ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਨੂੰ ਜਦੋਂ ਪਤਾ ਲੱਗਾ ਕਿ ਮਹਿਤਾ ਕਾਲੂ ਦਾ ਪੁੱਤਰ ਗੁਰੂ ਨਾਨਕ ਦੇਵ ਕਬਿਰਸਤਾਨ ਵਿਚ ਬੈਠਾ ਭਗਤੀ ਕਰ ਰਿਹਾ ਹੈ ਤਾਂ ਉਹ ਆਪਣੇ ਵੱਡੇ ਕਾਜ਼ੀ ਨੂੰ ਲੈ ਕੇ ਵੇਖਣ ਆਇਆ। ਦੋਵੇਂ ਬਹੁਤ ਹੈਰਾਨ ਹੋਏ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣੀ ਭਗਤੀ ਵਿਚ ਇੰਨੇ ਲੀਨ ਸਨ, ਉਨ੍ਹਾਂ ਨੂੰ ਕਿਸੇ ਦੇ ਵੀ ਆਉਣ ਦੀ ਸੁਧ ਨਹੀਂ ਸੀ। ਜਦੋਂ ਨਵਾਬ ਤੇ ਕਾਜ਼ੀ ਹੋਰ ਨੇੜੇ ਹੋਏ ਤਾਂ ਉਨ੍ਹਾਂ ਸੁਣਿਆ ਗੁਰੂ ਨਾਨਕ ਦੇਵ ਜੀ ਆਖ ਰਹੇ ਸੀ ‘ਨ ਕੋ ਹਿੰਦੂ ਨ ਮੁਸਲਮਾਨ’। ਉਹ ਇਹ ਦੇਖ ਕੇ ਬਹੁਤ ਹੈਰਾਨ ਹੋਏ। ਗੁਰੂ ਨਾਨਕ ਦੇਵ ਜੀ ਉਸ ਸਮੇਂ 35 ਵਰ੍ਹਿਆਂ ਦੇ ਸਨ।
ਕਾਜ਼ੀ ਗੁਰੂ ਨਾਨਕ ਦੇਵ ਜੀ ਨੂੰ ਆਖਣ ਲੱਗਾ, ਨਾਨਕ, ਤੁਸੀਂ ਕਿਵੇਂ ਆਖਦੇ ਹੋ ਕਿ ਕੋਈ ਮੁਸਲਮਾਨ ਨਹੀਂ?” ਇਸ ਸ਼ਹਿਰ ਤੇ ਸਾਰੀ ਦੁਨੀਆ ਵਿਚ ਬਹੁਤ ਸਾਰੇ ਮੁਸਲਮਾਨ ਹਨ। ਇਸ ਤਰ੍ਹਾਂ ਇਸ ਦੁਨੀਆ ਵਿਚ ਹਿੰਦੂ ਅਖਵਾਉਣ ਵਾਲੇ ਵੀ ਹਨ। ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ, ”ਇਹ ਸੱਚ ਹੈ ਕਿ ਆਪਣੇ ਆਪ ਨੂੰ ਮੁਸਲਮਾਨ ਤੇ ਹਿੰਦੂ ਅਖਵਾਉਣ ਵਾਲੇ ਬਹੁਤ ਹਨ ਪਰ ਉਹ ਆਪਣੇ ਧਰਮ ਦੀ ਅਸਲੀਅਤ ਗੁਆ ਚੁੱਕੇ ਹਨ। ਹਿੰਦੂ ਤੇ ਮੁਸਲਮਾਨ ਦੋਵੇਂ ਉਸ ਰੱਬ ਨੇ ਪੈਦਾ ਕੀਤੇ ਹਨ। ਇੱਕ ਸੱਚਾ ਹਿੰਦੂ ਜਾਂ ਮੁਸਲਮਾਨ ਅਜਿਹੇ ਕਰਮ ਨਹੀਂ ਕਰਦਾ, ਜਿਸ ਨਾਲ ਉਹ ਦਾ ਰੱਬ ਨਾਰਾਜ਼ ਹੋ ਜਾਵੇ। ਗੁਰੂ ਨਾਨਕ ਦੇਵ ਜੀ ਨੇ ਇੱਕ ਸੱਚੇ-ਸੁੱਚੇ ਮੁਸਲਮਾਨ ਦੇ ਗੁਣ ਇਸ ਤਰ੍ਹਾਂ ਦਰਸਾਏ ਹਨ :
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣ।। ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ।।
ਕਰਨੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ।।
ਉਪਰੋਕਤ ਸ਼ਬਦ ਤੋਂ ਇਹ ਗੱਲ ਸਪੱਸਟ ਹੁੰਦੀ ਹੈ ਕਿ ਰੱਬ ਦੀ ਇਸ ਰਜ਼ਾ ਵਿਚ ਰਹਿਣ ਵਾਲਿਆਂ ਨੂੰ ਹੀ ਸੱਚਾ ਮੁਸਲਮਾਨ ਜਾਂ ਸੱਚਾ ਹਿੰਦੂ ਆਖਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣ ਕੇ ਕਾਜ਼ੀ ਕੋਈ ਕੋਈ ਜਵਾਬ ਨਹੀਂ ਸੀ। ਨਵਾਬ ਨੇ ਗੁਰੂ ਕੋਲੋਂ ਖਿਮਾ ਮੰਗੀ। ਉਹ ਸਮਝ ਗਿਆ ਸੀ ਕਿ ਪ੍ਰਮਾਤਮਾ ਇੱਕ ਹੈ। ਉਸ ਨੇ ਸਾਰਿਆਂ ਨੂੰ ਪੈਦਾ ਕੀਤਾ ਹਾਵੇ। ਸਾਰੇ ਇਨਸਾਨ ਬਰਾਬਰ ਹਨ ਸਾਰਿਆਂ ਨੂੰ ਆਪਸ ਵਿਚ ਮਿਲਜੁਲ ਕੇ ਅਮਨ ਨਾਲ ਰਹਿਣਾ ਚਾਹੀਦਾ ਹੈ। ਸਾਨੂੰ ਚਾਹੀਦੀ ਹੈ ਕਿ ਧਰਮ ਰੂਪੀ ਵੰਡੀਆਂ ਨਾ ਪਾਈਏ ਬਲਕਿ ਗੁਰਮਤਿ ਅਨੁਸਾਰ ਦਰਸਾਏ ਧਰਮ ਨੂੰ ਅਪਣਾਈਏ :
ਸਰਬ ਧਰਮ ਮਹਿ ਸ੍ਰੇਸਟ ਧਰਮੁ।। ਹਰਿ ਕੇ ਨਾਮੁ ਜਪਿ ਨਿਰਮਲ ਕਰਮੁ।।