦੇਵ ਜੀ ਦਾ ਫ਼ਰਮਾਨ ਹੈ : ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ¨
ਇਹ ਵੀ ਪੜ੍ਹੋ : ਵਹਿਮਾਂ-ਭਰਮਾਂ ਤੇ ਪਾਖੰਡਾਂ ਤੋਂ ਦੂਰ ਰਹਿ ਕੇ ਸੱਚਾ-ਸੁੱਚਾ ਜੀਵਨ ਬਿਤਾਉਣ ਨਾਲ ਹੀ ਮਿਲ ਸਕਦੀ ਹੈ ਮੁਕਤੀ
ਸਾਡੇ ਕੁਝ ਪੁਰਾਣੇ ਗ੍ਰੰਥਾਂ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਨੇ ਬਾਬਰ ਨੂੰ ਸੱਤ ਬਾਦਸ਼ਾਹੀਆਂ ਦਾ ਵਰ ਦਿੱਤਾ। ਗੁਰੂ ਨਾਨਕ ਤਾਂ ਆਪਣੀ ਬਾਣੀ ਵਿਚ ਬਾਬਰ ਨੂੰ ‘ਪਾਪ ਕੀ ਜੰਞ’ ਦਾ ਲਾੜਾ ਕਹਿੰਦੇ ਹਨ ਅਤੇ ਬਾਬਰ ਦੇ ਉੱਤਰ-ਅਧਿਕਾਰੀਆਂ ਨੇ ਗੁਰੂ ਨਾਨਕ ਦੀ ਪੰਜਵੀਂ ਅਤੇ ਨੌਵੀਂ ਜੋਤ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਗੁਰੂ ਨਾਨਕ ਅਜਿਹੇ ਬਾਬਰਾਂ-ਜਾਬਰਾਂ ਨੂੰ ਸੱਤ ਬਾਦਸ਼ਾਹੀਆਂ ਦੀ ਅਸੀਸ ਕਿਵੇਂ ਦੇ ਸਕਦੇ ਹਨ।
ਬਾਬਰ ਦੀ ਬਾਦਸ਼ਾਹੀ (1526-1857 ਈ:) 331 ਸਾਲ ਚੱਲ ਕੇ ਸਮਾਪਤ ਹੋ ਗਈ | ਪਰ ਗੁਰੂ ਨਾਨਕ ਦੀ ਪਾਤਸ਼ਾਹੀ ਅੱਜ ਵੀ ਜਾਰੀ ਹੈ ਅਤੇ ਉਦੋਂ ਤੱਕ ਕਾਇਮ ਰਹੇਗੀ, ਜਦੋਂ ਤੱਕ ਗੁਰੂ ਨਾਨਕ ਨਾਮ-ਲੇਵਾ ਗੁਰੂ ਵੱਲੋਂ ਦਰਸਾਏ ਰਾਹ ਉੱਤੇ ਚੱਲਦੇ ਰਹਿਣਗੇ-
ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ|