largest organization of Sikh Panth: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੈ। ਜਿਸ ਨੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਅਨੇਕਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਸਦਕਾ 15 ਨਵੰਬਰ 1920 ਨੂੰ ਹੋਂਦ ‘ਚ ਆਈ। ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ 20ਵੀਂ ਸਦੀ ਦੀ ਇਕ ਵਿਸ਼ੇਸ਼ ਪ੍ਰਾਪਤੀ ਹੈ। ਸਿੱਖ ਸਭਿਆਚਾਰ, ਸਿੱਖੀ ਸਿਧਾਂਤ ਅਤੇ ਸਿੱਖ ਇਤਿਹਾਸ ‘ਚ ਅਹਿਮ ਰੋਲ ਅਦਾ ਕਰਦਿਆਂ 100 ਸਾਲਾਂ ‘ਚ ਆਏ ਅਨੇਕਾਂ ਉਤਰਾਅ -ਚੜ੍ਹਾਅ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਦੀ ਇਕ ਪ੍ਰਤੀਨਿਧ ਸੰਸਥਾ ਅਤੇ ਸਿੱਖਾਂ ਦੀ ਪਾਰਲੀਮੈਂਟ ਵਜੋਂ ਆਪਣੀ ਵਿਲੱਖਣ ਪਛਾਣ ਹਾਸਲ ਕਰ ਚੁੱਕੀ ਹੈ। ਹਾਲਾਂਕਿ 15 ਨਵੰਬਰ SGPC ਦੀ 100 ਸਾਲਾਂ ਦਿਵਸ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਯਾਨੀ ਕਿ 17 ਨਵੰਬਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦੱਸ ਗੁਰੂ ਸਾਹਿਬਾਨ ਨੇ ਜਿਸ ਵੀ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਨਿਵਾਜਿਆ, ਸਿੱਖ ਸੰਗਤ ਨੇ ਉਨ੍ਹਾਂ ਪਵਿੱਤਰ ਸਥਾਨਾਂ ‘ਤੇ ਗੁਰਦੁਆਰਾ ਸਾਹਿਬ ਉਸਾਰ ਕੇ ਗੁਰੂ ਸਾਹਿਬਾਨ ਦੀਆਂ ਯਾਦਾਂ ਨੂੰ ਸਦਾ ਲਈ ਸੰਭਾਲਿਆ।
ਸਿੱਖ ਪੰਥ ਨੇ ਗੁਰਧਾਮਾਂ ਦੀ ਉਸਾਰੀ ਅਤੇ ਮਹੱਤਤਾ ਨੂੰ ਵਧਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ। ਮਿਸਾਲ ਵਜੋਂ ਜੱਸਾ ਸਿੰਘ ਆਹਲੂਵਾਲੀਆ ਆਦਿ ਦੀ ਅਗਵਾਈ ‘ਚ ਦਿੱਲੀ ਨੂੰ ਜਿੱਤਣ ਉਪਰੰਤ ਸ. ਬਘੇਲ ਸਿੰਘ ਦੀ ਅਗਵਾਈ ’ਚ ਦਿੱਲੀ ਵਿਖੇ ਗੁਰਧਾਮਾਂ ਦੀ ਉਸਾਰੀ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ’ਤੇ ਸੋਨੇ ਦੀ ਚੜ੍ਹਤ ਚੜ੍ਹਾਉਣ ਦੀ ਸੇਵਾ ਆਦਿ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਲੋਂ ਅਨੇਕਾਂ ਤਰ੍ਹਾਂ ਦੇ ਉਪਰਾਲੇ ਕੀਤੇ ਗਏ। 1873 ’ਚ ਜਦ ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ ਨੇ ਕੇਸ ਕਤਲ ਕਰ ਕੇ ਇਸਾਈ ਧਰਮ ਧਾਰਨ ਕਰਨ ਪ੍ਰਤੀ ਸ਼ਰੇਆਮ ਐਲਾਨ ਕੀਤਾ ਤਾਂ ਸੁਚੇਤ ਕੌਮੀ ਲੀਡਰਸ਼ਿਪ ਨੀਂਦ ‘ਚੋਂ ਜਾਗ ਉੱਠੀ, ਜਿਸ ਨਾਲ ਸਿੰਘ ਸਭਾ ਲਹਿਰ ਅਤੇ ਚੀਫ਼ ਖ਼ਾਲਸਾ ਦੀਵਾਨ ਦਾ ਆਗਾਜ਼ ਹੋਇਆ। ਅੰਗਰੇਜ਼ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਆਪਣੇ ਹੱਥਾਂ ‘ਚ ਰੱਖਣ ਲਈ ਸਰਬਰਾਹੀ ਸਿਸਟਮ ਲਾਗੂ ਕਰਦਿਆਂ ਇਕ ਕਮੇਟੀ ਅਤੇ ਸਰਬਰਾਹ ਨਿਯੁਕਤ ਕੀਤਾ ਗਿਆ। ਸਰਬ ਸਾਂਝੀਵਾਲਤਾ ਦੇ ਗੁਰ ਅਸਥਾਨਾਂ ’ਤੇ ਛੂਤਛਾਤ ਵੀ ਭਾਰੂ ਹੋਣ ਲਗਾ। ਧਾਰਮਿਕ ਨਿਜ਼ਾਮ ਦੀ ਵਿਗੜੀ ਹਾਲਤ ਦੇਖ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਤੇ ਉਨ੍ਹਾਂ ’ਚ ਫ਼ਿਕਰਮੰਦੀ ਵੀ ਵਧੀ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ।
