Guru Amardas ji and Bhai : ਗੁਰੂ ਅਮਰਦਾਸ ਜੀ ਦੇ ਵੇਲੇ ਸੁਲਤਾਨਪੁਰ ਵਿੱਚ ਭਾਈ ਮਹੇਸ਼ਾ ਨਾਂ ਦਾ ਇੱਕ ਵਪਾਰੀ ਰਹਿੰਦਾ ਸੀ, ਜੋ ਸ਼ਾਹੂਕਾਰਾ ਵੀ ਕਰਦਾ ਸੀ। ਉਸ ਨੂੰ ਧਨ-ਦੌਲਤ ਦੀ ਕੋਈ ਥੋੜ ਨਹੀਂ ਨਹੀਂ ਹਰ ਸੁੱਖ ਸਹੂਲਤ ਉਸ ਕੋਲ ਸੀ। ਇੱਕ ਦਿਨ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਮੈਨੂੰ ਪਰਮਾਰਥ ਲਈ ਵੀ ਕੁਝ ਕਰਨਾ ਚਾਹੀਦਾ ਹੈ। ਭਾਈ ਮਹੇਸ਼ਾ ਜੀ ਨੂੰ ਕਿਸੇ ਨੇ ਗੁਰੂ ਅਮਰਦਾਸ ਜੀ ਬਾਰੇ ਦੱਸਿਆ ਤਾਂ ਉਹ ਗੋਇੰਦਵਾਲ ਸਾਹਿਬ ਪਹੁੰਚ ਗਏ। ਗੁਰੂ ਜੀ ਦੇ ਹੁਕਮਾਂ ਮੁਤਾਬਕ ਉਸ ਨੇ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਫਿਰ ਪਾਤਸ਼ਾਹ ਦੇ ਦਰਸ਼ਨਾਂ ਲਈ ਪਹੁੰਚਿਆ। ਉਸ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਤੇ ਉਨ੍ਹਾਂ ਦੇ ਚਰਨਾਂ ਕੋਲ ਹੀ ਬੈਠ ਗਿਆ।
ਗੁਰੂ ਜੀ ਨੇ ਪੁੱਛਿਆ, ‘ਸੁਣਾਓ, ਮਹੇਸ਼ ਸ਼ਾਹ ਕਿਵੇਂ ਆਉਣਾ ਹੋਇਆ ?” ਭਾਈ ਮਹੇਸ਼ਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ– ਸੱਚੇ ਪਾਤਿਸ਼ਾਹ! ਮੇਰੇ ਉੱਤੇ ਮਿਹਰ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਅਜਿਹੀ ਮਿਹਰ ਕਰੋ ਕਿ ਮੇਰਾ ਅੱਗਾ ਸਵਰ ਜਾਇ। ਇਸ ਜੀਵਨ ਦੇ ਬਾਦ ਵਾਲਾ ਸਮਾਂ ਸੌਖਾ ਤੇ ਸੁਖ ਵਾਲਾ ਹੋਵੇ।” ਗੁਰੂ ਜੀ – ਨਾਮ ਦੀ ਕਮਾਈ ਬੜੀ ਔਖੀ ਹੈ। ਤੇਨੂੰ ਦੁਨੀਆਂ ਦੇ ਸੁਖ ਭੋਗਣ ਦੀ ਆਦਤ ਪਈ ਹੋਈ ਹੈ। ਇਸ ਰਾਹੇ ਚਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ। ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਨਿੱਕਾ ਹੈ। ਕੀ ਪਤਾ ਤੇਰੇ ਨਾਲ ਕੀ ਹੋ ਜਾਵੇ ? ਫਿਰ ਤੂੰ ਔਖਾ ਹੋਵੇਂਗਾ, ਡੋਲੇਂਗਾ ਤੇ ਪਛਤਾਵੇਂਗਾ, ਨਾ ਏਧਰ ਜੋਗਾ ਰਹੇਂਗਾ, ਨਾ ਓਧਰ ਜੋਗਾ। ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ। ਭਾਈ ਮਹੇਸ਼ਾ ਨੇ ਅੱਗੋਂ ਕਿਹਾ ਕਿ “ਸੱਚੇ ਪਾਤਸ਼ਾਹ! ਮੈਂ ਪੂਰਾ ਸੋਚ ਵਿਚਾਰ ਕਰ ਲਿਆ ਹੈ। ਆਪ ਜੀ ਮੇਰੇ ਉੱਤੇ ਮਿਹਰ ਕਰੋ, ਮੈਨੂੰ ਰੱਬ ਦੀ ਭਗਤੀ ਦੇ ਰਾਹੇ ਤੋਰੋ ਅਤੇ ਇਸ ਉੱਤੇ ਚਲਣ ਦਾ ਬਲ ਵੀ ਬਖਸ਼ੋ। ਤੁਸੀਂ ਆਪਣੀ ਨਦਰਿ ਰੱਖੋ ਤੇ ਦਇਆਂ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ, ਫੇਰ ਮੈਨੂੰ ਕੋਈ ਪ੍ਰਵਾਹ ਨਹੀਂ ਰਹੇਗੀ। ਮੇਰਾ ਬੇੜਾ ਪਾਰ ਹੋ ਜਾਵੇਗਾ।” ਗੁਰੂ ਜੀ ਨੇ ਕਿਹਾ “ਭਾਈ ਮਹੇਸ਼ੇ ਨਾਮ-ਧਨ ਮਿਲਣ ਬਾਦ ਦੁਨੀਆਂ ਵਾਲਾ ਆਮ ਧਨ ਤੈਥੋਂ ਖੁਸ ਗਿਆ ਤਾਂ ਦੁੱਖੀ ਤਾਂ ਨਾ ਹੋਵੇਂਗਾ?” ਭਾਈ ਮਹੇਸ਼ਾ – “ਸੱਚੇ ਪਾਤਸ਼ਾਹ! ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉ ਕਰਨਾ ਹੈ? ਉਝ ਵੀ ਦੁਨੀਆਂ ਦਾ ਧਨ ਤਾਂ ਮੈਂ ਇਕ ਦਿਨ ਛੱਡਣਾ ਹੀ ਹੈ। ਆਪ ਮੈਨੂੰ ਦਰ ‘ਤੇ ਆਏ ਨੂੰ ਖਾਲੀ ਨਾ ਮੋੜੋ। ਮੇਰੀ ਝੋਲੀ ਸੱਚੇ ਨਾਮ ਧਨ ਨਾਲ ਭਰ ਦਿਓ।
ਭਾਈ ਮਹੇਸ਼ੇ ਦਾ ਪੱਕਾ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਦੇ ਸਿਰ ‘ਤੇ ਹੱਥ ਫੇਰਿਆ, ਪਿੱਠ ‘ਤੇ ਥਾਪੜਾ ਦਿੱਤਾ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ। ਉਸ ਤੋਂ ਬਾਅਦ ਭਾਈ ਮਹੇਸ਼ੇ ਦੇ ਮਨ ਅੰਦਰ ਸ਼ਾਂਤੀ, ਸੁਖ ਅਤੇ ਖੁਸ਼ੀ ਦਾ ਵਾਸ ਹੋ ਗਿਆ ਅਤੇ ਉਹ ਨਾਮ ਦਾ ਰਸੀਆ ਬਣ ਗਿਆ। ਉਹ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦੇ ਉਪਦੇਸ਼ ਨੂੰ ਕਮਾਉਦੇ ਹੋਇ ਸ਼ਾਹੂਕਾਰਾ ਤੇ ਵਪਾਰ ਵੀ ਕਰਦਾ ਰਿਹਾ। ਕੁਝ ਸਮੇਂ ਬਾਦ ਚਿਰ ਵਾਹਿਗੁਰੂ ਦਾ ਹੋਰ ਹੀ ਭਾਣਾ ਵਰਤਣ ਲੱਗ ਪਿਆ। ਸ਼ਾਹੂਕਾਰੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ। ਦੁਨਿਆਵੀ ਧਨ ਜਾਣ ਲੱਗਾ ਅਤੇ ਗਰੀਬੀ ਸਤਉਣ ਲੱਗ ਪਈ। ਦਾਲ ਰੋਟੀ ਦਾ ਮਸਾਂ ਹੀ ਗੁਜ਼ਾਰਾ ਚਲਣ ਲੱਗਾ ਪਰ ਮਹੇਸ਼ਾ ਜਰਾ ਵੀ ਨਹੀਂ ਘਬਰਾਇਆ ਅਤੇ ਡੋਲਿਆ। ਸੁਲਤਾਨਪੁਰ ਦੇ ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਕਿ “ਵੇਖੋ, ਚੰਗੀ ਸਿੱਖੀ ਧਾਰੀ ਆ ਆਪਣੀ ਸਾਰੀ ਕਮਾਈ ਗੁਆ ਬੈਠਾ ਹੈ।” ਪਰ ਮਹੇਸ਼ੇ ਨੇ ਇਸ ਠੱਠੇ-ਮਖੌਲ ਭੋਰਾ ਵੀ ਪਰਵਾਹ ਨਾ ਕੀਤੀ। ਉਹ ਕਰਤਾਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਦਾ ਅਤੇ ਆਪਣਾ ਕਾਰ-ਵਿਹਾਰ ਕਰਦਾ ਰਿਹਾ।
ਗੁਰੂ ਜੀ ਮਹੇਸ਼ੇ ਦਾ ਸਿਦਕ ਅਤੇ ਭਰੋਸਾ ਵੇਖ ਕੇ ਬੜੇ ਪ੍ਰਸੰਨ ਹੋਏ। ਇਕ ਦਿਨ ਜਦ ਉਹ ਗੋਇੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਨ੍ਹਾਂ ਨੇ ਉਸ ਦੇ ਸਿਰ ‘ਤੇ ਹੱਥ ਫੇਰਿਆ, ਪਿੱਠ ਉੱਪਰ ਥਾਪੀ ਦਿੱਤੀ ਅਤੇ ਕਿਹਾ, “ਮਹੇਸ਼ਿਆ! ਤੂੰ ਆਪਣਾ ਬਚਨ ਪੂਰੀ ਤਰ੍ਹਾਂ ਨਿਬਾਹਿਆ ਹੈ, ਤੂੰ ਮਾਇਆ ਦੇ ਜਾਣ ‘ਤੇ ਉਦਾਸ ਅਤੇ ਦੁਖੀ ਨਹੀਂ ਹੋਇਆ। ਸਿੱਖੀ ਇਹੋ ਮੰਗ ਕਰਦੀ ਹੈ ਕਿ ਧਨ ਆਵੇ ਤਾਂ ਉਸ ਨੂੰ ਚੰਗੇ ਅਰਥ ਲਾਓ, ਪਰ ਆਪਣਾ ਮਨ ਉਸ ਤੋਂ ਉੱਚਾ ਤੇ ਵੱਖਰਾ ਰੱਖੋ। ਹੁਣ ਕਾਰ-ਵਿਹਾਰ ਕਰੀ ਚਲ। ਕਰਤਾਰ ਮਿਹਰ ਕਰੇਗਾ, ਮਾਇਆ ਫੇਰ ਆਵੇਗੀ, ਹੁਣ ਉਹ ਤੇਰੇ ਮਨ ਵਿਚ ਨਸ਼ਾ ਜਾਂ ਅਹੰਕਾਰ ਨਹੀਂ ਪੈਦਾ ਕਰੇਗੀ। ਤੂੰ ਉਸ ਨੂੰ ਜੋੜਨ ਦੀ ਨਾ ਕਰੀਂ, ਵਰਤੀ ਅਤੇ ਵਰਤਾਵੀਂ।” ਸਮਾਂ ਪਾ ਕੇ ਮਹੇਸ਼ਾ ਫੇਰ ਧਨੀ ਹੋ ਗਿਆ। ਉਹ ਨਾਮ ਜਪਦਾ, ਕਿਰਤ ਕਰਦਾ ਅਤੇ ਵੰਡ ਕੇ ਛਕਦਾ ਸੀ। ਉਸ ਦਾ ਮਨ ਨੀਵਾਂ ਤੇ ਮਤ ਉੱਚੀ ਹੋ ਚੁਕੀ ਸੀ।