ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸ਼ਾਮਲ ਸਨ, ਜੋਕਿ ਇੱਕ ਅਸੂਲਾਂ ਵਾਲੇ ਤੇ ਉੱਚੇ ਚਰਿੱਤਰ ਵਾਲੀ ਸ਼ਖਸੀਅਤ ਸਨ। ਆਪਣੀਆਂ ਜੰਗੀ ਮੁਹਿਮਾਂ ਦੌਰਾਨ ਇੱਕ ਵਾਰ ਹਰੀ ਸਿੰਘ ਨਲੂਆ ਨੇ ਜਮਰੌਦ ਵਿੱਚ ਆਪਣੀ ਫੌਜ ਸਮੇਤ ਡੇਰੇ ਲਾਏ ਸਨ। ਉਥੇ ਦੀ ਇੱਕ ਮੁਸਲਿਮ ਔਰਤ ਬਾਨੋ ਨੇ ਸਿੱਖਾਂ ਨੂੰ ਵੇਖਿਆ। ਉਹ ਹਰੀ ਸਿੰਘ ਨਲਵਾ ਦੀ ਸ਼ਖਸੀਅਤ ਵੇਖ ਕੇ ਉਨ੍ਹਾਂ ਵੱਲ ਆਕਰਸ਼ਿਤ ਹੋ ਗਈ।
ਹਰੀ ਸਿੰਘ ਨਲੂਆ ਆਪਣੇ ਤੰਬੂ ਵਿੱਚ ਬੈਠੇ ਹੋਏ ਸੀ ਤਾਂ ਬੇਗਮ ਬਾਨੋ ਨੇ ਸਿਪਾਹੀਆਂ ਕੋਲ ਹਰੀ ਸਿੰਘ ਨਲੂਆ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਹਰੀ ਸਿੰਘ ਨਲੂਆ ਹਮੇਸ਼ਾ ਹੀ ਆਮ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ, ਉਨ੍ਹਾਂ ਨੇ ਤੁਰੰਤ ਔਰਤ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਕੋਲ ਪਹੁੰਚ ਕੇ ਬੇਗਮ ਬਾਨੋ ਨੇ ਕਿਹਾ, “ਮੈਂ ਸਿੱਖਾਂ ਬਾਰੇ ਬਹੁਤ ਸੁਣਿਆ ਹੈ ਕਿ ਤੁਸੀਂ ਲੋਕ ਕਮਾਲ ਦੇ ਹੋ। ਮੈਂ ਦੂਰੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਅਦਭੁਤ ਕਿਸਮ ਦੀ ਖਿੱਚ ਹੈ। ਮੇਰਾ ਅਜੇ ਤੱਕ ਵਿਆਹ ਨਹੀਂ ਹੋਇਆ ਅਤੇ ਨਾ ਹੀ ਕੋਈ ਬੱਚੇ ਹਨ ਪਰ ਮੇਰੀ ਬਹੁਤ ਇੱਛਾ ਹੈ ਕਿ ਮੇਰਾ ਤੁਹਾਡੇ ਵਰਗਾ ਬਹਾਦਰ ਪੁੱਤ ਹੋਵੇ।”
ਬਾਨੋ ਦੇ ਇਸ਼ਾਰੇ ਨੂੰ ਨਾ ਸਮਝਦਿਆਂ ਹਰੀ ਸਿੰਘ ਨਲੂਆ ਨੇ ਜਵਾਬ ਦਿੱਤਾ, “ਵਾਹਿਗੁਰੂ ਤੁਹਾਨੂੰ ਇੱਕ ਸਿੱਖ ਵਰਗਾ ਪੁੱਤ ਬਖਸ਼ੇ। ਇਸ ‘ਤੇ ਬਾਨੋ ਨੇ ਕਿਹਾ ਕਿ ਨਹੀਂ ਸਰਦਾਰ ਜੀ ਮੈਨੂੰ ਤੁਹਾਡੇ ਤੋਂ ਪੁੱਤ ਚਾਹੀਦਾ ਹੈ।”