ਸਿੱਖ ਕੌਮ ਵੱਲੋਂ 15 ਨਵੰਬਰ 1920 ਨੂੰ ਸਰਬੱਤ ਖ਼ਾਲਸਾ ਇਕੱਠ ਕੀਤਾ ਗਿਆ ਅਤੇ 175 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਸਰਕਾਰ ਨਾਲ ਟੱਕਰ ਨੂੰ ਟਾਲਣ ਲਈ ਸਰਕਾਰ ਵੱਲੋਂ ਐਲਾਨ ਕੀਤੇ ਉਹ ਮੈਂਬਰ ਵੀ ਸ਼ਾਮਿਲ ਕਰ ਲਏ ਗਏ ਜਿਨ੍ਹਾਂ ਦੀ ਚੋਣ ਇਕੱਠ ’ਚ ਨਹੀਂ ਸੀ ਕੀਤੀ ਗਈ। ਉਕਤ ਚੋਣ ਉਪਰੰਤ ਅੰਗਰੇਜ਼ ਹਕੂਮਤ ਸਿੱਖਾਂ ਨਾਲ ਫਿਰ ਮੁੱਕਰ ਗਈ। ਨਤੀਜੇ ਵਜੋਂ ਮਹੰਤਾਂ ਤੋਂ ਗੁਰਧਾਮਾਂ ਨੂੰ ਅਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਅਧੀਨ ਲਿਆਉਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਆਰੰਭਤਾ ਹੋਈ। ਸਿੱਖ ਕੌਮ ਨੇ ਗੁਰਦੁਆਰਿਆਂ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਖ਼ੂਨ ਡੋਲਵਾਂ ਸੰਘਰਸ਼ ਕੀਤਾ, ਮੋਰਚੇ ਲਾਏ, ਸਾਕੇ ਵਰਤਾਏ, ਡਾਂਗਾਂ ਵਰ੍ਹੀਆਂ, ਗੋਲੀਆਂ ਖਾਧੀਆਂ, 500 ਤੋਂ ਵੱਧ ਸ਼ਹੀਦੀਆਂ, ਹਜ਼ਾਰਾਂ ਅੰਗਹੀਣ, ਤੀਹ ਹਜ਼ਾਰ ਗ੍ਰਿਫ਼ਤਾਰੀਆਂ ਅਤੇ ਲੱਖਾਂ ਦਾ ਨੁਕਸਾਨ ਹੋਇਆ। ਇਸੇ ਜ਼ਬਰਦਸਤ ਜਦੋ-ਜਹਿਦ ਦੇ ਨਤੀਜੇ ਵਜੋਂ 1 ਨਵੰਬਰ 1925 ਨੂੰ ‘ਗੁਰਦੁਆਰਾ ਐਕਟ’ ਬਣ ਕੇ ਲਾਗੂ ਕੀਤਾ ਗਿਆ ਅਤੇ ਸਿੱਖ ਬੀਬੀਆਂ ਨੂੰ ਵੋਟ ਦਾ ਅਧਿਕਾਰ ਦਿੰਦਿਆਂ ਭਾਰਤੀ ਚੋਣ ਦੇ ਇਤਿਹਾਸ ’ਚ ਪਹਿਲੀ ਵਾਰ ਇਸਤਰੀ ਵਰਗ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦਾ ਮਕਸਦ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ। ਅੰਮ੍ਰਿਤ ਸੰਚਾਰ ਰਾਹੀਂ ਗੁਰੂ ਵਾਲੇ ਬਣਾਉਣਾ, ਸਿੱਖ ਰਹਿਤ ਮਰਯਾਦਾ, ਸਿੱਖੀ ਸਿਧਾਂਤ ਅਤੇ ਧਾਰਮਿਕ ਸਭਿਆਚਾਰ ਨੂੰ ਹਰ ਇਕ ਸਿੱਖ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਉਪਰਾਲਾ ਕਰਨਾ ਹੈ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਕਰੀਬ 10 ਅਰਬ ਰੁਪਏ ਹੈ। ਜਿਸ ਨਾਲ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ’ਚ ਸੈਕਸ਼ਨ 85 ਅਧੀਨ 78 ਅਤੇ ਸੈਕਸ਼ਨ 87 ਅਧੀਨ 399 ਇਤਿਹਾਸਕ ਗੁਰਦੁਆਰਿਆਂ ਦਾ ਸੁਚਾਰੂ ਪ੍ਰਬੰਧ ਚਲਾਉਣ ਤੋਂ ਇਲਾਵਾ ਦੂਰੋਂ ਆਈਆਂ ਸੰਗਤਾਂ ਦੇ ਸਹੂਲਤ ਲਈ ਅਨੇਕਾਂ ਸਰਾਵਾਂ ਦੀ ਉਸਾਰੀ ਕਰਾਈ ਗਈ ਹੈ। ਸ਼੍ਰੋਮਣੀ ਕਮੇਟੀ ਨੇ ‘ਸਿੱਖ ਇਤਿਹਾਸ ਰੀਸਰਚ ਬੋਰਡ’ ਅਤੇ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਵੀ ਸਥਾਪਿਤ ਕੀਤੀ ਹੋਈ ਹੈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਅਲੱਗ-ਅਲੱਗ ਰਾਜਾਂ ਵਿਚ 11 ਸਿੱਖ ਮਿਸ਼ਨ ਅਤੇ ਕੇਂਦਰ, ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ 19 ਮਿਸ਼ਨਰੀ ਕਾਲਜ ਤੇ ਵਿਦਿਆਲੇ ਅਤੇ ਮਿਸ਼ਨਰੀ ਤੇ ਗੁਰਮਤਿ ਸੰਗੀਤ ਕਾਲਜ ਚਲਾਏ ਜਾ ਰਹੇ ਹਨ।