ਮੁਕਤਸਰ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਵਜੀਦਪੁਰ (ਫਿਰੋਜ਼ਪੁਰ ਨੇੜੇ) ਗਏ। ਜਦੋਂ ਕੁਝ ਲੋਕਾਂ ਨੇ ਕਿਹਾ ਕਿ ਇਥੋਂ ਕਸੂਰ ਨੇੜੇ ਹੈ, ਕਿਧਰੇ ਹਮਲਾ ਨਾ ਕਰ ਦੇਣ ਤਾਂ ਗੁਰੂ ਜੀ ਨੇ ਫਰਮਾਇਆ ਹੁਣ ਇਨ੍ਹਾਂ ਦਾ ਤੇਜ਼ ਢਲ ਗਿਆ ਹੈ, ਹੁਣ ਖਾਲਸਾਈ ਨਗਾਰੇ ਹੀ ਵਜਣਗੇ। ਵਜੀਦਪੁਰ ਤੋਂ ਵਾਪਸ ਮੁਕਤਸਰ ਆ ਗਏ।
ਕੁਝ ਸਮਾਂ ਇਥੇ ਠਹਿਰਨ ਪਿੱਛੋਂ ਆਪ ‘ਟਾਹਲੀਆਂ ਫੱਤੂ ਸੰਮੂਂ ਕੀ’ ਰੂਪੇਆਣੇ, ਥੇਹੜੀ, ਬੋਹੜੀ, ਕਾਲ ਝਰਾਣੀ ਅਤੇ ਗੁਰੂਸਰ ਹੁੰਦੇ ਹੋਏ ਛੱਤੇਆਣੇ ਪੁੱਜੇ। ਇਥੇ ਬਰਾੜਾਂ ਨੇ ਜੋ ਗੁਰੂ ਜੀ ਨੇ ਤਨਖਾਹ ‘ਤੇ ਰੱਖੇ ਹੋਏ ਸਨ ਪਰ ਕੁਝ ਸਮੇਂ ਤੋਂ ਤਨਖਾਹ ਨਹੀਂ ਸੀ ਦਿੱਤੀ ਜਾ ਸਕੀ, ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਲਈ ਅਤੇ ਤਨਖਾਹ ਲਈ ਜ਼ਿੱਦ ਕੀਤੀ। ਗੁਰੂ ਜੀ ਨੇ ਬਥੇਰਾ ਸਮਝਾਇਆ ਕਿ ਥੋੜ੍ਹਾ ਚਿਰ ਰੁਕ ਜਾਓ ਤੁਹਾਡੀ ਪਾਈ-ਪਾਈ ਚੁਕਾ ਦਿੱਤੀ ਜਾਵੇਗੀ ਪਰ ਉਹ ਆਪਣੀ ਜ਼ਿੱਦ ‘ਤੇ ਅੜੇ ਰਹੇ। ਇੰਨੇ ਨੂੰ ਇੱਕ ਸਿੱਖ ਨੇ ਰੁਪਈਆਂ ਅਤੇ ਮੋਹਰਾਂ ਦੀ ਇੱਕ ਛੱਟ ਗੁਰੂ ਜੀ ਅੱਗੇ ਲਿਆ ਧਰੀ। ਸਭ ਨੂੰ ਗਿਣ-ਗਿਣ ਕੇ ਤਨਖਾਹਾਂ ਵੰਡੀਆਂ ਗਈਆਂ।
ਜਦ ਉਨ੍ਹਾਂ ਦੇ ਜਥੇਦਾਰ ਭਾਈ ਦਾਨੇ ਦੀ ਵਾਰੀ ਆਈ ਤਾਂ ਉਸ ਹੱਥ ਜੋੜ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਘਰ ਸਭ ਕੁਝ ਹੈ, ਮੈਨੂੰ ਸਿੱਖੀ ਦਾਨ ਅਤੇ ਆਪਣੇ ਚਰਨਾਂ ਦਾ ਆਸਰਾ ਬਖਸ਼ੋ। ਉਸ ਦਾ ਪ੍ਰੇਮ ਦੇਖ ਕੇ ਗੁਰੂ ਜੀ ਕਹਿਣ ਲੱਗੇ, ਸ਼ਾਬਾਸ਼ ਦਾਨਿਆਂ ਅੱਗੇ ਭਾਈ ਮਹਾ ਸਿੰਘ ਨੇ ਮਾਝੇ ਵਿਚ ਸਿੱਖੀ ਦੀ ਜੜ੍ਹ ਰੱਖ ਲਈ ਸੀ, ਹੁਣ ਮਾਲਵੇ ਵਿਚ ਤੂੰ ਰੱਖ ਲਈ ਹੈ। ਹੁਣ ਅੰਮ੍ਰਿਤ ਛਕ ਕੇ ਦਾਨ ਸਿੰਘ ਬਣ ਜਾਹ। ਉਸ ਨੇ ਅੰਮ੍ਰਿਤ ਪਾਨ ਕਰ ਲਿਆ। ਤਨਖਾਹਾਂ ਦੇਣ ਉਪਰੰਤ ਜੋ ਮਾਇਆ ਬਚੀ, ਗੁਰੂ ਜੀ ਨੇ ਉਥੇ ਹੀ ਦੱਬ ਦਿੱਤੀ।
ਇਹ ਵੀ ਪੜ੍ਹੋ : ਗੁਰੂ ਕੀ ਗੋਲਕ ਤੇ ਗੁਰੂ ਕੇ ਲੰਗਰ ਸਬੰਧੀ ਸਿੱਖ ਮਰਿਆਦਾ