ਲਾਹੌਰ ਸ਼ਹਿਰ ਵਿਚ ਕਾਲ ਪੈ ਗਿਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖਬਰਾਂ ਪੁੱਜ ਰਹੀਆਂ ਸਨ ਕਿ ਲਾਹੌਰ ਦੀ ਹਾਲਤ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਰਹੀ ਹੈ। ਭੁੱਖ ਤੇ ਰੋਗਾਂ ਦੇ ਕਾਰਨ ਲਾਹੌਰ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰ ਮੁਰਦਿਆਂ ਨਾਲ ਭਰੇ ਰਹਿੰਦੇ ਸਨ।ਉਨ੍ਹਾਂ ਲੋਥਾਂ ਨੂੰ ਸ਼ਹਿਰ ਵਿਚੋਂ ਚੁੱਕ ਕੇ ਬਾਹਰ ਦੱਬਣ ਸਾੜਨ ਦਾ ਕੋਈ ਪ੍ਰਬੰਧ ਨਹੀਂ ਸੀ।
ਇੰਨੀ ਭੈੜੀ ਹਾਲਤ ਲਾਹੌਰ ਦੀ ਹੋ ਗਈ ਸੀ ਕਿ ਸਮੇਂ ਸਿਰ ਅਕਬਰ ਬਾਦਸ਼ਾਹ ਨੂੰ ਦਿੱਲੀ ਸਹਿਰ ਦੇ ਤਖਤ ਤੋਂ ਆਪ ਮੌਕੇ ‘ਤੇ ਆਉਣ ਪਿਆ। ਸੰਨ 1599 ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਲਾਹੌਰ ਪੁੱਜੇ। ਉਸ ਸਮੇਂ ਤੱਕ ਗੁਰੂ ਜੀ ਪਾਸ ਸੰਗਤਾਂ ਪਾਸੋਂ ਆਈ ਦਸਵੰਧ ਦੀ ਰਕਮ ਸ੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਵਿਚ ਕਾਫੀ ਜਮ੍ਹਾ ਹੋ ਗਈ ਸੀ। ਗੁਰੂ ਅਰਜਨ ਦੇਵ ਜੀ ਨੇ ਲੋੜਵੰਦਾਂ ਨੂੰ ਸਹਾਇਤਾ ਪਹੁੰਚਾਉਣੀ ਆਰੰਭ ਕੀਤੀ। ਸਦਾ ਵਰਤ ਲੰਗਰ ਜਾਰੀ ਕਰ ਦਿੱਤੇ।
ਨਿਆਸਰਿਆਂ ਤੇ ਨਿਥਾਵਿਆਂ ਨੂੰ ਟਿਕਾਣਾ ਦੇਣ ਲਈ ਚੂਨੇ ਮੰਡੀ ਵਿਚ ਇਮਾਰਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡੱਬੀ ਬਾਜ਼ਾਰ ਵਿਚ ਬਾਉਲੀ ਬਣਾਉਣੀ ਆਰੰਭ ਕੀਤੀ ਗਈ।ਇਨ੍ਹਾਂ ਉਸਾਰੀ ਦੇ ਕੰਮਾਂ ਕਾਰਨ ਬੇਰੋਜ਼ਗਾਰਾਂ ਨੂੰ ਕੰਮ ਮਿਲਣੇ ਆਰੰਭ ਹੋ ਗਏ ਤੇ ਸਿਰ ਲੁਕਾਉਣ ਵਾਸਤੇ ਥਾਂ ਵੀ ਬਣ ਗਈ। ਮੁਰਦੇ ਚੁੱਕਣ, ਸਾੜਨ ਤੇ ਦਬਾਉਣ ਦਾ ਕੰਮ ਗੁਰੂ ਜੀ ਨੇ ਆਪ ਕੀਤਾ। ਲੋਕੀਂ ਵੇਖ ਕੇ ਵਾਹ-ਵਾਹ ਕਰ ਰਹੇ ਸਨ। 8 ਮਹੀਨੇ ਆਪ ਲਾਹੌਰ ਹੀ ਰਹੇ ਤੇ ਫਿਰ ਉਸਾਰੀ ਦਾ ਕੰਮ ਸਿੱਖਾਂ ਦੇ ਸਪੁਰਦ ਕਰਕੇ ਪਿੰਡਾਂ ਵਿਚ ਪ੍ਰਚਾਰ ਕਰਨ ਤੇ ਲੋੜਵੰਦਾਂ ਨੂੰ ਸਹਾਇਤਾ ਦੇਣ ਲਈ ਚਲੇ ਗਏ।
ਤਰਨਤਾਰਨ ਵਿਚ ਆਪ ਨੇ ਖਾਸ ਤੌਰ ‘ਤੇ ਕੌਹੜਿਆਂ ਤੇ ਪਿੰਗਲਿਆਂ ਵਾਸਤੇ ਜਗ੍ਹਾ ਦਾ ਪ੍ਰਬੰਧ ਕੀਤਾ। ਉਨ੍ਹਾਂ ਦੇ ਰਹਿਣ, ਦਵਾਈ ਆਦਿ ਤੇ ਹੋਰ ਸਾਰੇ ਪ੍ਰਬੰਧ ਕੀਤੇ। ਜਿੰਨੇ ਖੁਹੂ ਗੁਰੂ ਅਰਜਨ ਦੇਵ ਜੀ ਨੇ ਮਾਝੇ ਵਿਚ ਲਗਵਾਏ ਸਨ ਇੰਨੇ ਕਿਸੇ ਹੋਰ ਵਿਅਕਤੀ ਨੇ ਨਹੀਂ ਲਗਵਾਏ। ਆਪ ਨੇ ਰੋਗੀਆਂ ਦੇ ਸਰੀਰਕ ਰੋਗ ਦਵਾਈ ਵੰਡ ਕੇ ਦੂਰ ਕੀਤੇ।
ਇਹ ਵੀ ਪੜ੍ਹੋ : ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਭਾਈ ਦਾਨੇ ਨੂੰ ਅੰਮ੍ਰਿਤ ਪਾਨ ਕਰਾ ਬਣਾਇਆ ਸਿੱਖ