Guru Nanak Dev ji in Haridwar : ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਜਗਤ ਨੂੰ ਤਾਰਿਆ ਅਤੇ ਲੋਕਾਂ ਦੇ ਕਰਮਕਾਂਡਾਂ ਤੇ ਭਰਮ-ਭੁਲੇਖਿਆ ਨੂੰ ਦੂਰ ਕੀਤਾ। ਆਪਣੀਆਂ ਉਦਾਸੀਆਂ ਦੌਰਾਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਪ੍ਰਸਿੱਧ ਤੀਰਥ ਅਸਥਾਨ ਹਰਿਦੁਆਰ ਗਏ। ਸੂਰਜ ਗ੍ਰਹਿਣ ਦੇ ਮੌਕੇ ਉਥੇ ਲੋਕਾਂ ਦੀ ਖੂਬ ਭੀੜ ਸੀ। ਪਾਂਡੇ ਦਾਨ ਮੰਗ ਰਹੇ ਸਨ, ਸ਼ਾਮ ਨੂੰ ਡੂਨਿਆਂ ਵਿਚ ਰੱਖ ਕੇ ਦੀਵੇ ਤਾਰੇ ਜਾ ਰਹੇ ਸਨ, ਆਰਤੀ ਹੋ ਰਹੀ ਸੀ। ਫਿਰ ਸਵੇਰੇ ਫੁੱਲ ਤਾਰੇ ਜਾ ਰਹੇ ਸਨ, ਇਸ਼ਨਾਨ ਹੋ ਰਹੇ ਸਨ ਅਤੇ ਪਿਤਰਾਂ ਨੂੰ ਜਲ ਦਿੱਤਾ ਜਾ ਰਿਹਾ ਸੀ। ਗੁਰੂ ਨਾਨਕ ਦੇਵ ਜੀ ਨੇ ਪਾਂਡਿਆਂ ਪਾਸੋਂ ਉਨ੍ਹਾਂ ਦੇ ਪੂਰਬ ਦਿਸ਼ਾ ਵਿਚ ਸੂਰਜ ਵੱਲ ਪਾਣੀ ਝੱਟਣ ਦਾ ਮਤਲਬ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਪਿੱਤਰ-ਲੋਕ ਵਿਚ ਆਪਣੇ ਪਿੱਤਰਾਂ ਨੂੰ ਜਲ ਪਹੁੰਚਾਉਣ ਦੀ ਇਹ ਇਕ ਰਸਮ ਹੈ। ਉਨ੍ਹਾਂ ਦੀ ਇਹ ਅਗਿਆਨਤਾ ਦੇਖ ਕੇ ਗੁਰੂ ਨਾਨਕ ਦੇਵ ਜੀ ਗੰਗਾ ਵਿੱਚ ਜਾ ਖੜ੍ਹੇ ਹੋਏ ਅਤੇ ਜਿਸ ਪਾਸੇ ਸੂਰਜ ਚੜਿਆ ਸੀ, ਉਸ ਵੱਲ ਪਿੱਠ ਕਰਕੇ ਖੜ੍ਹੇ ਹੋ ਗਏ ਅਤੇ ਪੱਛਮ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ।
ਪਹਿਲਾਂ ਤਾਂ ਲੋਕੀਂ ਆਪੋ ਵਿਚ ਗੱਲਾਂ ਕਰਦੇ ਸਨ ਪਰ ਜਦ ਖਾਸੀ ਭੀੜ ਹੋ ਗਈ ਤਾਂ ਲੋਕ ਉਨ੍ਹਾਂ ਤੋਂ ਪੁੱਛਣ ਲੱਗੇ, ‘ਤੂੰ ਕੌਣ ਹੈਂ? ਹਿੰਦੂ ਹੈਂ? ਪੱਛਮ ਨੂੰ ਪਾਣੀ ਕਿਉਂ ਦੇ ਰਿਹਾ ਹੈਂ? ਪੱਛਮ ਨੂੰ ਤਾਂ ਮੱਕਾ ਹੈ। ਜੇ ਤੂੰ ਹਿੰਦੂ ਹੈਂ ਤਾਂ ਪਿਤਰਾਂ ਨੂੰ ਪਾਣੀ ਦੇਹ, ਦੇਖ ਪੂਰਬ ਵੱਲੋਂ ਸੂਰਜ ਚੜ੍ਹ ਰਿਹਾ ਹੈ, ਦੱਸ ਤੂੰ ਕੌਣ ਹੈਂ?’ ਇਸ ‘ਤੇ ‘ਗੁਰੂ ਸਾਹਿਬ ਨੇ ਪੁੱਛਿਆ, ਦੱਸੋ ਤੁਹਾਡੇ ਪਿਤਰ ਕਿੰਨੀ ਕੁ ਦੂਰ ਹਨ? ਸੂਰਜ ਕਿਥੇ ਕੁ ਹੈ?’ ਲੋਕਾਂ ਨੇ ਕਿਹਾ, ‘ਪਿਤ੍ਰ ਲੋਕ ਵਿਚ, ਲੱਖਾਂ ਹਜ਼ਾਰਾਂ ਕਰੋੜਾਂ ਕੋਹਾਂ ‘ਤੇ। ਸੂਰਜ ਵੀ ਦੂਰ ਹੈ।’ ਇਹ ਸੁਣ ਕੇ ਗੁਰੂ ਜੀ ਬੋਲੇ, ‘ਬਈ ਸੱਜਣੋ! ਮੇਰਾ ਇਸ ਪਾਸੇ ਘਰ ਹੈ, ਅਤੇ ਖੇਤ ਹਨ। ਸਾਡੇ ਦੇਸ਼ ਮੀਂਹ ਨਹੀਂ ਪਿਆ। ਤੁਹਾਨੂੰ ਦੇਖ ਕੇ ਮੈਂ ਕਿਹਾ ਚਲੋ ਇਥੋਂ ਹੀ ਪਾਣੀ ਪਹੁੰਚਾ ਦੇਈਏ, ਤਾਂ ਜੋ ਖੇਤ ਸੁੱਕਣ ਤੋਂ ਬੱਚ ਜਾਣ।
ਇਹ ਸੁਣ ਕੇ ਸਾਰੇ ਹੱਸ ਪਏ। ‘ਪਾਣੀ ਗੰਗਾ ਦਾ ਗੰਗਾ ਵਿਚ ਪਿਆ ਡਿਗਦਾ ਹੈ ਤੇ ਇਸ ਦੇ ਭਾਣੇ ਖੇਤਾਂ ਨੂੰ ਪਿਆ ਪਹੁੰਚਾ ਹੈ।’ ਇਕ ਸਿਆਣਾ-‘ਭਲੇ ਸੱਜਣਾ! ਆਪਣੇ ਹੱਥ ਕਿਉਂ ਥਕਾ ਰਿਹਾ ਹੈਂ? ਇਹ ਤੇਰਾ ਪਾਣੀ ਖੇਤਾਂ ਨੂੰ ਨਹੀਂ ਜਾਣ ਲੱਗਾ। ਖੇਤ ਤੇਰੇ ਦੂਰ ਹਨ, ਦੂਰ ਲਹਿੰਦੇ ਨੂੰ, ਗੰਗਾ ਜਾ ਰਹੀ ਹੈ ਪੂਰਬ ਨੂੰ।’ ਗੁਰੂ ਜੀ ਨੇ ਕਿਹਾ ਅੱਛਾ ਜੀ! ਇਸ ਧਰਤੀ ਉੱਤੇ ਮੇਰੇ ਖੇਤਾਂ ਨੂੰ ਮੇਰਾ ਦਿੱਤਾ ਪਾਣੀ ਨਹੀਂ ਪਹੁੰਚੇਗਾ ਤਾਂ ਤੁਹਾਡਾ ਦਿੱਤਾ ਪਾਣੀ ਸੂਰਜ ਲੋਕ ਵਿਚ ਕਿ ਕਿਸੇ ਦੂਜੇ ਲੋਕ ਵਿਚ ਕਰੋੜਾਂ ਕੋਹਾਂ ‘ਤੇ ਪਹੁੰਚੇਗਾ? ਸਾਰੇ ਸੋਚੀਂ ਪੈ ਗਏ। ਲੋਕ ਕਹਿਣ ਲੱਗੇ ਕਿ ਇਹ ਭਾਵਨਾ ਦੀ ਗੱਲ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਤੁਹਾਡੇ ਸੰਕਲਪ ਤੁਹਾਨੂੰ ਨਰਕ ਵੱਲ ਲਿਜਾ ਰਹੇ ਹਨ।’ ਗੁਰੂ ਜੀ ਨੇ ਪਾਂਡਿਆਂ ਅਤੇ ਹਾਜ਼ਰ ਲੋਕਾਂ ਨੂੰ ਸਮਝਾਇਆ ਕਿ ਪ੍ਰਾਣੀ ਜੋ ਸੰਸਾਰ ਵਿਚ ਜੀਵਨ ਸਮੇਂ ਕਰਮ ਕਰਦਾ ਹੈ, ਉਹ ਉਹੀ ਰਾਸ-ਪੂੰਜੀ ਕਰਮ-ਫਲ ਦੇ ਰੂਪ ਵਿਚ ਨਾਲ ਲਿਜਾਂਦਾ ਹੈ, ਪਿੱਛੋਂ ਉਸ ਨੂੰ ਕੁਝ ਵੀ ਨਹੀਂ ਭੇਜਿਆ ਜਾ ਸਕਦਾ।