ਇਸ ‘ਤੇ ਹਰੀ ਸਿੰਘ ਨਲਵਾ ਨੇ ਜਵਾਬ ਦਿੱਤਾ ” ਭੈਣੇ! ਮੈਂ ਪਹਿਲਾਂ ਹੀ ਵਿਆਹਿਆ ਹੋਇਆ ਹਾਂ। ਮੈਨੂੰ ਅਫਸੋਸ ਹੈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰ ਸਕਦਾ।” ਬਾਨੋ ਨੇ ਅੱਖਾਂ ਵਿੱਚ ਹੰਝੂ ਭਰ ਕੇ ਕਿਹਾ, “ਮੈਂ ਤਾਂ ਸੁਣਿਆ ਸੀ ਤੁਹਾਡਾ ਗੁਰੂ ਨਾਨਕ ਮਹਾਨ ਹੈ, ਜੋ ਵੀ ਕੋਈ ਗੁਰੂ ਨਾਨਕ ਦੇ ਘਰ ਮਦਦ ਲਈ ਝੋਲੀ ਅੱਡਦਾ ਹੈ ੳਹ ਖਾਲੀ ਨਹੀ ਮੁੜਦਾ। ਪਰ ਅੱਜ ਮੈਨੂੰ ਤੁਹਾਡੇ ਵਰਗੇ ਇੱਕ ਪੁੱਤਰ ਦੀ ਇੱਛਾ ਪੂਰੀ ਕੀਤੇ ਬਗੈਰ ਖਾਲੀ ਹੱਥ ਵਾਪਸ ਜਾ ਰਹੀ ਹਾਂ।।” ਇਹ ਸੁਣੇ ਹੀ ਹਰੀ ਸਿੰਘ ਨਲੂਆ ਬਾਨੋ ਦੇ ਇਰਾਦੇ ਨੂੰ ਭਾਂਪ ਗਏ ਪਰ ਗੁਰੂ ਦੇ ਸੱਚੇ ਸਿੱਖ ਨੇ ਪੂਰੇ ਠਰੰਮੇ ਨਾਲ ਉੱਤਰ ਦਿੰਦਿਆਂ ਬਾਨੋ ਨੂੰ ਕਿਹਾ, ”ਇਹ ਸੱਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਘਰ ਤੋਂ ਖਾਲੀ ਹੱਥ ਨਹੀਂ ਗਿਆ।
ਤੁਹਾਨੂੰ ਮੇਰੇ ਵਰਗਾ ਪੁੱਤਰ ਹੀ ਚਾਹੀਦਾ ਹੈ ਨਾ ਤੇ ਮੇਰੇ ਵਰਗਾ ਤਾਂ ਸਿਰਫ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਅੱਜ ਤੋਂ ਮੈਨੂੰ ਹੀ ਆਪਣਾ ਪੁੱਤਰ ਮੰਨ ਲਉ, ਮੈਂ ਉਮਰ ਭਰ ਤੁਹਾਡਾ ਪੁੱਤਰ ਬਣ ਕੇ ਰਹਾਗਾਂ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।
ਬਾਨੋ ਹਰੀ ਸਿੰਘ ਨਲੂਆ ਦੀ ਦਿਆਲੁਤਾ, ਇਮਾਨਦਾਰੀ, ਉੱਚ ਨੈਤਿਕ ਚਰਿੱਤਰ ਤੇ ਗੁਰੂ ਵਿਸ਼ਵਾਸ ਤੋਂ ਹੈਰਾਨ ਰਹਿ ਗਈ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਆਪ ਤੋਂ ਸ਼ਰਮਿੰਦਾ ਵੀ ਹੋਈ ਪਰ ਹਰੀ ਸਿੰਘ ਨਲੂਆ ਵਰਗਾ ਪੁੱਤਰ ਹਾਸਲ ਕਰਕੇ ਪ੍ਰਸੰਨਚਿਤ ਵੀ ਹੋਈ।
ਇਹ ਵੀ ਪੜ੍ਹੋ : ਅਕਾਲ ਪੁਰਖ ਨੂੰ ਸਭਨਾਂ ਦੀ ਫਿਕਰ ਹੈ-ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਸਮਝਾਇਆ ਭਾਈ ਸੱਜਾ ਨੂੰ
ਬਾਨੋ ਨੇ ਕਿਹਾ, ”ਮੈਂ ਸੁਣਿਆ ਸੀ ਕਿ ਗੁਰੂ ਦੇ ਸਿੱਖ ਬਹੁਤ ਮਹਾਨ ਤੇ ਖਾਸ ਲੋਕ ਹਨ, ਪਰ ਅੱਜ ਮੈਂ ਆਪਣੀਆਂ ਅੱਖਾਂ ਨਾਲ ਇਸ ਮਹਾਨਤਾ ਦੇ ਦਰਸ਼ਨ ਕੀਤੇ ਹਨ।” ਉਸ ਦਿਨ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁੱਤਰ ਨੂੰ ਜ਼ਿੰਦਗੀ ‘ਚ ਕਈ ਵਾਰ ਮਿਲਦੀ ਰਹੀ।