ਕਰਮਾਂ ਦਾ ਫਲ ਹਰ ਮਨੁੱਖ ਨੂੰ ਭੋਗਣਾ ਹੀ ਪੈਣਾ ਹੈ। ਮਨੁੱਖ ਜਿਹੜਾ ਬੀਜ ਬੀਜੇਗਾ, ਉਹੀ ਵੱਢੇਗਾ। ਫਿਰ ਭਾਵੇਂ ਕਿੰਨੇ ਵੀ ਤਰਲੇ ਪਾ ਲਏ, ਉਹ ਇਸ ਤੋਂ ਬੱਚ ਨਹੀਂ ਸਕਦਾ।
ਕਿਸੇ ਨੂੰ ਇੱਕ ਸੂਈ ਚੁਭੋਈ ਵੀ ਪਿੱਛਾ ਨਹੀਂ ਛੱਡ ਸਕਦੀ। ਜਦੋਂ ਕਿਸੇ ਅਜਿਹੇ ਵਿਅਕਤੀ ਨੂੰ ਮਾੜੇ ਕਰਮ ਕਰਦੇ ਹੋਏ ਵੇਖਦੇ ਹਾਂ ਜਿਸ ਕੋਲ ਧਨ-ਦੌਲਤ ਸਿਹਤ ਸਭ ਕੁਝ ਹੈ ਤਾਂ ਉਨ੍ਹਾਂ ਨੂੰ ਵੇਖਦੇ ਹੋਏ ਚੰਗੇ ਲੋਕ ਵੀ ਗਲਤ ਰਾਹ ‘ਤੇ ਤੁਰਨ ਲੱਗ ਜਾਂਦੇ ਹਨ।
ਉਹ ਸੋਚਦੇ ਹਨ ਕਿ ਇਹ ਮਾੜਾ ਕਰਕੇ ਸਭ ਕੁਝ ਚੰਗਾ ਖੱਟ ਰਿਹਾ ਹੈ। ਕਈ ਵਾਰ ਤਾਂ ਅਜਿਹੇ ਵਿਅਕਤੀ ਸਾਰੀ ਉਮਰ ਦੁੱਖ ਨਹੀਂ ਵੇਖਦੇ। ਤਾਂ ਮਨੁੱਖ ਦੇ ਮਨ ਵਿੱਚ ਸ਼ੰਕਾ ਹੋਰ ਵੱਧ ਜਾਂਦਾ ਹੈ ਕਿ ਇਹ ਅਕਾਲ ਪੁਰਖ ਦਾ ਕਿਹੋ ਜਿਹਾ ਨਿਆਂ ਹੈ ਕਿ ਜੇ ਕੋਈ ਚੰਗਾ ਵਿਅਕਤੀ ਮਾੜਾ ਜਿਹਾ ਵੀ ਗਲਤ ਕਰਦਾ ਹੈ ਤਾਂ ਤੁਰੰਤ ਫੜਿਆ ਜਾਂਦਾ ਹੈ ਜਦਕਿ ਵੱਡੇ-ਵੱਡੇ ਘਪਲੇਬਾਜ ਉਵੇਂ ਹੀ ਨਿਕਲ ਜਾਂਦੇ ਹਨ।
ਇਥੇ ਦੋ ਚੀਜ਼ਾਂ ਬੁੱਧੀ ਤੋਂ ਸਮਝਣ ਵਾਲੀਆਂ ਹਨ। ਪਹਿਲੀ ਕਿ ਜੇਕਰ ਅਜਿਹਾ ਵਿਅਕਤੀ ਸਾਰੀ ਉਮਰ ਮਾੜੇ ਕਰਮ ਕਰਕੇ ਵੀ ਦੁੱਖ ਨਹੀਂ ਭੋਗਦਾ ਤਾਂ ਇਸ ਦਾ ਤਲਬ ਇਹ ਨਹੀਂ ਹੈ ਕਿ ਉਹ ਕਰਮਾਂ ਦਾ ਹਿਸਾਬ ਭਰਨ ਤੋਂ ਬੱਚ ਗਿਆ ਹੈ।
