Bhai Nabi Khan Gani Khan : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੰਘਾਂ ਦੇ ਹੁਕਮਾਂ ਤੋਂ ਬਾਅਦ ਪੋਹ ਦੀ ਰਾਤ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਨਾਲ ਚਮਕੌਰ ਦੀ ਗੜ੍ਹੀ ਛੱਡ ਦਿੱਤੀ। ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਕਿਹਾ, ‘ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਮਿਲਾਂਗੇ, ਧਰੂ ਤਾਰੇ ਦੀ ਸੇਧ ਚਲੇ ਆਉਣਾ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨੇ ਗੁਰੂ ਜੀ ਦੇ ਕਹੇ ਮੁਤਾਬਕ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੰਚ ਗੁਰੂ ਜੀ ਦੀ ਭਾਲ ਸ਼ੁਰੂ ਕਰ ਦਿੱਤੀ। ਸਾਰੇ ਸਿੰਘ ਟਿੱਡ ਦਾ ਸਰਹਾਣਾ ਲੈ ਕੇ ਅਰਾਮ ਕਰ ਰਹੇ ਗੁਰੂ ਜੀ ਨੂੰ ਜੰਡ ਹੇਠਾਂ ਆਣ ਮਿਲੇ। ਦਿਲਾਵਰ ਖਾਂ ਦੀ ਫੌਜ਼ ਨੇ ਮਾਛੀਵਾੜਾ ਸਾਹਿਬ ਦੀ ਘੇਰਾ ਬੰਦੀ ਕੀਤੀ ਹੋਈ ਸੀ। ਦਿੱਲੀਓਂ ਚੱਲਣ ਸਮੇਂ ਦਿਲਾਵਰ ਖਾਂ ਨੇ ਸੁਖਣਾ ਸੁੱਖੀ ਸੀ ਕਿ, ‘ਅੱਲਾ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਟਾਕਰਾ ਨਾ ਕਰਨਾ ਪਵੇ, ਇਸ ਬਦਲੇ ਮੈਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਾਂਗਾ’। ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਅਤੇ ਪੰਜਾਬਾ ਆਪਣੇ ਘਰ ਚੁਬਾਰਾ ਸਾਹਿਬ ਲੈ ਆਏ। ਇਨ੍ਹਾਂ ਦੇ ਘਰੋਂ ਹੀ ਭਾਈ ਨਬੀ ਖਾਂ ਗਨੀ ਖਾਂ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਘਰ ਲੈ ਆਏ ਸਨ। ਭਾਈ ਨਬੀ ਖਾਂ ਗਨੀ ਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ। ਇਨ੍ਹਾਂ ਦੇ ਘਰ ਗੁਰੂ ਸਾਹਿਬ ਨੇ ਦੋ ਦਿਨ ਅਤੇ ਦੋ ਰਾਤ ਦਾ ਵਿਸ਼੍ਰਾਮ ਕੀਤਾ।
ਇਥੋ ਗੁਰੂ ਸਾਹਿਬ ਆਲਮਗੀਰ ਵੱਲ ਜਾਣਾ ਚਾਹੁਦੇ ਸਨ ਪਰ ਫੌਜ ਨੇ ਚਾਰੇ ਪਾਸੇ ਘੇਰਾ ਪਾ ਰੱਖਾ ਸੀ। ਫੌਜ ਦੇ ਘੇਰੇ ਵਿੱਚੋਂ ਨਿਕਲਣ ਲਈ ਗੁਰੂ ਸਾਹਿਬ ਨੇ ਨੀਲੇ ਵਸਤਰ ਪਹਿਨੇ ਅਤੇ ਨਬੀ ਖਾਂ, ਗਨੀ ਖਾਂ ਸਮੇਤ ਬਾਕੀ ਸਿੰਘਾ ਨੂੰ ਵੀ ਨੀਲੇ ਵਸਤਰ ਪਹਿਨਣ ਦਾ ਹੁਕੁਮ ਕੀਤਾ। ਸ਼ਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਉਂਤ ਉੱਚ ਦੇ ਪੀਰ ਬਣਕੇ ਬਣਾਈ ਗਈ ਸੀ, ਕਿਉਂਕਿ ਅੱਜ ਵੀ ਬਹਾਵਲਪੁਰ (ਪਾਕਿਸਤਾਨ) ਦੇ ਸਾਰੇ ਸੂਫੀ ਫਕੀਰ ਕੇਸਾਧਾਰੀ ਹਨ ਤੇ ਨੀਲੇ ਕੱਪੜੇ ਪਹਿਨਦੇ ਹਨ। ਸਾਰਿਆਂ ਨੇ ਨੀਲੇ ਕੱਪੜੇ ਪਾ ਗੁਰੂ ਜੀ ਨੂੰ ਪਲੰਗ ’ਤੇ ਬਿਠਾ ਕੇ ਚੱਲ ਪਏ। ਚੌਰ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਕਰ ਰਹੇ ਸਨ ਅਤੇ ਭਾਈ ਨਬੀ ਖਾਂ, ਗਨੀ ਖਾਂ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਪਲੰਗ ਚੁੱਕ ਕੇ ਚੱਲ ਰਹੇ ਸਨ। ਉਹ ਅਜੇ ਲਗਭਗ ਦੋ ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ। ਦਿਲਾਵਰ ਖਾਂ ਨੇ ਪੁੱਛਿਆ, “ਇਹ ਕੌਣ ਹਨ। ਕਿੱਥੇ ਚੱਲੇ ਹਨ।” ਭਾਈ ਨਬੀ ਖਾਂ ਬੋਲਿਆਂ, ਸਾਡੇ ਉੱਚ ਦੇ ਪੀਰ ਹਨ, ਪਵਿੱਤਰ ਅਸਥਾਨਾਂ ਦੀ ਜਹਾਰਤ ਕਰ ਰਹੇ ਹਨ। ਸਵੇਰ ਦਾ ਵਕਤ ਸੀ। ਦਿਲਾਵਰ ਖਾਂ ਨੇ ਕਿਹਾ, ਤੁਹਾਡੇ ਉੱਚ ਦੇ ਪੀਰ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ। ਜੇਕਰ ਇਹ ਅਸਲ ਵਿੱਚ ਉੱਚ ਦੇ ਪੀਰ ਹਨ ਤਾਂ ਸਾਡੇ ਨਾਲ ਖਾਣਾ ਖਾਣ। ਭਾਈ ਨਬੀ ਖਾਂ ਗਨੀ ਖਾਂ ਬੋਲੇ, ਪੀਰ ਜੀ ਤਾਂ ਰੋਜ਼ੇ ’ਤੇ ਹਨ। ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਗੇ।
ਦਸ਼ਮੇਸ਼ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਕਿਹਾ, ਤੁਸੀਂ ਤਾਂ ਰੋਜ਼ੇ ਦੇ ਬਹਾਨੇ ਬੱਚ ਗਏ, ਸਾਡਾ ਕੀ ਬਣੇਗਾ ? ਗੁਰੂ ਜੀ ਨੇ ਆਪਣੇ ਕਮਰਕੱਸੇ ਵਿੱਚੋਂ ਛੋਟੀ ਕਿਰਪਾਨ (ਕਰਦ) ਭਾਈ ਦਇਆ ਸਿੰਘ ਨੂੰ ਦਿੱਤੀ ਕਿ ਇਸ ਨੂੰ ਖਾਣੇ ਵਿੱਚ ਫੇਰ ਲੈਣਾ, ਖਾਣਾ ਦੇਗ ਬਣ ਜਾਵੇਗਾ। ‘ਤਉ ਪ੍ਰਸਾਦਿ ਭਰਮ ਕਾ ਨਾਸ ਛੱਪੇ ਛੰਦ ਲਗੇ ਰੰਗ’ ਵਾਹਿਗੁਰੂ ਕਿਹ ਕੇ ਛੱਕ ਲੈਣਾ। ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆਂ ਤਾਂ ਭਾਈ ਦਇਆ ਸਿੰਘ ਨੇ ਕਰਦ (ਕ੍ਰਿਪਾਨ) ਕੱਢਕੇ ਖਾਣੇ ਵਿੱਚ ਫੇਰੀ।ਦਿਲਾਵਰ ਖਾਂ ਜਰਨੈਲ ਬੋਲਿਆਂ ਇਹ ਕੀ ਕਰ ਰਹੇ ਹੋ ਤਾਂ ਭਾਈ ਨਬੀ ਖਾਂ ਬੋਲੇ, ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾਂ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਭੇਂਟ ਜਰੂਰ ਕਰੋ ।
