ਸ੍ਰੀ ਗੁਰੂ ਰਾਮਦਾਸ ਜੀ ਨੇ ‘ਮਸਦ ਸਿਸਟਮ’ ਸ਼ੁਰੂ ਕੀਤਾ ਸੀ। ਇਨ੍ਹਾਂ ਮਸੰਦਾਂ ਨਾਲ ਪ੍ਰਿਥੀ ਚੰਦ ਦਾ ਵਧੇਰੇ ਤਾਲਮੇਲ ਸੀ ਪਰ ਗੁਰੂ ਅਰਜਨ ਦੇਵ ਜੀ ਉਨ੍ਹਾਂ ਪ੍ਰਪੱਕ ਸਿੱਖਾਂ ਨੂੰ ਇਹ ਡਿਊਟੀ ਦੇਣਾ ਚਾਹੁੰਦੇ ਸਨ ਜਿਨ੍ਹਾਂ ਉਪਰ ਪ੍ਰਿਥੀ ਚੰਦ ਦਾ ਕੋਈ ਅਸਰ ਨਾ ਹੋਵੇ।
ਗੁਰੂ ਅਮਰਦਾਸ ਜੀ ਵੱਲੋਂ ਚਲਾਇਆ ਮੰਜੀ ਸਿਸਟਮ ਵੀ ਠੀਕ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ। ਇਸ ਲਈ ਉਸ ਦਾ ਕੋਈ ਬਦਲ ਲੱਭਣ ਦੀ ਜ਼ਰੂਰਤ ਸੀ। ਨਵੇਂ ਥਾਪੇ ਮਸੰਦਾਂ ਬਾਰੇ ਸਿੱਖਾਂ ਨੂੰ ਸੂਚਿਤ ਕਰਨ ਲਈ ਗੁਰੂ ਅਰਜਨ ਦੇਵ ਜੀ ਵੱਲੋਂ ਹੁਕਮਨਾਮੇ ਭੇਜੇ ਗਏ ਅਤੇ ਪੁਰਾਣੇ ਮੰਜੀਦਾਰਾਂ ਤੇ ਪੁਰਾਣੇ ਮਸੰਦਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ। ਨਵੇਂ ਮਸੰਦ ਗੁਰੂ ਜੀ ਦੇ ਨਿਕਵਟਤੀ ਅਤੇ ਉੱਚੇ ਆਚਰਨ ਵਾਲੇ ਕਿਰਤੀ ਸਿੱਖ ਸਨ। ਗੁਰੂ ਜੀ ਦੀ ਸਿੱਖਿਆ ਘਰ-ਘਰ ਪਹੁੰਚਾਉਂਦੇ ਸਨ ਅਤੇ ਉਧਰੋਂ ਦਸਵੰਧ ਦੀ ਭੇਟਾ ਲੈ ਕੇ ਗੁਰੂ ਦਰਬਾਰ ਵਿਚ ਵੈਸਾਖੀ ਜਾਂ ਦੀਵਾਲੀ ‘ਤੇ ਹਾਜ਼ਰ ਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਦੂਰ-ਦੁਰਾਡੇ ਰਹਿੰਦੇ ਸਿੱਖਾਂ ਵਾਸਤੇ ਆਪਣਾ ਦਸਵੰਧ ਗੁਰੂ ਦਰਬਾਰ ਵਿਚ ਆਪ ਲੈ ਕੇ ਆਉਣਾ ਕੋਈ ਸੌਖਾ ਕੰਮ ਨਹੀਂ ਸੀ।
ਇਹ ਵੀ ਪੜ੍ਹੋ :ਵਹਿਮਾਂ-ਭਰਮਾਂ ਤੇ ਪਾਖੰਡਾਂ ਤੋਂ ਦੂਰ ਰਹਿ ਕੇ ਸੱਚਾ-ਸੁੱਚਾ ਜੀਵਨ ਬਿਤਾਉਣ ਨਾਲ ਹੀ ਮਿਲ ਸਕਦੀ ਹੈ ਮੁਕਤੀ
ਇਹ ਮਸੰਦ ਆਪਣੇ ਇਲਾਕੇ ਦੇ ਵੱਡੇ ਨਗਰਾਂ ਵਿਚ ਪ੍ਰਚਾਰ ਕਰਕੇ ਸਿੱਖੀ ਦਾ ਅਸਲ ਰਸੂਖ ਵੀ ਵਧਾਉਂਦੇ ਸਨ। ਇਨ੍ਹਾਂ ਮਸੰਦਾਂ ਦਾ ਉੱਚਾ ਆਚਰਨ ਇਕ ਮਿਸਾਲ ਬਣ ਕੇ ਆਮ ਲੋਕਾਂ ਵਿਚ ਸਿੱਖੀ ਪ੍ਰਤੀ ਸ਼ਰਧਾ ਤੇ ਖਿੱਚ ਪੈਦਾ ਕਰਦਾ ਸੀ। ਇੰਝ ਸਿੱਖਾਂ ਵਿਚ ਦਸਵੰਧ ਕੱਢਣ ਦੀ ਪ੍ਰਥਾ ਗੁਰੂ ਅਰਜਨ ਦੇਵ ਤੋਂ ਹੀ ਸ਼ੁਰੂ ਹੋਈ।