Guru Hargobind Sahib ji : ਇੱਕ ਦਿਨ ਬਾਦਸ਼ਾਹ ਜਹਾਂਗੀਰ ਤੇ ਗੁਰੂ ਜੀ ਆਗਰੇ ਗਏ। ਬਾਦਸ਼ਾਹ ਅੰਦਰੋਂ ਡਰਿਆ ਹੋਇਆ ਗੁਰੂ ਜੀ ਨੂੰ ਬਾਹਰੋਂ ਆਪਣਾ ਮਿੱਤਰ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਸ਼ਾਇਦ ਗੁਰੂ ਜੀ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਆਏ ਹਨ। ਉਸ ਨੇ ਡਰ ਅਧੀਨ ਗੁਰੂ ਜੀ ਨੂੰ ਬਾਰ੍ਹਾਂ ਸਾਲ ਕੈਦ ਦਾ ਹੁਕਮ ਸੁਣਾ ਦਿੱਤਾ। ਪੰਜ ਸਿੱਖ ਆਪ ਜੀ ਨਾਲ ਸਨ। ਆਪ ਨੂੰ ਗਵਾਲੀਅਰ ਦੇ ਕਿੱਲ੍ਹੇ ਵਿੱਚ ਕੈਦੀ ਬਣਾ ਕੇ ਰੱਖਿਆ ਗਿਆ, ਜਿੱਥੇ ਪਹਿਲਾਂ ਹੀ 52 ਰਾਜੇ ਕੈਦ ਸਨ। ਗੁਰੂ ਜੀ ਦੀ ਕੈਦ ਦੀ ਖ਼ਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਵਧ ਗਈ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਖ਼ਬਰ ਲੈਣ ਲਈ ਭੇਜਿਆ। ਗੁਰੂ ਜੀ ਨੇ ਉਨ੍ਹਾਂ ਨੂੰ ਧੀਰਜ ਦਿੱਤਾ ਤੇ ਕਿਹਾ ਅਸੀਂ ਬੜੇ ਅਨੰਦ ’ਚ ਹਾਂ ਤੇ ਜੇਲ ’ਚ ਕੈਦੀਆਂ ਨੂੰ ਸਾਡੀ ਜ਼ਰੂਰਤ ਹੈ, ਅਸੀਂ ਛੇਤੀ ਹੀ ਬਾਹਰ ਆ ਜਾਵਾਂਗੇ, ਕਰਤਾਰ ਨੂੰ ਚੇਤੇ ਰੱਖੋ।
ਕਿਲ੍ਹੇ ਦਾ ਦਰੋਗਾ, ਹਰੀ ਦਾਸ ਗੁਰੂ ਘਰ ਦਾ ਪ੍ਰੇਮੀ ਸੀ। ਗਰੂ ਘਰ ਦੇ ਪੁਰਾਣੇ ਦੋਖੀ ਚੰਦੂ ਨੇ ਹਰੀ ਦਾਸ ਨੂੰ ਕਈ ਲਾਲਚ ਦੇ ਕੇ ਕਿਹਾ ਕਿ ਗੁਰੂ ਜੀ ਨੂੰ ਜ਼ਹਿਰ ਦੇ ਕੇ ਮਾਰ ਦਿਓ, ਦਰੋਗੇ ਨੇ ਇਹ ਖ਼ਬਰ ਗੁਰੂ ਜੀ ਨੂੰ ਸੁਣਾ ਦਿੱਤੀ। ਕੁਝ ਚਿਰ ਮਗਰੋਂ ਚੰਦੂ ਨੇ ਸੁੰਦਰ ਤੇ ਜ਼ਹਿਰੀਲੇ ਬਸਤਰ ਹਰੀ ਦਾਸ (ਦਰੋਗੇ) ਨੂੰ ਭੇਜੇ ਤਾਂ ਜੋ ਗੁਰੂ ਜੀ ਨੂੰ ਪਹਿਨਾਏ ਜਾਣ, ਹਰੀ ਦਾਸ ਸਾਰੀਆਂ ਖ਼ਬਰਾਂ ਗੁਰੂ ਜੀ ਤੱਕ ਪਹੁੰਚਾਉਂਦਾ ਰਿਹਾ। ਗੁਰੂ ਜੀ ਦੀ ਇਸ ਕੈਦ ਵਿਰੁਧ ਸਿੱਖਾਂ ਸਮੇਤ ਜਨਤਾ ’ਚ ਗੁੱਸਾ ਵਧਦਾ ਗਿਆ ਤੇ ਉਹ ਆਪਣੀ ਆਵਾਜ਼ ਬੁਲੰਦ ਕਰਨ ਲੱਗੇ, ਕਈ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ। ਨਤੀਜਾ ਇਹ ਹੋਇਆ ਕਿ ਬਾਦਸ਼ਾਹ ਨੇ ਦੋ ਕੁ ਸਾਲ ਦੀ ਕੈਦ ਮਗਰੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਇਹ ਹੁਕਮ ਲੈ ਕੇ ਵਜ਼ੀਰ ਖਾਨ ਗਵਾਲੀਅਰ ਦੇ ਕਿਲ੍ਹੇ ’ਚ ਪਹੁੰਚਿਆ ਪਰ ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਹਿ ਦਿੱਤਾ ਕਿ ਅਸੀਂ ਇਕੱਲੇ ਬਾਹਰ ਨਹੀਂ ਜਾਵਾਂਗੇ ਬਲਕਿ 52 ਰਾਜਿਆਂ ਨੂੰ ਨਾਲ ਲੈ ਕੇ ਜਾਵਾਂਗੇ। ਵਜ਼ੀਰ ਖਾਨ ਨੇ ਇਹ ਗੱਲ ਦਿੱਲੀ ਆ ਕੇ ਬਾਦਸ਼ਾਹ ਨੂੰ ਸੁਣਾ ਦਿੱਤੀ।
ਬਾਦਸ਼ਾਹ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਹੱਥ ਜਾਂ ਪੱਲਾ ਫੜ ਕੇ ਬਾਹਰ ਆ ਸਕਣ ਉਹ ਤਮਾਮ ਛੱਡ ਦਿੱਤੇ ਜਾਣ। ਉਸ ਸਮੇਂ ਗੁਰੂ ਜੀ 52 ਕਲੀਆਂ ਵਾਲਾ ਜਾਮਾ ਪਹਿਨਦੇ ਸਨ, ਜਿਨ੍ਹਾਂ ਲੜੀਆਂ ਨੂੰ ਫੜ ਕੇ 52 ਰਾਜੇ ਵੀ ਜੇਲ ’ਚੋਂ ਰਿਹਾ ਹੋ ਗਏ। ਉਸ ਦਿਨ ਤੋਂ ਆਪ ਜੀ ਦਾ ਨਾਂ ‘ਬੰਦੀ ਛੋੜ’ ਪੈ ਗਿਆ। ਉਸ ਕਿਲ੍ਹੇ ’ਚ ਇਕ ਤਾਲ ਦੇ ਕੰਢੇ ਲੋਹੇ ਦੀ ਫੱਟੀ ਉੱਪਰ ਅੱਜ ਵੀ ‘ਬੰਦੀ ਛੋੜ ਦਾਤਾ’ ਸ਼ਬਦ ਲਿਖੇ ਹੋਏ ਹਨ।