Dhan Dhan Guru Hargobind Sahib ji : ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵਾਰ ਸ਼੍ਰੀਨਗਰ ਗਏ ਹਨ ਤਾਂ ਉਥੇ ਦੀ ਸੰਗਤ ਉਨ੍ਹਾਂ ਦੇ ਦਰਸ਼ਨ ਕਰਨ ਲਈ ਤੁਰ ਪਈ। ਰਸਤੇ ਵਿੱਚ ਉਹ ਲੋਕ ਭਾਈ ਕੱਟੂ ਸ਼ਾਹ ਜੀ ਦੀ ਧਰਮਸ਼ਾਲਾ ਵਿੱਚ ਠਹਿਰੇ। ਸਾਰੇ ਲੋਕ ਆਪਣੀ–ਆਪਣੀ ਸ਼ਰਧਾ ਅਨੁਸਾਰ ਗੁਰੂ ਜੀ ਲਈ ਉਪਹਾਰ ਲਿਆਏ ਸਨ।
ਇਨ੍ਹਾਂ ਵਿਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ (ਭਾਂਡਾ) ਸੀ, ਜਿਸ ਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਨਾਲ ਬੰਨ੍ਹ ਕੇ ਢਕਿਆ ਹੋਇਆ ਸੀ। ਜਿਵੇਂ ਹੀ ਭਾਈ ਕੱਟੂ ਸ਼ਾਹ ਜੀ ਦੀ ਨਜ਼ਰ ਉਸ ਉੱਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਪੁੱਛ ਹੀ ਲਿਆ ਕਿ ਇਸ ਭਾਂਡੇ ਵਿੱਚ ਕੀ ਹੈ ? ਜਵਾਬ ਵਿੱਚ ਸਿੱਖ ਨੇ ਕਿਹਾ ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸ਼ਹਿਦ ਭੇਟ ਕਰਨ ਜਾ ਰਿਹਾ ਹਾਂ, ਉਹੀ ਇਸ ਭਾਂਡੇ ਵਿੱਚ ਹੈ। ਭਾਈ ਕੱਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ, ਉਨ੍ਹਾਂ ਨੇ ਸਿੱਖ ਨੂੰ ਕਿਹਾ ਕਿ ਜੇਕਰ ਥੋੜ੍ਹੀ ਜਿਹੀ ਸ਼ਹਿਦ ਮੈਨੂੰ ਦੇ ਦੇਵੇ ਤਾਂ ਮੈਂ ਉਸ ਨਾਲ ਦਵਾਈ ਖਾ ਲਿਆ ਕਰਾਂਗਾ।
ਪਰ ਸਿੱਖ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ, ਪਹਿਲਾਂ ਮੈਂ ਗੁਰੂ ਜੀ ਨੂੰ ਇਸਨੂੰ ਪ੍ਰਸਾਦ ਰੂਪ ਵਿੱਚ ਭੇਟ ਕਰਾਂਗਾ, ਬਾਅਦ ਵਿੱਚ ਜੇ ਗੁਰੂ ਜੀ ਦੀ ਇੱਛਾ ਹੋਵੇ ਤਾਂ ਉਹ ਦੇ ਦੇਣਗੇ। ਭਾਈ ਕੱਟੂ ਸ਼ਾਹ ਜੀ ਉਸ ਸਿੱਖ ਦੇ ਜਵਾਬ ਨਾਲ ਚੁੱਪ ਹੋ ਗਏ, ਕਿਉਂਕਿ ਉਸਦੀ ਦਲੀਲ਼ ਵੀ ਠੀਕ ਸੀ। ਜਦੋਂ ਇਨ੍ਹਾਂ ਸਿੱਖਾਂ ਦਾ ਜਥਾ ਸ਼੍ਰੀਨਗਰ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਇਆ ਤਾਂ ਸਾਰਿਆਂ ਨੇ ਆਪਣੇ-ਆਪਣੇ ਤੋਹਫੇ ਭੇਂਟ ਕੀਤੇ। ਜਦੋਂ ਉਹ ਸਿੱਖ ਆਪਣਾ ਤੋਹਫੇ ਵਾਲਾ ਭਾਂਡਾ ਗੁਰੂ ਜੀ ਨੂੰ ਦੇਣ ਲਗਾ ਤਾਂ ਗੁਰੂ ਜੀ ਨੇ ਸਵੀਕਾਰ ਹੀ ਨਹੀਂ ਕੀਤਾ। ਸਿੱਖ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਜਦੋਂ ਸਾਨੂੰ ਇੱਛਾ ਹੋਈ ਸੀ, ਸ਼ਹਿਦ ਚਖਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ, ਹੁਣ ਸਾਨੂੰ ਇਹ ਨਹੀਂ ਚਾਹੀਦਾ ਹੈ।
ਸਿੱਖ ਨੇ ਬਹੁਤ ਪਸ਼ਚਾਤਾਪ ਕੀਤਾ ਪਰ ਗੁਰੂ ਜੀ ਨੇ ਕਿਹਾ ਕਿ ਤੁਸੀਂ ਪਰਤ ਜਾਓ, ਪਹਿਲਾਂ ਸਾਡੇ ਸਿੱਖ ਨੂੰ ਦਿਓ ਜਦੋਂ ਉਸਦੀ ਤ੍ਰਿਸ਼ਣਾ ਤ੍ਰਿਪਤ ਹੋਵੋਗੀ ਤਾਂ ਅਸੀਂ ਇਸ ਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ। ਸਿੱਖ ਤੁਰੰਤ ਪਰਤ ਕੇ ਭਾਈ ਕੱਟੂ ਸ਼ਾਹ ਜੀ ਦੇ ਕੋਲ ਆਇਆ ਅਤੇ ਉਨ੍ਹਾਂ ਤੋਂ ਮਾਫੀ ਦੀ ਬੇਨਤੀ ਕਰਨ ਲਗਾ। ਭਾਈ ਕੱਟੂ ਸ਼ਾਹ ਜੀ ਨੇ ਕਿਹਾ ਕਿ ਗੁਰੂ ਤਾਂ ਉਂਝ ਹੀ ਆਪਣੇ ਸਿੱਖਾਂ ਦੇ ਮਾਨ-ਸਨਮਾਨ ਲਈ ਖੇਡ ਰਚਦੇ ਹਨ। ਤੁਹਾਡੇ ਕਥਨ ਵਿੱਚ ਵੀ ਸਚਾਈ ਸੀ, ਪਹਿਲਾਂ ਸਾਰੀ ਵਸਤਾਂ ਗੁਰੂ ਨੂੰ ਹੀ ਭੇਂਟ ਦਿੱਤੀਆਂ ਜਾਂਦੀਆਂ ਹਨ, ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ। ਪਰ ਸਿੱਖ ਨੇ ਕਿਹਾ ਮੈ ਸਿੱਖੀ ਦੇ ਸਿਧਾਂਤ ਨੂੰ ਸਮਝ ਗਿਆ ਹਾਂ– ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ।