Guru Nanak Dev Ji three teachings : ਇੱਕ ਵਾਰ ਲੋਕਾਂ ਦੇ ਘਰਾਂ ਵਿੱਚ ਚੋਰੀ ਕਰਨ ਵਾਲਾ ਚੋਰ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ। ਗੁਰੂ ਸਾਹਿਬ ਦੀ ਸੰਗਤ ਅਤੇ ਗੁਰਬਾਣੀ ਦਾ ਕੀਰਤਨ ਸੁਣਦਿਆਂ, ਉਸਨੇ ਗੁਰੂ ਸਾਹਿਬ ਤੋਂ ਆਪਣੇ ਕੀਤੇ ਮਾੜੇ ਕੰਮਾਂ ਲਈ ਮੁਆਫੀ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ਚੋਰੀ ਦਾ ਕੰਮ ਛੱਡ ਕੇ ਇਮਾਨਦਾਰੀ ਦੀ ਜ਼ਿੰਦਗੀ ਜਿਊਣ ਲਈ ਕਿਹਾ। ਗੁਰੂ ਜੀ ਦੇ ਸ਼ਬਦਾਂ ਨੂੰ ਸੁਣਦਿਆਂ ਚੋਰ ਨੇ ਮੁਆਫੀ ਮੰਗੀ ਅਤੇ ਕਿਹਾ ਕਿ ਮੈਂ ਇਮਾਨਦਾਰੀ ਦੀ ਜ਼ਿੰਦਗੀ ਨਹੀਂ ਜੀ ਸਕਦਾ ਕਿਉਂਕਿ ਮੈਨੂੰ ਕੋਈ ਕੰਮ ਨਹੀਂ ਮਿਲਦਾ ਅਤੇ ਮੈਨੂੰ ਕੁਝ ਵੀ ਨਹੀਂ ਪਤਾ। ਗੁਰੂ ਸਾਹਿਬ ਨੇ ਮੁਸਕਰਾਉਂਦਿਆਂ ਕਿਹਾ ਕਿ ਤੁਸੀਂ ਜੋ ਵੀ ਕਰਦੇ ਹੋ, ਇਹ ਤਿੰਨ ਗੱਲਾਂ ਨਾ ਕਰਨਾ-
- ਜਿਸ ਦਾ ਲੂਣ ਖਾਓ ਉਸ ਦਾ ਮਾੜਾ ਨਹਂ ਕਰਨਾ।
- ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਾ ਬਣਨਾ।
- ਝੂਠ ਨਾ ਬੋਲਣਾ।
ਚੋਰ ਨੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਅਤੇ ਫਿਰ ਆਪਣੇ ਕੰਮ ‘ਤੇ ਲੱਗ ਗਿਆ। ਇਕ ਵਾਰ ਉਸ ਨੇ ਇਲਾਕੇ ਦੇ ਰਾਜਾ ਦੇ ਮਹੱਲ ਵਿੱਚ ਸੰਨ੍ਹ ਲਾਈ ਅਤੇ ਸਾਰੇ ਗਹਿਣੇ, ਪੈਸੇ ਲੈ ਕੇ ਪੋਟਲੀ ਬੰਨ੍ਹ ਲਈ ਅਤੇ ਉਥੋਂ ਜਿਵੇਂ ਹੀ ਰਵਾਨਾ ਹੋਣ ਲੱਗਾ ਤਾਂ ਉਸ ਨੂੰ ਥੋੜ੍ਹੀ ਭੁੱਖ ਮਹਿਸੂਸ ਹੋਈ। ਉਸ ਨੇ ਉਥੇ ਮੇਜ਼ ‘ਤੇ ਰੱਖੇ ਪਕਵਾਨ ਨੂੰ ਜਿਵੇਂ ਹੀ ਮੂੰਹ ਵਿੱਚ ਪਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿੱਚ ਲੂਣ ਹੈ। ਉਸਨੂੰ ਗੁਰੂ ਜੀ ਦੇ ਸ਼ਬਦ ਯਾਦ ਆ ਗਏ। ਚੋਰ ਨੇ ਸਾਰਾ ਸਾਮਾਨ ਜਿਸ ਦੀਆਂ ਗੰਢਾਂ ਬੰਨ੍ਹੀਆਂ ਸਨ, ਉਥੇ ਛੱਡ ਕੇ ਵਾਪਿਸ ਆਪਣੇ ਘਰ ਆ ਗਿਆ। ਜਦੋਂ ਰਾਜੇ ਨੇ ਸਵੇਰੇ ਸਾਮਾਨ ਬੰਨ੍ਹਿਆ ਵੇਖਿਆ ਤਾਂ ਉਸਨੇ ਇਹ ਕੰਮ ਦੁਬਾਰਾ ਨਾ ਹੋਵੇ, ਇਸ ਦੇ ਜ਼ਿੰਮੇਵਾਰੀ ਦੀ ਖੋਜ ਲਈ ਆਲੇ-ਦੁਆਲੇ ਦੇ ਸਾਰੇ ਗਰੀਬ ਲੋਕਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਚੋਰ ਨੂੰ ਇਸ ਬਾਰੇ ਪਤਾ ਲੱਗਿਆ, ਤਾਂ ਉਸਨੂੰ ਗੁਰੂ ਸਾਹਿਬ ਦਾ ਦੂਜਾ ਸ਼ਬਦ (ਕਿਸੇ ਗਰੀਬ ਦੇ ਦੁੱਖ ਦਾ ਕਾਰਨ ਨਹੀਂ ਬਣਨਾ) ਯਾਦ ਆਇਆ। ਚੋਰ ਰਾਜੇ ਕੋਲ ਪਹੁੰਚਿਆ ਅਤੇ ਆਪਣੇ ਚੋਰ ਹੋਣ ਬਾਰੇ ਦੱਸਿਆ ਅਤੇ ਗਰੀਬਾਂ ਨੂੰ ਪ੍ਰੇਸ਼ਾਨ ਨਾ ਕਰਨ ਬਾਰੇ ਕਿਹਾ।
ਰਾਜਾ ਇਹ ਵੇਖ ਕੇ ਹੈਰਾਨ ਹੈ ਕਿ ਇੱਕ ਚੋਰ ਆਪਣੇ ਆਪ ਉਸ ਕੋਲ ਆਇਆ ਹੈ ਅਤੇ ਗਰੀਬਾਂ ਨੂੰ ਸਜ਼ਾ ਤੋਂ ਬਚਾਉਣ ਲਈ ਆਪਣਾ ਜੁਰਮ ਕਬੂਲ ਕਰ ਰਿਹਾ ਹੈ। ਜਦੋਂ ਉਸਨੇ ਚੋਰ ਨੂੰ ਅਪਰਾਧ ਦੱਸਣ ਦਾ ਕਾਰਨ ਪੁੱਛਿਆ ਤਾਂ ਚੋਰ ਨੇ ਗੁਰੂ ਸਾਹਿਬ ਨਾਲ ਆਪਣੀ ਮੁਲਾਕਾਤ ਦੀ ਸਾਰੀ ਕਹਾਣੀ ਸੁਣਾ ਦਿੱਤੀ ਅਤੇ ਉਨ੍ਹਾਂ ਨਾਲ ਕੀਤੇ ਆਪਣੇ ਵਚਨਾਂ ਬਾਰੇ ਦੱਸਿਆ। ਚੋਰ ਦੀ ਗੱਲ ਸੁਣ ਕੇ ਰਾਜੇ ਨੇ ਆਪਣਾ ਮਨ ਬਦਲ ਲਿਆ ਅਤੇ ਉਸਨੂੰ ਆਪਣੇ ਮਾੜੇ ਕਰਮ ਯਾਦ ਆਏ। ਉਸਨੇ ਚੋਰ ਨੂੰ ਗੁਰੂ ਸਾਹਿਬ ਨਾਲ ਮਿਲਵਾਉਣ ਲਈ ਕਿਹਾ। ਗੁਰੂ ਸਾਹਿਬ ਦੇ ਨਾਲ ਮਿਲ ਕੇ ਰਾਜੇ ਨੇ ਆਪਣੇ ਭੈੜੇ ਕੰਮਾਂ ਲਈ ਮੁਆਫੀ ਮੰਗੀ ਅਤੇ ਚੋਰ ਦੀ ਤਰ੍ਹਾਂ ਈਮਾਨਦਾਰੀ ਦੀ ਜ਼ਿੰਦਗੀ ਜੀਉਣੀ ਸ਼ੁਰੂ ਕਰ ਦਿੱਤੀ।