ਕਰਮ ਕਦੇ ਪਿੱਛਾ ਨਹੀਂ ਛੱਡਦੇ। ਇੱਕ ਬੱਚਾ ਜੰਮਦਿਆਂ ਹੀ ਕਰੋੜਾਂ ਦਾ ਮਾਲਿਕ ਬਣ ਜਾਂਦਾ ਹੈ ਤੇ ਇੱਕ ਨੂੰ ਦੁੱਧ ਵੀ ਨਸੀਬ ਨਹੀਂ ਹੁੰਦੀ। ਕੁਝ ਤਾਂ ਮਾਂ ਦੀ ਕੁੱਖ ਵਿੱਚ ਹੀ ਆਪਣੇ ਮਾੜੇ ਕਰਮਾਂ ਦਾ ਫਲ ਭੁਗਤਦੇ ਹੋਏ ਦਮ ਤੋੜ ਦਿੰਦੇ ਹਨ। ਹੁਣ ਅਜਿਹੇ ਬੱਚੇ ਨੇ ਪੈਦਾ ਹੁੰਦੇ ਹੀ ਜਾਂ ਮਾਂ ਦੀ ਕੁੱਖ ਵਿੱਚ ਹੀ ਕੀ ਚੰਗਾ ਜਾਂ ਮਾੜਾ ਕਰ ਦਿੱਤਾ ਜੋ ਕੋਈ ਲੱਖਪਤੀ ਤੇ ਕੋਈ ਕੱਖਪਤੀ ਬਣ ਗਿਆ। ਕਈ ਬੱਚਿਆਂ ਦਾ ਸਰੀਰ ਦੇ ਅੰਗ ਵੀ ਖਰਾਬ ਹੁੰਦੇ ਹਨ, ਕੋਈ ਦੇਖ ਨਹੀਂ ਪਾਉਂਦੇ। ਇਹ ਉਹੀ ਜੀਵ ਹੁੰਦੇ ਹਨ ਜੋ ਪਿਛਲੀ ਵਾਰ ਤਾਂ ਕਿਸੇ ਤਰ੍ਹਾਂ ਆਪਣੇ ਕਰਮਾਂ ਦਾ ਹਿਸਾਬ ਚੁਕਤੂ ਕਰਨ ਤੋਂ ਬੱਚ ਗਏ ਸਨ ਪਰ ਅਗਲੇ ਜਨਮ ਵਿੱਚ ਨਹੀਂ ਬੱਚ ਸਕੇ।
ਅੱਜ ਭਾਵੇਂ ਅਸੀਂ ਚੰਗੇ ਕਰਮ ਕਰ ਰਹੇ ਹਾਂ ਪਰ ਪਿਛਲਾ ਹਿਸਾਬ-ਕਿਤਾਬ ਸਾਨੂੰ ਯਾਦ ਨਹੀਂ। ਇੱਕ ਗੱਲ ਹਮੇਸ਼ਾ ਪੱਕੀ ਕਰਨੀ ਚਾਹੀਦੀ ਹੈ ਕਿ ਕੁਦਰਤ ਕਿਸ ਨੂੰ ਬਿਨਾਂ ਕਾਰਨ ਸਜ਼ਾ ਨਹੀਂ ਦਿੰਦੀ, ਜੋ ਕੀਤਾ ਸੋ ਭਰਨਾ ਹੀ ਪੈਣਾ ਹੈ।
ਜਿਵੇਂ ਮਾਪੇ ਉਨ੍ਹਾਂ ਦੇ ਚਾਰ ਬੱਚਿਆਂ ਵਿੱਚੋਂ ਚੰਗੇ ਨਾਲ ਵੀ ਓਨਾ ਹੀ ਪਿਆਰ ਕਰਦੇ ਹਨ ਤੇ ਮਾੜੇ ਨਾਲ ਵੀ। ਪਰ ਜਦੋਂ ਮਾੜਾ ਬੱਚਾ ਸਮਝਾਉਣ ਦੇ ਬਾਵਜੂਦ ਗਲਤ ਰਾਹ ਨਹੀਂ ਛੱਡਦਾ ਤਾਂ ਉਹ ਕਹਿਣਾ ਛੱਡ ਦਿੰਦੇ ਹਨ ਪਰ ਜੇਕਰ ਚੰਗਾ ਬੱਚਾ ਕੁਝ ਗਲਤ ਕਰੇ ਤਾਂ ਸਜ਼ਾ ਦੇ ਕੇ ਜਾਂ ਫਿਰ ਸਮਝਾ ਕੇ ਉਸ ਨੂੰ ਰੋਕ ਲੈਂਦੇ ਹਨ ਤਾਂਜੋ ਉਹ ਹੋਰ ਅੱਗੇ ਨਾ ਵਧੇ। ਇਸੇ ਤਰ੍ਹਾਂ ਅਕਾਲ ਪੁਰਖ ਨੂੰ ਆਪਣੇ ਸਾਰੇ ਬੱਚਿਆਂ ਨਾਲ ਪਿਆਰ ਹੈ। ਜਦੋਂ ਕੋਈ ਮਨੁੱਖ ਉਸ ਦਾ ਫਰਮਾਨ ਨਾ ਮੰਨ ਕੇ ਗਲਤ ਕਰਦਾ ਹੀ ਰਹਿੰਦਾ ਹੈ ਤਾਂ ਫਿਰ ਪ੍ਰਮਾਤਮਾ ਵੀ ਉਸ ਨੂੰ ਛੱਡ ਦਿੰਦਾ ਹੈ ਤੇ ਫਿਰ ਉਹ ਇੱਕੋ ਵਾਰ ਕਰਮਾਂ ਦਾ ਭੁਗਤਾਨ ਕਰਦਾ ਹੈ ਤੇ ਜਦੋਂ ਕੋਈ ਚੰਗਾ ਬੱਚਾ ਗਲਤ ਰਸਤੇ ‘ਤੇ ਚੱਲਦਾ ਹੈ ਤਾਂ ਉਸੇ ਵੇਲੇ ਫੜਿਆ ਜਾਂਦਾ ਹੈ।
ਇਹ ਵੀ ਪੜ੍ਹੋ : ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮੁ ਆਧਾਰ ॥
ਇਹ ਅਕਾਲ ਪੁਰਖ ਦਾ ਉਸ ਨਾਲ ਪਿਆਰ ਹੈ ਤਾਂਜੋ ਉਹ ਗਲਤ ਰਸਤੇ ‘ਤੇ ਹੋਰ ਅੱਗੇ ਨਾ ਵਧੇ ਤੇ ਉਥੇ ਹੀ ਰੁਕ ਜਾਏ। ਜੇਕਰ ਉਹ ਅਜਿਹਾ ਨਾ ਕਰੇ ਤਾਂ ਗਲਤ ਰਸਤੇ ‘ਤੇ ਵਧਣ ਦਾ ਉਸ ਦਾ ਹੌਂਸਲਾ ਹੋਰ ਵਧ ਜਾਵੇ। ਇਸ ਲਈ ਅੱਜ ਜੋ ਵੀ ਸਾਡੇ ਨਾਲ ਹੋ ਰਿਹਾ ਹੈ ਉਸ ਨੂੰ ਬਿਲਕੁਲ ਸਹੀ ਸਮਝ ਕੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਹੈ ਤੇ ਕਰਮਾਂ ਦੀ ਇਸ ਫਿਲਾਸਫੀ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ।
ਗੁਰਬਾਣੀ ਦਾ ਫੁਰਮਾਨ ਹੈ-
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ (ਅੰਗ 432)