ਇਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋਇੰਦਵਾਲ ਨੂੰ ਜਾ ਰਹੇ ਸਨ ਰਸਤੇ ਵਿਚ ਗੁਰੂ ਜੀ ਨੂੰ ਸ਼ੀਹਾ ਉਪਲ ਨਾਮ ਦਾ ਸਿੱਖ ਮਿਲਿਆ, ਦਰਸ਼ਨ ਕਰਦੇ ਸਾਰ ਗੁਰੂ ਜੀ ਨੂੰ ਨਮਸਕਾਰ ਕੀਤੀ।
ਸ਼ੀਹਾ ਉਪਲ ਦੇ ਹੱਥਾਂ ਵਿਚ ਦੋ ਬੱਕਰੇ ਫੜੇ ਦੇਖ ਗੁਰੂ ਜੀ ਨੇ ਪੁੱਛਿਆ ਕਿ ਸਿੱਖਾ ਇਹ ਬੱਕਰੇ ਕੀ ਕਰਨੇ ਹਨ। ਤਾਂ ਸ਼ੀਹਾ ਉਪਲ ਨੇ ਆਖਿਆ ਸਤਿਗੁਰੂ ਜੀ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ, ਅੱਜ ਸ਼ਾਮ ਨੂੰ ਰੀਤਿ ਰਿਵਾਜ਼ ਅਨੁਸਾਰ ਉਸਦੇ ਮੁੰਢਨ (ਭਾਵ ਕੇਸ ਕੱਟਣੇ) ਹਨ। ਇਸ ਲਈ ਆਏ ਰਿਸ਼ਤੇਦਾਰਾਂ ਦੇ ਛਕਣ ਵਾਸਤੇ ਇਨ੍ਹਾਂ ਬੱਕਰਿਆਂ ਨੂੰ ਮਾਰ ਕੇ ਮੀਟ ਦੀ ਸਬਜ਼ੀ ਤਿਆਰ ਕਰਨੀ ਹੈ। ਘਰ ਗੀਤ ਨਾਚ ਟਾਪ ਹੋਵੇਗਾ। ਇਹ ਸੁਣ ਗੁਰੂ ਜੀ ਨੇ ਆਖਿਆ ”ਸ਼ੀਹਾ ਤੂੰ ਗੁਰੂ ਦਾ ਸਿੱਖ ਹੈਂ।
ਤੈਨੂੰ ਗੁਰੂ ਨਾਨਕ ਦੇ ਘਰ ਤੋਂ ਸਿੱਖਿਆ ਹੈ : 1. ਬੱਚਿਆਂ ਦੇ ਕੇਸਾਂ ਦਾ ਮੁੰਡਨ ਨਹੀਂ ਗੁੰਦਨ ਕਰਨੇ ਹਨ। ਕੱਟਣੇ ਨਹੀਂ ਸੋਹਣੇ ਢੰਗ ਨਾਲ ਸਵਾਰ ਕੇ ਗੁੰਦਨਾ ਜੂੜਾ ਕਰਨਾ ਹੈ। 2. ਬੱਚੇ ਨੇ ਜਨਮ ਲਿਆ ਚੰਗੀ ਗੱਲ ਹੈ ਪਰ ਐਸੇ ਸਮੇਂ ਬੱਕਰੇ ਮਾਰ ਕੇ ਮੀਟ ਤਿਆਰ ਕਰਨਾ, ਰਿਸ਼ਤੇਦਾਰਾਂ ਨੂੰ ਖੁਆਉਣਾ, ਜੀਵ ਹੱਤਿਆ ਕਰਨੀ ਚੰਗਾ ਨਹੀਂ ਹੈ। ਖਾਣਗੇ ਤੇਰੇ ਰਿਸ਼ਤੇਦਾਰ ਪਰ ਲੇਖਾ ਤੈਨੂੰ ਦੇਣਾ ਪਵੇਗਾ। (ਛਕਾਉਣਾ ਹੈ ਤਾਂ ਸ਼ਰਧਾ ਨਾਲ ਗੁਰੂ ਦਾ ਲੰਗਰ ਬਣਾ ਕੇ ਛਕਾਓ)। 3. ਖ਼ੁਸ਼ੀਆਂ ਸਮੇਂ ਗੀਤ ਗਾਣੇ ਨਾਚ ਟਾਪ ਨਹੀਂ ਕਰਨਾ ਚਾਹੀਦਾ, ਇਸ ਨਾਲ ਪਾਪਾਂ ਦੇ ਭਾਗੀ ਬਣੀਦਾ ਹੈ, ਬਲਕਿ ਸ਼ੁਕਰਾਨੇ ਵਿਚ ਗੁਰਬਾਣੀ ਗਾਇਨ ਕਰਨੀ ਚਾਹੀਦੀ ਹੈ ਜਿਸ ਨਾਲ ਪੁੰਨ ਬਣਦੇ ਹਨ ਤੇ ਮਿਲੀ ਦਾਤ ਨੂੰ ਵਾੜ ਲੱਗਦੀ ਹੈ।
ਇਹ ਵੀ ਪੜ੍ਹੋ : ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਤੋਰਨਾ ਤੇ 5 ਤੀਰ ਦੇਣੇ