Blessing of Guru Harkrishan : ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇੱਕ ਵਾਰ ਦਿੱਲੀ ਪਹੁੰਚੇ। ਉਸ ਵੇਲੇ ਉੱਥੇ ਹੈਜਾ ਰੋਗ ਫੈਲਦਾ ਜਾ ਰਿਹਾ ਸੀ, ਨਗਰ ਵਿੱਚ ਮੌਤਾਂ ਦਾ ਤਾਂਡਵ ਹੋ ਰਿਹਾ ਸੀ। ਥਾਂ-ਥਾਂ ’ਤੇ ਲੋਕਾਂ ਦੀਆਂ ਅਰਥੀਆਂ ਉੱਠ ਰਹੀਆਂ ਸਨ। ਇਸ ਸੰਤਾਪ ਤੋਂ ਬਚਣ ਲਈ ਲੋਕਾਂ ਨੇ ਤੁਰੰਤ ਗੁਰੂ ਚਰਣਾਂ ਵਿੱਚ ਸ਼ਰਣ ਲਈ ਅਤੇ ਇਸ ਮਹਾਮਾਰੀ ਤੋਂ ਮੁਕਤੀ ਦਿਵਾਉਣ ਦੀ ਬੇਨਤੀ ਕੀਤੀ। ਗੁਰੂ ਜੀ ਤਾਂ ਜਿਵੇਂ ਮਨੁੱਖ ਕਲਿਆਣ ਲਈ ਹੀ ਪੈਦਾ ਹੋਏ ਸਨ। ਉਨ੍ਹਾਂ ਦਾ ਕੋਮਲ ਹਿਰਦਾ ਲੋਕਾਂ ਨੂੰ ਇਸ ਤਰ੍ਹਾਂ ਬਿਲਕਦੇ ਦੇਖ ਪਿਘਲ ਗਿਆ। ਗੁਰੂ ਜੀ ਨੇ ਸਾਰੇ ਲੋਕਾਂ ਨੂੰ ਭਰਾਸ ਦਿਵਾਇਆ ਕਿ ਕਰਤਾਰ ਸਭ ਠੀਕ ਕਰ ਦਿਏਗਾ।
ਗੁਰੂ ਜੀ ਨੇ ਅਕਾਲ ਪੁਰਖ ਦੀ ਅਰਦਾਸ ਕਰਕੇ ਪਾਣੀ ਤਿਆਰ ਕਰਕੇ ਲੋਕਾਂ ਨੂੰ ਪੀਣ ਲਈ ਦਿੱਤਾ। ਸਾਰੇ ਰੋਗੀਆਂ ਨੇ ਸ਼ਰਧਾਪੂਰਵਕ ਗੁਰੂ ਜੀ ਦੇ ਕਰ–ਕਮਲਾਂ ਤੋਂ ਪਾਣੀ ਪੀ ਲਿਆ ਤੇ ਸਾਰੇ ਤੰਦੁਰੁਸਤ ਹੋ ਗਏ। ਇਸ ਪ੍ਰਕਾਰ ਰੋਗੀਆਂ ਦਾ ਗੁਰੂ ਦਰਬਾਰ ਵਿੱਚ ਤਾਂਤਾ ਲੱਗਣ ਲਗਾ। ਇਹ ਦੇਖ ਕੇ ਗੁਰੂ ਜੀ ਦੇ ਨਿਵਾਸ ਸਥਾਨ ਦੇ ਨਜ਼ਦੀਕ ਇੱਕ ਬਾਉੜੀ ਤਿਆਰ ਕੀਤੀ ਗਈ, ਜਿਸ ਵਿੱਚ ਗੁਰੂਦੇਵ ਜੀ ਦੁਆਰਾ ਅਕਾਲ ਪੁਰਖ ਦੀ ਅਰਦਾਸ ਨਾਲ ਤਿਆਰ ਪਾਣੀ ਪਾ ਦਿੱਤਾ ਜਾਂਦਾ, ਜਿਸ ਨੂੰ ਪੀ ਕੇ ਲੋਕਾਂ ਦੇ ਸਰੀਰ ਦੇ ਰੋਗ ਠੀਕ ਹੋਣ ਲੱਗੇ। ਜਿਵੇਂ ਹੀ ਹੈਜੇ ਦਾ ਕਹਿਰ ਖ਼ਤਮ ਹੋਇਆ, ਚੇਚਕ ਰੋਗ ਨੇ ਬੱਚਿਆਂ ਨੂੰ ਘੇਰ ਲਿਆ। ਇਸ ਸੰਕ੍ਰਾਮਿਕ ਰੋਗ ਨੇ ਭਿਆਨਕ ਰੂਪ ਧਾਰਣ ਕਰ ਲਿਆ। ਮਾਵਾਂ ਆਪਣੇ ਬੱਚਿਆਂ ਨੂੰ ਆਪਣੀ ਅੱਖੀਂ ਮੌਤ ਦੇ ਮੂੰਹ ਵਿੱਚ ਜਾਂਦਿਆਂ ਨਹੀਂ ਦੇਖ ਸਕਦੀਆਂ ਸਨ।
ਗੁਰੂ ਘਰ ਦੀ ਵਡਿਆਈ ਨੇ ਸਾਰੇ ਦਿੱਲੀ ਨਿਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਗੁਰੂ ਹਰਕ੍ਰਿਸ਼ਨ ਜੀ ਦੇ ਦਰ ਉੱਤੇ ਖੜਾ ਕਰ ਦਿੱਤਾ। ਇਸ ਵਾਰ ਨਗਰ ਦੇ ਹਰ ਸ਼੍ਰੇਣੀ ਅਤੇ ਹਰ ਇੱਕ ਸੰਪ੍ਰਦਾਏ ਦੇ ਲੋਕ ਸਨ। ਲੋਕਾਂ ਦੀ ਸ਼ਰਧਾ ਰੰਗ ਲਿਆਈ ਤੇ ਰੋਗੀ ਠੀਕ ਹੁੰਦੇ ਰਹੇ। ਗੁਰੂ ਘਰ ਵਿੱਚ ਸਵੇਰ ਤੋਂ ਹੀ ਰੋਗੀਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਤੇ “ਸੇਵਾਦਾਰ ਸੱਚੇ ਮਨ ਵਲੋਂ ਚਰਨਾਮਤ ਰੋਗੀਆਂ” ਵਿੱਚ ਵਰਤਾ ਦਿੰਦੇ। ਦਇਆ ਦੇ ਮੂਰਤ ਬਾਲ ਗੁਰੂ ਹਰਕ੍ਰਿਸ਼ਨ ਜੀ ਵਡਿਆਈ ਚਾਰੇ ਪਾਸੇ ਫੈਲਣ ਲੱਗੀ ਅਤੇ ਲੋਕਾਂ ਵਿੱਚ ਉਨ੍ਹਾਂ ਲਈ ਵਿਸ਼ਵਾਸ ਪੱਕਾ ਹੋ ਗਿਆ ਤੇ ਉਹ ਗੁਰੂ ਜੀ ਤੋਂ ਬਖਸ਼ਿਸ਼ਾਂ ਹਾਸਲ ਕਰਦੇ ਰਹੇ।