Guru Gobind Singh Jayanti 2021: ਅੱਜ ਯਾਨੀ 20 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਇਸ ਦਿਨ ਸਿੱਖ ਕੌਮ ਦੇ ਲੋਕ ਨਗਰ ਕੀਰਤਨ ਕੱਢਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਅਤੇ ਮਾਤਾ ਦਾ ਨਾਮ ਗੁਜਰੀ ਸੀ । ਉਹ ਉਨ੍ਹਾਂ ਦੇ ਇਕਲੌਤੇ ਪੁੱਤਰ ਸੀ । ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਨੂੰ ਸ੍ਰੀ ਪਟਨਾ ਸਾਹਿਬ ਵਿਖੇ ਹੋਇਆ ਸੀ। ਜਿਸ ਸਮੇਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਸੀ, ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੰਗਾਲ ਅਤੇ ਅਸਾਮ ਦੀ ਯਾਤਰਾ ‘ਤੇ ਸਨ। ਜਦੋਂ ਪਿਤਾ ਵਾਪਸ ਆਏ ਤਾਂ ਬਾਲ ਗੁਰੂ ਗੋਬਿੰਦ ਜੀ ਭੱਜਦੇ ਹੋਏ ਉਨ੍ਹਾਂ ਨੂੰ ਗਲੇ ਜਾ ਮਿਲੇ। ਬਾਲ ਗੋਬਿੰਦ ਰਾਏ 6 ਸਾਲ ਦੀ ਉਮਰ ਤੱਕ ਪਟਨਾ ਸਾਹਿਬ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।
ਖਾਲਸਾ ਪੰਥ ਦੀ ਸਥਾਪਨਾ
ਕਿਹਾ ਜਾਂਦਾ ਹੈ ਕਿ ਇਕ ਦਿਨ ਜਦੋਂ ਸਾਰੇ ਲੋਕ ਇਕੱਠੇ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹੀ ਮੰਗ ਕੀਤੀ ਕਿ ਇੱਕ ਦਮ ਸੰਨਾਟਾ ਛਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਭਾ ਵਿੱਚ ਮੌਜੂਦ ਲੋਕਾਂ ਤੋਂ ਉਨ੍ਹਾਂ ਦੇ ਸਿਰ ਦੀ ਮੰਗ ਕੀਤੀ। ਜਿਸ ਤੋਂ ਬਾਅਦ ਪੰਜ ਲੋਕ ਉੱਠੇ ਤੇ ਉਨ੍ਹਾਂ ਕਿਹਾ ਕਿ ਸਿਰ ਪੇਸ਼ ਹੈ. ਜਿਵੇਂ ਹੀ ਉਨ੍ਹਾਂ ਨੂੰ ਤੰਬੂ ਦੇ ਅੰਦਰ ਲਿਜਾਇਆ ਗਿਆ ਉੱਥੋਂ ਖੂਨ ਦੀ ਧਾਰ ਨਿਕਲੀ। ਜਿਸ ਨੂੰ ਦੇਖ ਕੇ ਬਾਕੀ ਲੋਕਾਂ ਦਾ ਮਨ ਬੇਚੈਨ ਹੋ ਗਿਆ । ਆਖਰਕਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਤੰਬੂ ਤੋਂ ਵਾਪਸ ਪਰਤੇ ਤਾਂ ਲੋਕ ਹੈਰਾਨ ਰਹਿ ਗਏ । ਪੰਜ ਜਵਾਨ ਉਨ੍ਹਾਂ ਨਾਲ ਸਨ । ਉਨ੍ਹਾਂ ਦੇ ਨਵੇਂ ਕੱਪੜੇ ਤੇ ਪੱਗ ਬੰਨ੍ਹੀ ਹੋਈ ਸੀ । ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੀ ਪ੍ਰੀਖਿਆ ਲੈ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ। ਗੁਰੂ ਜੀ ਨੇ ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਫਿਰ ਉਹਨਾਂ ਪਾਸੌ ਆਪ ਅੰਮ੍ਰਿਤ ਛਕਿਆ । ਇਸ ਉੱਪਰੰਤ ਸਾਰਿਆਂ ਦੇ ਨਾਮ ਨਾਲ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਦੇ 5 ਪ੍ਰੇਰਨਾਦਾਇਕ ਵਿਚਾਰ:
- ਬਚਨ ਕਰ ਕੇ ਪਾਲਣ ਕਰਨਾ: ਜੇਕਰ ਤੁਸੀ ਕਿਸੇ ਨੂੰ ਵਚਨ ਦਿੱਤਾ ਹੈ ਤਾਂ ਉਸਨੂੰ ਹਰ ਕੀਮਤ ‘ਤੇ ਨਿਭਾਉਣਾ ਪਵੇਗਾ।
- ਕਿਸੇ ਦੀ ਨਿੰਦਾ, ਚੁਗਲੀ ਤੇ ਈਰਖਾ ਨਾ ਕਰਨਾ: ਕਿਸੇ ਦੀ ਚੁਗਲੀ ਤੇ ਨਿੰਦਾ ਕਰਨ ਤੋਂ ਸਾਨੂੰ ਹਮੇਸ਼ਾ ਬਚਣਾ ਚਾਹੀਦਾ ਹੈ ਤੇ ਕਿਸੇ ਨਾਲ ਈਰਖਾ ਕਰਨ ਦੀ ਬਜਾਏ ਮਿਹਨਤ ਕਰਨ ਵਿੱਚ ਫਾਇਦਾ ਹੈ।
- ਕੰਮ ਕਰਨ ਵਿੱਚ ਕੋਤਾਹੀ ਨਾ ਵਰਤਣਾ: ਕੰਮ ਵਿੱਚ ਖੂਬ ਮਿਹਨਤ ਕਰੋ ਤੇ ਕੰਮ ਨੂੰ ਲੈ ਕੇ ਲਾਪਰਵਾਹੀ ਨਾ ਵਰਤੋਂ।
- ਗੁਰਬਾਣੀ ਕੰਠ ਕਰਨੀ: ਗੁਰਬਾਣੀ ਨੂੰ ਕੰਠ ਕਰਨਾ ਚਾਹੀਦਾ ਹੈ।
- ਦਸਵੰਦ ਦੇਣਾ: ਆਪਣੀ ਕਮਾਈ ਦਾ 10ਵਾਂ ਹਿੱਸਾ ਦਾਨ ਵਿੱਚ ਦਿਓ।