Guru Nanak Dev ji explained : ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿੱਚ ਇੱਕ ਦਿਨ ਕਬਰਿਸਤਾਨ ਵਿੱਚ ਬੈਠੇ ਸਨ। ਗੁਰੂ ਜੀ ਦੇ ਕਬਰਿਸਤਾਨ ਵਿੱਚ ਬੈਠੇ ਹੋਣ ਦੀ ਖਬਰ ਨਵਾਬ ਦੌਲਤ ਖਾਨ ਕੋਲ ਵੀ ਪੁੱਜੀ। ਉਸ ਸਮੇਂ ਸ਼ਹਿਰ ਦਾ ਵੱਡਾ ਕਾਜ਼ੀ ਨਵਾਬ ਕੋਲ ਹੀ ਖੜ੍ਹਾ ਸੀ। ਨਵਾਬ ਨੇ ਉਸ ਨੂੰ ਨਾਲ ਲਿਆ ਅਤੇ ਗੁਰੂ ਜੀ ਕੋਲ ਕਬਰਿਸਤਾਨ ਵਿੱਚ ਪਹੁੰਚ ਗਿਆ। ਉਨ੍ਹਾਂ ਆਪਣੇ ਕੰਨੀਂ ਗੁਰੂ ਜੀ ਨੂੰ ਕਹਿੰਦੇ ਸੁਣਿਆ, ਨਾ ਕੋ ਹਿੰਦੂ ਨਾ ਕੋ ਮੁਸਲਮਾਨ’। ਇਹ ਸੁਣ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਉਨ੍ਹਾਂ ਕਿਹਾ ਕਿ ਹੇ ਨਾਨਕ! ਜੇ ਤੈਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ, ਸਾਰੇ ਇੱਕ ਖੁਦਾ ਦੇ ਪੈਦਾ ਕੀਤੇ ਲਗਦੇ ਹਨ ਤਾਂ ਤੂੰ ਸਾਡੇ ਨਾਲ ਖੁਦਾ ਦੇ ਘਰ ਮਸੀਤ ਵਿੱਚ ਨਮਾਜ਼ ਅਦਾ ਕਰਨ ਚੱਲ।
ਗੁਰੂ ਜੀ ਨਵਾਬ ਦੇ ਕਹਿਣ ‘ਤੇ ਉਨ੍ਹਾਂ ਨਾਲ ਮਸੀਤ ਅੰਦਰ ਚਲੇ ਗਏ। ਉਥੇ ਸਾਰੇ ਨਮਾਜ਼ੀ ਨਮਾਜ਼ ਪੜ੍ਹਣ ਲੱਗੇ ਪਰ ਗੁਰੂ ਸਾਹਿਬ ਇਸੇ ਤਰ੍ਹਾਂ ਖੜ੍ਹੇ ਰਹੇ। ਨਮਾਜ਼ ਦੇ ਖਤਮ ਹੋਣ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ਪੁੱਛਿਆ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਜਦੋਂ ਅਸੀਂ ਨਮਾਜ਼ ਪੜ੍ਹ ਰਹੇ ਸੀ ਤਾਂ ਤੁਸੀਂ ਚੁੱਪਚਾਪ ਕਿਉਂ ਕੜ੍ਹੇ ਰਹੇ? ਇਸ ‘ਤੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕਿ ਨਵਾਬ ਸਾਹਿਬ ਤੁਸੀਂ ਕਿਹਾ ਸੀ ਕਿ ਤੁਹਾਡੇ ਨਾਲ ਨਮਾਜ਼ ਅਦਾ ਕਰਨ ਚੱਲਾਂ ਪਰ ਤੁਸੀਂ ਤਾਂ ਨਮਾਜ਼ ਅਦਾ ਕਰ ਹੀ ਨਹੀਂ ਰਹੇ ਸੀ। ਤੁਹਾਡਾ ਸਰੀਰ ਇਥੇ ਸੀ ਪਰ ਤੁਹਾਡਾ ਮਨ ਤਾਂ ਕੰਧਾਰ ਘੋੜੇ ਖਰੀਦਣ ਗਿਆ ਹੋਇਆ ਸੀ।
ਨਵਾਬ ਨੇ ਕਿਹਾ, ”ਨਾਨਕ, ਜੇ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜ਼ੀ ਨਾਲ ਨਮਾਜ਼ ਪੜ੍ਹ ਲੈਂਦੇ ਤਾਂ ਗੁਰੂ ਜੀ ਨੇ ਕਿਹਾ ”ਨਵਾਬ ਸਾਹਿਬ, ਕਾਜ਼ੀ ਦਾ ਮਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ।” ਇਹ ਸੁਣ ਕੇ ਕਾਜ਼ੀ ਨੇ ਕਿਹਾ, ”ਨਵਾਬ ਸਾਹਿਬ, ਨਾਨਕ ਸੱਚ ਕਹਿੰਦਾ ਹੈ। ਮੇਰੀ ਘੋੜੀ ਅੱਜ ਸਵੇਰੇ ਸੂਈ ਸੀ। ਨਮਾਜ਼ ਵੇਲੇ ਮੇਰੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਵਛੇਰਾ ਟੋਏ ਵਿੱਚ ਡਿੱਗ ਪਏ ਅਤੇ ਨਿਕਲ ਨਾ ਸਕੇ। ਗੁਰੂ ਨਾਨਕ ਦੇਵ ਜੀ ਨੇ ਕਿਹਾ, ”ਕਾਜ਼ੀ ਸਾਹਿਬ, ਖੁਦਾ ਦੇ ਦਰ ਉਪਰ ਉਹ ਨਮਾਜ਼ ਪ੍ਰਵਾਨ ਹੁੰਦੀ ਹੈ ਜਿਹੜੀ ਸੱਚੇ ਮਨ ਨਾਲ ਪੜ੍ਹੀ ਜਾਵੇ। ਮਨ ਦੀ ਇਗਾਰਤਾ ਤੋਂ ਬਿਨਾਂ ਪੜ੍ਹੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਅਤੇ ਦੂਜਿਆਂ ਲਈ ਦਿਖਾਵਾ ਹੈ।”