ਬਾਬਾ ਬੀਰਮ ਦਾਸ ਜੀ ਜਿਨ੍ਹਾਂ ਦਾ ਅਸਲੀ ਨਾਂ ਰਤਨ ਦਾਸ ਜੀ ਸੀ, ਦਾ ਜਨਮ ਪਿੰਡ ਲਖਨੌਰ ( ਲਖਨੌਰ ਸਾਹਿਬ) ਜ਼ਿਲ੍ਹਾ ਅੰਬਾਲਾ ਵਿਚ ਹੋਇਆ। ਬਾਬਾ ਬੀਰਮ ਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਮਾ ਜੀ ਸੀ ਤੇ ਮਾਤਾ ਗੁਜਰੀ ਜੀ ਦੇ ਚਾਚਾ ਜੀ ਦਾ ਲੜਕੇ ਸੀ। ਪਹਿਲੇ ਸਮੇਂ ਵਿਚ ਪਿੰਡਾਂ ਦੇ ਵਿਚ ਤਾਏ-ਚਾਚੇ ਦੇ ਪਰਿਵਾਰ ਇਕੱਠੇ ਰਹਿੰਦੇ ਸੀ। ਬਾਬਾ ਬੀਰਮ ਦਾਸ ਜੀ ਦਾ ਬਚਪਨ ਤੋਂ ਹੀ ਮਾਤਾ ਜੀ (ਮਾਤਾ ਗੁਜਰੀ ਜੀ) ਨਾਲ ਬੜਾ ਪ੍ਰੇਮ ਸੀ। ਭਜਨ ਬੰਦਗੀ ਕਰਕੇ ਬਾਬਾ ਬੀਰਮ ਦਾਸ ਜੀ ਦੀ ਅਵਸਥਾ ਬਹੁਤ ਉਚੀ ਸੀ।
ਇਕ ਵਾਰ ਬਾਬਾ ਬੀਰਮ ਦਾਸ ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਏ ਤਾਂ ਦਸ਼ਮੇਸ਼ ਜੀ ਨੇ ਦਰਬਾਰ ਲਾਇਆ ਹੋਇਆ ਸੀ ਤੇ ਸੰਗਤਾਂ ਦੇ ਵਿਚ ਬੈਠੇ ਸੀ। ਬਾਬਾ ਬੀਰਮ ਦਾਸ ਜੀ ਨੇ ਸਿਰਫ ਲੰਗੋਟ ਪਹਿਨਆ ਹੋਇਆ ਸੀ। ਜਦੋਂ ਬਾਬਾ ਜੀ ਦਸ਼ਮੇਸ਼ ਜੀ ਦੇ ਦਰਬਾਰ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਜੀ ਵੱਲ ਬੜੇ ਧਿਆਨ ਨਾਲ ਦੇਖਿਆ ਤੇ ਪੁਛਿਆ ਕੇ ਤੁਸੀਂ ਕੋਣ ਹੋ ਤੇ ਕਿਥੋਂ ਆਏ ਹੋ? ਤਾਂ ਬਾਬਾ ਜੀ ਨੇ ਜਵਾਬ ਦਿਤਾ ” ਦਸ਼ਮੇਸ਼ ਜੀ ਅਸੀਂ ਤੁਹਾਡੇ ਮਾਮਾ ਜੀ ਹਾਂ ਤੇ ਲਖਨੌਰ ਸਾਹਿਬ ਤੋਂ ਆਏ ਹਾਂ “। ਇੰਨਾ ਸੁਣਨ ਦੀ ਦੇਰ ਸੀ ਦਸ਼ਮੇਸ਼ ਜੀ ਉਠ ਕੇ ਆ ਗਏ ਤੇ ਆਪਣੇ ਮਾਮਾ ਜੀ (ਬਾਬਾ ਜੀ) ਦੇ ਚਰਨਾਂ ‘ਚ ਮਥਾ ਟੇਕ ਦਿੱਤਾ ਤੇ ਉਨ੍ਹਾਂ ਨੂੰ ਅੰਦਰ ਮਹਿਲ ‘ਚ ਲੈ ਗਏ ਜਿਥੇ ਮਾਤਾ ਜੀ ਸੀ, ਮਾਤਾ ਜੀ ਨਾਲ ਤਾਂ ਬਾਬਾ ਜੀ ਦਾ ਪਹਿਲਾਂ ਹੀ ਬੜਾ ਪ੍ਰੇਮ ਸੀ। ਮਾਤਾ ਜੀ ਨੇ ਵੀ ਬਾਬਾ ਜੀ ਦਾ ਬੜਾ ਸਤਿਕਾਰ ਕੀਤਾ। ਬਾਬਾ ਜੀ ਉਥੇ ਗੁਰੂ ਸਾਹਿਬ ਜੀ ਕੋਲ ਕੁਛ ਦਿਨ ਰੁਕੇ ਤੇ ਫੇਰ ਵਾਪਿਸ ਲਖਨੌਰ ਚਲੇ ਗਏ।