ਸ਼ਨਾਖਤੀ ਲਈ ਕਾਜ਼ੀ ਨੂਰ ਮਹੁੰਮਦ (ਜੋ ਗੁਰੂ ਜੀ ਦਾ ਮਿੱਤਰ ਸੀ) ਨੂੰ ਨਾਲ ਦੇ ਪਿੰਡ ਨੂਰਪੁਰ ਤੋਂ ਬੁਲਾਇਆ ਗਿਆ। ਕਾਜ਼ੀ ਨੂਰ ਮੁਹੰਮਦ ਨੇ ਆ ਕੇ ਦਿਲਾਵਰ ਖਾਂ ਨੂੰ ਕਿਹਾ, ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ’ਤੇ ਕੋਈ ਬਦ-ਦੁਆ ਨਹੀਂ ਦਿੱਤੀ, ਇਹ ਪੀਰਾਂ ਦੇ ਪੀਰ ਹਨ। ਦਿਲਾਵਰ ਖਾਂ ਨੇ ਸਜਦਾ ਕਰਕੇ ਖਿਮਾਂ ਮੰਗੀ ਅਤੇ ਬਾ-ਇੱਜਤ ਅੱਗੇ ਜਾਣ ਲਈ ਕਿਹਾ। ਸਤਿਗੁਰਾਂ ਨੇ ਕਿਹਾ, ‘ਦਿਲਾਵਰ ਖਾਂ ਤੂੰ ਤਾਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਂਟ ਕਰਨ ਦੀ ਸਖਣਾ ਸੁੱਖੀ ਸੀ ਪੂਰੀ ਕਰੋ।’ ਦਿਲਾਵਰ ਖਾਂ ਦਾ ਨਿਸਚਾ ਪੱਕਾ ਹੋ ਗਿਆ, ਝੱਟ 500 ਮੋਹਰਾਂ ਤੇ ਕੀਮਤੀ ਦੁਸ਼ਾਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆਂ ਤੇ ਭੁੱਲ ਬਖਸ਼ਾਈ।
ਗੁਰੂ ਜੀ ਨੇ ਇਹ ਭੇਟਾਂ ਭਾਈ ਨਬੀ ਖਾਂ ਗਨੀ ਖਾਂ ਨੂੰ ਦੇ ਦਿੱਤੀ ਸੀ। ਦੇਗ ਅਤੇ ਖਾਣੇ ਵਿੱਚ ਕ੍ਰਿਪਾਨ ਭੇਟ ਕਰਨ ਦਾ ਰਿਵਾਜ ਇਸ ਸਥਾਨ (ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ) ਤੋਂ ਚੱਲਿਆ ਹੈ ਜੋ ਕਿਆਮਤ ਤੱਕ ਚੱਲਦਾ ਰਹੇਗਾ। ਇਥੇ ਗੁਰੂ ਜੀ ਨੇ ਜੋ ਪੀਰ ਚਸ਼ਮਾ ਪ੍ਰਕਟ ਕੀਤਾ। ਭਾਈ ਦਇਆ ਸਿੰਘ ਨੇ ਚਸ਼ਮੇ ਦਾ ਜਲ ਗੁਰੂ ਜੀ ਨੂੰ ਰੋਜਾ ਖੋਲਣ ਲਈ ਦਿੱਤਾ। ਇਹ ਚਸ਼ਮਾ ਹੁਣ ਖੂਹ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ। ਗਨੀ ਖਾਂ ਅਤੇ ਨਬੀ ਖਾਂ ਦਾ ਘਰ ਜਿੱਥੇ ਗੁਰੂ ਜੀ 2 ਦਿਨ ਅਤੇ 2 ਰਾਤਾਂ ਲਈ ਰੁਕੇ ਸਨ ਉਥੇ ਹੁਣ ਗੁਰਦੁਆਰਾ ਗਨੀ ਖਾਨ ਨਬੀ ਖਾਨ ਸੁਸੋਭਿਤ ਹੈ। ਗੁਰਦੁਆਰਾ ਕਿਰਪਾਨਭਤ ਸਾਹਿਬ ਗੁਰਦੁਆਰਾ ਗਨੀ ਖਾਨ ਨਬੀ ਖਾਨ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ‘ਤੇ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਵਿਚ ਸਥਿਤ ਹੈ।