Guru Nanak Dev Ji: ਗੁਰੂ ਨਾਨਕ ਦੇਵ ਜੀ ਜਦੋਂ ਨੌਂ ਸਾਲ ਦੇ ਹੋਏ ਤਾਂ ਜਨੇਊ ਪਾਉਣ ਦੀ ਰੀਤ ਕਰਨ ਵਾਸਤੇ ਪਿਤਾ ਜੀ ਨੇ ਪਰੋਹਤ ਹਰਿਦਿਆਲ ਨੂੰ ਬੁਲਾਇਆ। ਸ਼ੁਭ ਮਹੂਰਤ ਦੇਖ ਕੇ ਪਰੋਹਤ ਜੀ ਨੇ ਸਭ ਸਮਗ੍ਰੀ ਮੰਗਵਾਈ । ਪਿਤਾ ਕਾਲੂ ਜੀ ਨੇ ਸਭ ਰਿਸ਼ਤੇਦਾਰਾਂ ਅਤੇ ਬ੍ਰਾਹਮਣਾਂ ਨੂੰ ਨਿਉਤਾ ਦਿੱਤਾ । ਸਾਰੇ ਸੱਦਾ ਮਿਲਦੇ ਇਕੱਤ੍ਰ ਹੋਏ ਅਤੇ ਬਾਬਾ ਜੀ ਨੂੰ ਜਨੇਊ ਪਾਉਣ ਵਾਲੇ ਅਸਥਾਨ ਤੇ ਲੇਪਨ ਕਰ ਬੇਦ ਬਿਧ ਚੌਂਕ ਪੂਰਨ ਕੀਤਾ ਅਤੇ ਸਭ ਇਕੱਠੇ ਹੋ ਕੇ ਬੈਠ ਗਏ । ਬਾਬਾ ਨਾਨਕ ਜੀ ਨੂੰ ਇਸ਼ਨਾਨ ਕਰਵਾ ਕੇ ਬੁਲਾਇਆ ਤਾਂ ਬਾਬਾ ਜੀ ਇਸ਼ਨਾਨ ਕਰਕੇ ਆ ਬੈਠੇ ਐਵੇਂ ਲਗ ਰਿਹਾ ਸੀ ਜਿਵੇਂ ਸਭ ਤਾਰਾ ਮੰਡਲ ਵਿੱਚ ਚੰਦ੍ਰਮਾ ਸ਼ੋਭਾ ਪਾਉਂਦਾ ਹੈ । ਪਰੋਹਤ ਨੇ ਛੱਤ੍ਰੀਆਂ ਵਾਲੀ ਰੀਤ ਬੇਦ ਸਭ ਜਰਵਾਈ ਜੋ ਪੁਰਾਤਨ ਰੀਤ ਕੁਲਾਂ ਤੋਂ ਚੱਲ ਰਹੀ ਹੈ ਸਭ ਸਿਖਾਉਣ ਲੱਗੇ । ਸੰਧਿਆ ਤਰਪਨ ਸਿਖਾ ਕੇ ਸੂਤ ਸ਼ੋਤੀ ਜਨੇਊ ਮਾਲਾ ਤਿਲਕ ਖਟ ਕਰਮ ਗੁਰੂ ਜੀ ਨੂੰ ਸਿਖਾਉਣ ਲੱਗੇ ਤਾਂ ਸਰਬ ਸਮਰਥ ਗੁਰੂ ਨਾਨਕ ਜੀ ਮੁਕਤ ਭੁਗਤ ਕੇ ਦੇਣ ਵਾਲੇ ਪਰੋਹਤ ਨੂੰ ਕਹਿਣ ਲੱਗੇ ਹੇ ਮਿਸਰ ਜੀ ਜਨੇਊ ਦੇ ਪਾਏ ਤੇ ਕੀ ਅਧਿਕਤਾ ਹੁੰਦੀ ਹੈ ?
ਇਸ ਜਨੇਊ ਪਾਏ ਦਾ ਕੀ ਧਰਮ ਹੈ ਅਤੇ ਕਿਹੜੀ ਪਦਵੀ ਮਿਲਦੀ ਹੈ ?ਇਸਦੇ ਨਾ ਪਹਿਨਣ ਕਰਕੇ ਕਿਹੜੀ ਊਣਤਾ ਹੁੰਦੀ ਹੈ? ਤਾਂ ਹਰਿਦਿਆਲ ਜੀ ਬੋਲੇ ਇਸ ਜਨੇਊ ਦੇ ਪਹਿਰਨੇ ਬਿਨਾਂ ਅਪਵਿਤ੍ਰ ਹੁੰਦਾ ਹੈ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ ਅਪਵਿੱਤ੍ਰ ਰਹਿੰਦਾ ਹੈ । ਜਦੋਂ ਬੇਦ ਕੀ ਬਿਧ ਪੂਰਬਕ ਖੱਤ੍ਰੀ ਬ੍ਰਾਹਮਣ ਇਸ ਜਨੇਊ ਨੂੰ ਪਹਿਨਦਾ ਹੈ ਸਭ ਕਰਮ ਧਰਮ ਦੇ ਅਧਿਕਾਰੀ ਹੁੰਦੇ ਹਨ । ਤਾਂ ਫਿਰ ਗੁਰੂ ਜੀ ਕਿਹਾ ਸੁਣੋ ਪੰਡਿਤ ਜੀ ਖੱਤ੍ਰੀ ਬ੍ਰਾਹਮਣ ਹੋ ਕੇ ਜਨੇਊ ਗਲ ਪਾ ਕੇ ਬੁਰੇ ਕਰਮ ਕਰਣ ਤੋਂ ਨਾ ਟਲਿਆਂ , ਖੋਟੇ ਕਰਮ ਕਰਦਾ ਹੀ ਰਹਿਆ ਤਾਂ ਬ੍ਰਾਹਮਣ ਖੱਤ੍ਰੀ ਜਨੇਊ ਪਾ ਕੇ ਬਾਹਰਲੇ ਧਰਮ ਨੂੰ ਕੀ ਕਰੇਗਾ। ਧਨ ਦਾ ਨਾਸ ਤੇ ਹਿੰਸਾ ਧਰੋਹ ਅਧਰਮ ਅੰਤ ਪ੍ਰਯੰਤ ਦੁਸ਼ਟਤਾ ਝੂਠ ਚੁਗਲੀ ਕੀਤੀ ਤਾਂ ਉਹ ਖੱਤਰੀ ਬ੍ਰਾਹਮਣ ਨਹੀ ਚੰਡਾਲ ਹੈ ਅੰਤ ਜਮਰਾਜ ਦੀ ਸਾਸਨਾ ਪਾਵੇਗਾ ਉਸ ਨੂੰ ਜਨੇਊ ਪਾਏ ਦਾ ਕੀ ਫਲ ਹੋਇਆ? ਇੱਥੇ ਜੋ ਪਾਪ ਕਰੇਗਾ ਨਰਕ ਭੋਗੇਗਾ। ਸਾਰੀ ਵਾਰਤਾ ਗੁਰੂ ਜੀ ਨੇ ਕਹੀ ਤਾਂ ਜਿਤਨੇ ਲੋਕ ਬੈਠੇ ਸਭ ਹੈਰਾਨ ਹੋ ਗਏ ।