ਜਦੋਂ ਬਾਬਾ ਬੀਰਮ ਦਾਸ ਜੀ ਚਲੇ ਗਏ ਤਾਂ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਛਿਆ ” ਲਾਲ ਜੀ ਤੁਹਾਡੇ ਮਾਮਾ ਜੀ ਦੀ ਹੁਣ ਦੀ ਤੇ ਪਿਛਲੇ ਜਨਮਾਂ ਦੀ ਕਮਾਈ ( ਭਜਨ ਬੰਦਗੀ) ਬਹੁਤ ਹੈ, ਤੇ ਉਹ ਇਸ ਆਸ ‘ਤੇ ਆਏ ਸੀ ਕਿ ਤੁਸੀਂ ਉਨ੍ਹਾਂ ‘ਤੇ ਕਿਰਪਾ ਕਰੋਂਗੇ, ਤੁਸੀਂ ਉਨ੍ਹਾਂ ਦੇ ਚਰਨਾਂ ‘ਚ ਸੀਸ ਰੱਖ ਕੇ ਮਥਾ ਵੀ ਟੇਕ ਦਿਤਾ ਪਰ ਕਿਰਪਾ ਦ੍ਰਿਸ਼ਟੀ ਫੇਰ ਵੀ ਨਹੀਂ ਕੀਤੀ। ਇਹ ਕਿਓ “. ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾ ਪਏ ਤੇ ਕਹਿਣ ਲੱਗੇ ” ਮਾਤਾ ਜੀ ਮੱਥਾ ਅਸੀਂ ਆਪਣੇ ਮਾਮਾ ਜੀ ਨੂੰ ਟੇਕਿਆ ਸੀ ਤੇ ਭਾਵੇਂ ਉਨ੍ਹਾਂ ਦੀ ਭਜਨ ਬੰਦਗੀ ਬਹੁਤ ਹੈ ਪਰ ਕਿਰਪਾ ਲੈਣ ਵਾਸਤੇ ਮਾਮਾ ਬਣ ਕੇ ਨਹੀ ਦਾਸ ਬਣ ਕੇ ਆਉਂਦੇ ਹੁੰਦੇ ਹੈ । ਜਦੋਂ ਇਸ ਗੱਲ ਦਾ ਬਾਬਾ ਬੀਰਮ ਦਾਸ ਜੀ ਨੂੰ ਪਤਾ ਲਗਾ ਤਾਂ ਉਹ ਭਜਨ ਬੰਦਗੀ ਕਰਨ ਨਿਕਲ ਗਏ ਤੇ ਇਕ ਜਗ੍ਹਾ ਤੇ ਜਾ ਕੇ ਸਮਾਧੀ ਲਾ ਲਈ। ਜਦੋਂ ਸਮਾਧੀ ਲੱਗ ਗਈ ਫੇਰ ਸਰੀਰ ਦਾ ਵੀ ਪਤਾ ਨਾ ਰਿਹਾ। ਇਥੋਂ ਤੱਕ ਕਿ ਸੱਪਾਂ ਨੇ ਵੀ ਸਰੀਰ ਦੇ ਆਲੇ ਦੁਆਲੇ ਬੀਰਮੀ (ਘਰ) ਬਣਾ ਲਈ. ਤੇ ਇਲਾਕੇ ਚ ਬੀਰਮੀ ਵਾਲੇ ਸਾਧੂ ਦੇ ਨਾਮ ਨਾਲ ਮਸ਼ਹੂਰ ਹੋ ਗਏ, ਤੇ ਇਸੇ ਕਰਕੇ ਇਨ੍ਹਾਂ ਦਾ ਨਾਂ ਰਤਨ ਦਾਸ ਤੋਂ ਬੀਰਮ ਦਾਸ ਹੋ ਗਿਆ।
ਇਕ ਦਿਨ ਦਸ਼ਮੇਸ਼ ਜੀ ਨੇ ਸੁਰਤੀ ਨਾਲ (ਅੰਤਰ-ਜਾਮਤਾ ਨਾਲ) ਬਾਬਾ ਜੀ ਨੂੰ ਹਜ਼ੂਰ ਸਾਹਿਬ ਬੁਲਾ ਲਿਆ ਤੇ ਕਿਹਾ ਬਾਬਾ ਜੀ ਅੱਜ ਤੁਹਾਡੀ ਕਮਾਈ ਸਫਲ ਹੋ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਸਮੇ ਗੋਦਾਵਰੀ ਨਦੀ ਤੇ ਕਿਨਾਰੇ ਤੇ ਬਾਬਾ ਜੀ ਤੇ ਕਿਰਪਾ ਦ੍ਰਿਸ਼ਟੀ ਕਰ ਦਿਤੀ ਤੇ ਹੁਕਮ ਕੀਤਾ ਕਿ ਪੰਜਾਬ ਦੀ ਧਰਤੀ ‘ਤੇ ਜਾਓ, ਸੰਪਰਦਾਵਾਂ ਤੇ ਟਕਸਾਲਾਂ ਚਲਾਓ, ਸਾਧੂ, ਸੰਤ, ਮਹਾਤਮਾ ਤੇ ਕਿਰਪਾ ਦ੍ਰਿਸ਼ਟੀ ਕਰਕੇ ਓਹਨਾ ਨੂੰ ਬ੍ਰਹਮ ਗਿਆਨਤਾ ਬਖਸ਼ੋ।
ਇਹ ਵੀ ਪੜ੍ਹੋ : ਮਨ ਨੂੰ ਕੌਣ ਕਾਬੂ ਕਰ ਸਕਦਾ ਹੈ -ਗੁਰੂ ਰਾਮ ਦਾਸ ਜੀ ਨੇ ਦੱਸਿਆ ਜਵਾਬ