Bhai Subeg Singh : ਭਾਈ ਸੁਬੇਗ ਸਿੰਘ ਪਿੰਡ ਜੰਬਰ ਜਿ਼ਲਾ ਲਾਹੌਰ ਦੇ ਰਹਿਣ ਵਾਲੇ ਸਨ । ਉਹ ਬਹੁਤ ਪੜ੍ਹੇ-ਲਿਖੇ ਅਤੇ ਵਿਦਵਾਨ ਸਨ । ਭਾਈ ਸ਼ਾਹਬਾਜ਼ ਸਿੰਘ ਉਨ੍ਹਾਂ ਦੇ ਪੁੱਤਰ ਸਨ। ਸ਼ਹੀਦੀ ਵੇਲੇ ਭਾਈ ਸ਼ਾਹਬਾਜ਼ ਦੀ ਉਮਰ 18 ਸਾਲ ਦੀ ਸੀ । ਭਾਈ ਸੁਬੇਗ ਸਿੰਘ ਸੂਬੇਦਾਰ ਜ਼ਕਰੀਆ ਖਾਂ ਕੋਲ ਨੌਕਰੀ ਕਰਦੇ ਸਨ ਅਤੇ ਨਾਲ-ਨਾਲ ਠੇਕੇਦਾਰੀ ਵੀ ਕਰਦੇ ਸਨ। ਜ਼ਕਰੀਆ ਖਾਂ ਜਦੋਂ ਸਿੱਖਾਂ ਦਾ ਮਲੀਆਮੇਟ ਕਰਨ ਵਿੱਚ ਸਫਲ ਨਾ ਹੋਇਆ ਤਾਂ ਉਸ ਨੇ ਸੰਨ 1733 ਈ.ਵਿੱਚ ਵਿਸਾਖੀ ਵਾਲੇ ਦਿਨ ਭਾਈ ਸੁਬੇਗ ਸਿੰਘ ਦੇ ਹੱਥ “ਨਵਾਬ ਦਾ ਖਿ਼ਤਾਬ” ਅਤੇ ਜਾਗੀਰ ਦੇ ਕੇ ਸਿੱਖਾਂ ਨਾਲ ਸਮਝੌਤੇ ਲਈ ਅੰਮ੍ਰਿਤਸਰ ਭੇਜਿਆ । ਉਹ ਜ਼ਕਰੀਆ ਖਾਂ ਅਤੇ ਸਿੱਖਾਂ ਦੇ ਵਿਚਕਾਰ ਸਮਝੌਤਾ ਕਰਾਉਣ ਵਿੱਚ ਕਾਮਯਾਬ ਰਹੇ। ਜਨਵਰੀ 1746 ਈ . ਨੂੰ ਯਹੀਆ ਖਾਂ ਲਾਹੌਰ ਦਾ ਸੂਬੇਦਾਰ ਬਣਿਆ। ਉਸ ਸਮੇਂ ਭਾਈ ਸੁਬੇਗ ਸਿੰਘ ਤੇ ਸਰਕਾਰੀ ਭੇਦ ਸਿੰਘਾਂ ਨੂੰ ਪਹੁੰਚਾਉਣ ਦਾ ਇਲਜ਼ਾਮ ਲਾ ਦਿੱਤਾ ਗਿਆ । ਇਸ ਮਾਮਲੇ ਵਿਚ ਉਨ੍ਹਾਂ ਦੇ 18 ਸਾਲ ਦੇ ਜਵਾਨ ਪੁੱਤਰ ਸ਼ਾਹਬਾਜ਼ ਸਿੰਘ ਨੂੰ ਵੀ ਲਪੇਟ ਵਿੱਚ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਫੜ ਕੇ ਲਾਹੌਰ ਜੇਲ ਵਿੱਚ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦਲ ਖਾਲਸਾ ਦੇ ਜੰਗੀ ਸਿੰਘ ਹੀ ਕਤਲ ਹੁੰਦੇ ਸਨ ਅਤੇ ਉਨ੍ਹਾਂ ਨੂੰ ਸਰਕਾਰ ਵਲੋ ਬਾਗ਼ੀ ਸਮਝੇ ਜਾਂਦੇ ਸਨ ਪਰ ਇਸ ਵੇਲੇ ਸਿੱਖ ਹੋਣਾ ਹੀ ਜੁਰਮ ਕਰਾਰ ਦਿੱਤਾ ਗਿਆ । ਜਾਨ ਬਚਾਉਣ ਦਾ ਢੰਗ ਇੱਕੋ ਸੀ ਕਿ ਇਸਲਾਮ ਧਾਰਨ ਕਰਨਾ। ਜਿਹੜੇ ਲਾਹੌਰ ਵਿੱਚ ਸ਼ਹਿਰੀ ਜਾ ਸਰਕਾਰੀ ਸਿੱਖ ਫੜੇ ਗਏ, ਉਨ੍ਹਾਂ ਦੇ ਕਤਲ ਦਾ ਹੁਕਮ ਲਖਪਤ ਰਾਏ ਵੱਲੋ ਦਿੱਤਾ ਗਿਆ। ਇਹ ਸੁਣ ਕੇ ਸਾਰੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ।
ਸ਼ਹਿਰ ਦੇ ਪਤਵੰਤੇ ਸੱਜਣ, ਜਿਨ੍ਹਾਂ ਵਿੱਚ ਨਾਮਵਰ ਦੀਵਾਨ ਕੌੜਾ ਮਲ, ਕੁੰਜਾਹੀ ਮੱਲ, ਕਸ਼ਮੀਰੀ ਮੱਲ ਖੁਰਾਣਾ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਸਿੰਘ, ਦਿਲੇ ਰਾਮ, ਹਰੀ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ ਤੇ ਭਾਈ ਦੇਸ ਰਾਜ ਸਨ। ਸਾਰੇ ਮਿਲ ਕੇ ਲਖਪਤ ਕੋਲ ਆਏ ਤੇ ਬੇਨਤੀ ਕਿੱਤੀ ਕਿ ਇਨ੍ਹਾਂ ਅਮਨ ਪਸੰਦ ਬੇਗੁਨਾਹਾ ਸਿੱਖਾਂ ਨੂੰ ਕਤਲ ਨਾ ਕਿੱਤਾ ਜਾਵੇ। ਉਨ੍ਹਾਂ ਲਖਪਤ ਦੇ ਗੁਰੂ ਜਗਤ ਭਗਤ ਮਾਣਕ ਵਾਲੇ ਤੋਂ ਵੀ ਇਹ ਅਖਵਾਇਆ, ਪਰ ਲਖਪਤ ਕਿਸੇ ਦੀ ਨਾ ਮੰਨਿਆ । ਲਖਪਤ ਨੇ ਸਾਰੇ ਸ਼ਹਿਰ ਤੇ ਇਲਾਕੇ ਵਿੱਚ ਇਸ਼ਤਿਹਾਰ ਫੇਰ ਦਿੱਤਾ , ਕਿ ” ਕੋਈ ਆਦਮੀ ਗੁਰੂ ਗ੍ਰੰਥ ਸਾਹਿਬ ਨਾ ਪੜ੍ਹੇ, ਆਮ ਗ੍ਰੰਥ ਨੂੰ ਪੋਥੀ ਕਿਹਾ ਜਾਵੇ, ਕਿਉਂਕਿ ਗ੍ਰੰਥ ਕਹਿਣ ਤੋਂ ਸਿੱਖਾਂ ਦੇ ਧਾਰਮਿਕ ਗ੍ਰੰਥ (ਗੁਰੂ ਗਰੰਥ ਸਾਹਿਬ) ਦੇ ਅਰਥ ਨਿਕਲਦੇ ਹਨ । ਗੁੜ ਨੂੰ ਰੋੜੀ ਜਾ ਭੇਲੀ ਕਿਹਾ ਜਾਵੇ ,ਕਿਉਂਕੀ ਗੁੜ ਕਹਿਣ ਨਾਲ “ਗੁਰੂ” ਦਾ ਚੇਤਾ ਆਉਂਦਾ ਹੈ ‘ਵਾਹਿਗੁਰੂ ‘ ਸ਼ਬਦ ਦਾ ਜਾਪ ਕੋਈ ਨਾ ਕਰੇ । ਹੁਕਮ ਅਦੂਲੀ ਕਰਨ ਵਾਲੇ ਨੂੰ ਕਤਲ ਕਿੱਤਾ ਜਾਵੇਗਾ ਜਾਂ ਮੁਸਲਮਾਨ ਕੀਤਾ ਜਾਵੇਗਾ।
ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਇਸਲਾਮ ਕਬੂਲ ਕਰਨ ਲਈ ਵਾਰ-ਵਾਰ ਕਿਹਾ ਗਿਆ ਪਰ ਉਨ੍ਹਾਂ ਨੇ ਇਸਲਾਮ ਕਬੂਲ ਕਰਨ ਤੋ ਇਨਕਾਰ ਦਿੱਤਾ ਅਤੇ 25 ਮਾਰਚ ਸੰਨ 1746 ਈ. ਵਿੱਚ ਦੋਨਾ ਗੁਰੂ ਕੇ ਲਾਲਾਂ ਨੂੰ ਚਰਖੜੀਆਂ ‘ਤੇ ਚਾੜ ਕੇ ਸ਼ਹੀਦ ਕਰ ਦਿੱਤਾ ਗਿਆ । ਜਿਨ੍ਹਾਂ ਧਰਮ ਲਈ ਆਪਣੀ ਜਾਨ ਦੇ ਦਿੱਤੀ ਪਰ ਸਿੱਖੀ ਨਾ ਛੱਡੀ ਅਜਿਹੇ ਸ਼ਹੀਦਾਂ ਨੂੰ ਕੋਟਿਨ-ਕੋਟਿ ਪ੍ਰਣਾਮ!