Bhai Dulat Ji returned empty handed : ਸ੍ਰੀ ਗੁਰੂ ਹਰਿਰਾਏ ਜੀ ਦੇ ਸਮੇਂ ’ਤੇ ਕੀਰਤਪੁਰ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਬਹੁਤ ਸਾਰੀ ਜ਼ਮੀਨ ਲੰਗਰ ਵਿੱਚ ਅਨਾਜ ਦੀ ਆਪੂਰਤੀ ਲਈ ਖਰੀਦ ਲਈ ਗਈ ਸੀ। ਇਸ ਤੋਂ ਇਲਾਵਾ ਕੁਝ ਜ਼ਮੀਨ ਗੁਰੂ ਜੀ ਨੂੰ ਆਪਣੀ ਇੱਛਾ ਨਾਲ ਕੁਝ ਵੱਡੇ ਜ਼ਿੰਮੀਂਦਾਰਾਂ ਨੇ ਸਮਰਪਿਤ ਕਰ ਦਿੱਤੀ ਸੀ। ਇਸ ਲਈ ਗੁਰੂ ਜੀ ਇਸ ਜ਼ਮੀਨ ਦੇ ਖੇਤਰ ਨੂੰ ਕਿਸਾਨਾਂ ਨੂੰ ਬਟਵਾਰੇ ਵਿੱਚ ਬੋਣ ਲਈ ਦੇ ਦਿੰਦੇ ਸਨ।
ਇੱਕ ਵਾਰ ਫਸਲ ਪੱਕ ਕੇ ਤਿਆਰ ਹੋ ਗਈ ਬਟਵਾਰੇ ਦਾ ਅਨਾਜ ਪ੍ਰਾਪਤ ਕਰਣ ਲਈ ਸ੍ਰੀ ਹਰਿਰਾਏ ਜੀ ਨੇ ਭਾਈ ਕਾਲੇ ਦੁਲਟ ਨੂੰ ਭੇਜਿਆ। ਉਨ੍ਹਾਂ ਨੇ ਗੁਰੂ ਆਦੇਸ਼ ਦੇ ਅਨੁਸਾਰ ਕਿਸਾਨਾਂ ਕੋਲੋਂ ਆਪਣੇ ਹਿੱਸੇ ਦਾ ਅਨਾਜ ਪ੍ਰਾਪਤ ਕਰ ਲਿਆ ਪਰ ਉੱਥੇ ਕੁਝ ਨਿਮਨ ਵਰਗ ਦੇ ਮਜ਼ਦੂਰ ਅਤੇ ਮੰਗਤੇ ਆਦਿ ਲੋਕ ਇਕੱਠੇ ਹੋ ਗਏ ਅਤੇ ਉਹ ਗੁਰੂ ਦੇ ਨਾਮ ਦੀ ਦੁਹਾਈ ਦੇਣ ਲੱਗੇ। ਉਨ੍ਹਾਂ ਸਾਰਿਆਂ ਦਾ ਕਹਿਣਾ ਸੀ ਕਿ ਸਾਨੂੰ ਵੀ ਨਵੀਂ ਫਸਲ ਉੱਤੇ ਗੁਰੂ–ਘਰ ਵਲੋਂ ਸਹਾਇਤਾ ਦੇ ਰੂਪ ਵਿੱਚ ਅਨਾਜ ਦਿੱਤਾ ਜਾਂਦਾ ਰਿਹਾ ਹੈ। ਇਸ ਲਈ ਹੁਣ ਵੀ ਅਨਾਜ ਨਾਲ ਆਰਥਿਕ ਸਹਾਇਤਾ ਕੀਤੀ ਜਾਵੇ।
ਇਸ ’ਤੇ ਭਾਈ ਕਾਲੇ ਦੁਲਟ ਨੇ ਗੁਰੂ ਦੇ ਨਾਮ ਦੀ ਗੁਹਾਰ ਨੂੰ ਸਵੀਕਾਰ ਕਰਦੇ ਹੋਏ ਅਨਾਜ ਵੰਡਣਾ ਸ਼ੁਰੂ ਕਰ ਦਿੱਤਾ। ਵੇਖਦੇ ਹੀ ਵੇਖਦੇ ਸਾਰਾ ਹੀ ਅਨਾਜ ਵੰਡਿਆ ਗਿਆ। ਉਹ ਖਾਲੀ ਹੱਥ ਪਰਤ ਆਏ। ਜਦੋਂ ਖਾਲੀ ਹੱਥ ਪਰਤਣ ਦਾ ਕਾਰਨ ਗੁਰੁ ਜੀ ਨੇ ਉਸ ਤੋਂ ਪੁੱਛਿਆ ਤਾਂ ਭਾਈ ਕਾਲੇ ਦੁਲਟ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਹਜ਼ੂਰ ਜੇਕਰ ਮੈਂ ਅਨਾਜ ਢੁਲਾਈ ਕਰਕੇ ਇੱਥੇ ਲਿਆਂਦਾ ਤਾਂ ਤੁਸੀਂ ਵੀ ਉਸਨੂੰ ਲੰਗਰ ਦੇ ਰੂਪ ਵਿੱਚ ਵੰਡਣਾ ਹੀ ਸੀ। ਇਸ ਲਈ ਮੈਂ ਸੋਚਿਆ ਉੱਥੇ ਵੰਡਣ ਨਾਲੋਂ ਢੁਲਾਈ, ਪਿਸਾਈ ਅਤੇ ਪਕਾਉਣ ਦੇ ਕਸ਼ਟ ਤੋਂ ਬਚਿਆ ਜਾ ਸਕਦਾ ਹੈ ਸੋ ਮੈਂ ਵੰਡ ਦਿੱਤਾ ਹੈ। ਭਾਈ ਦੁਲਟ ਜੀ ਦੇ ਇਸ ਜਵਾਬ ’ਤੇ ਗੁਰੂ ਹਰਿ ਰਾਏ ਮੁਸਕੁਰਾਉਣ ਲੱਗੇ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।