Madho Das First meeting : ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਹਿਲਾ ਨਾਮ ਲਛਮਣ ਦਾਸ ਸੀ। ਉਨ੍ਹਾਂ ਨੂੰ ਘੋੜ-ਸਵਾਰੀ, ਨਿਸ਼ਾਨੇਬਾਜ਼ੀ ਅਤੇ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ।ਹਿਰਨੀ ਦੇ ਪੇਟ ਵਿੱਚ ਦੋ ਬੱਚੇ ਸਨ। ਦੋਵੇਂ ਬੱਚੇ ਅਤੇ ਹਿਰਨੀ ਉਨ੍ਹਾਂ ਦੇ ਸਾਹਮਣੇ ਤੜਫ-ਤੜਫ ਕੇ ਮਰ ਗਏ। ਇਸ ਘਟਨਾ ਨੇ ਲਛਮਣ ਦਾਸ ਨੂੰ ਝੰਜੋੜ ਕੇ ਰੱਖ ਦਿੱਤਾ।ਉਨ੍ਹਾਂ ਨੇ ਅੱਗੋਂ ਕਦੇ ਵੀ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੀ ਹੱਤਿਆ ਦੇ ਪਛਤਾਵੇ ਕਾਰਨ ਉਨ੍ਹਾਂ ਦੇ ਮਨ ਵਿੱਚ ਉਦਾਸੀਨਤਾ ਦੀ ਭਾਵਨਾ ਜਾਗ ਉੱਠੀ।ਉਹ ਸਾਧੂ-ਸੰਤਾਂ ਦੇ ਟੋਲਿਆਂ ਨਾਲ ਮਿਲ ਕੇ ਭਾਰਤ ਵਿੱਚ ਤੀਰਥਾਂ ’ਤੇ ਘੁੰਮਣ-ਫਿਰਨ ਲੱਗੇ।ਪਰ ਉਨ੍ਹਾਂ ਨੂੰ ਕਿਤੇ ਵੀ ਮਨ ਦੀ ਸ਼ਾਂਤੀ ਪ੍ਰਾਪਤ ਨਾ ਹੋਈ।ਉਨ੍ਹਾਂ ਨੇ ਪਹਿਲਾਂ ਜਾਨਕੀ ਪ੍ਰਸ਼ਾਦ, ਫਿਰ ਸਾਧੂ ਰਾਮ ਦਾਸ ਅਤੇ ਫਿਰ ਔਘੜ ਨਾਥ ਨੂੰ ਗੁਰੂ ਧਾਰਨ ਕੀਤਾ।ਜਾਨਕੀ ਪ੍ਰਸ਼ਾਦ ਨੇ ਉਨ੍ਹਾਂ ਦਾ ਨਾਂ ਲਛਮਣ ਦਾਸ ਤੋਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ।
ਰਿੱਧੀਆਂ-ਸਿੱਧੀਆਂ ਅਤੇ ਤਾਂਤਰਿਕ ਵਿੱਦਿਆ ਦੇ ਮਾਹਿਰ ਯੋਗੀ ਔਘੜ ਨਾਥ ਨੇ ਮਾਧੋ ਦਾਸ ਨੂੰ ਯੋਗ ਦੇ ਗੁੱਝੇ ਸਾਧਨ ਅਤੇ ਜਾਦੂਆਂ ਦੇ ਭੇਦ ਦੱਸੇ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਨਦੀ ਦੇ ਕੰਢੇ, ਇੱਕ ਸ਼ਾਂਤ ਤੇ ਸੁੰਦਰ ਸਥਾਨ ’ਤੇ ਆਪਣਾ ਟਿਕਾਣਾ ਬਣਾ ਲਿਆ। ਸਤੰਬਰ 1708 ਈਸਵੀ ਵਿੱਚ ਮਾਧੋ ਦਾਸ ਦੀ ਪਹਿਲੀ ਮੁਲਾਕਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੋਦਾਵਰੀ ਨਦੀ ਦੇ ਕੰਢੇ ਹੋਈ। ਉਨ੍ਹਾਂ ਨੇ ਆਪਣੀਆਂ ਰਿਧੀਆਂ-ਸਿੱਧਿਆਂ ਨਾਲ ਗੁਰੂ ਜੀ ਉੱਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀ ਪੇਸ਼ ਨਾ ਗਈ ਅਤੇ ਉਹ ਗੁਰੂ ਜੀ ਦੇ ਚਰਨੀਂ ਪੈ ਗਏ।ਗੁਰੂ ਜੀ ਨਾਲ ਕੁਝ ਦਿਨਾਂ ਦੀ ਸੰਗਤ ਨੇ ਉਨ੍ਹਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਦਿੱਤਾ।
ਉਹ ਅੰਮ੍ਰਿਤ ਛਕ ਕੇ ਮਾਧੋ ਦਾਸ ਤੋਂ ਗੁਰਬਖਸ਼ ਸਿੰਘ ਬਣ ਗਏ। ਗੁਰੂ ਜੀ ਨੇ ਉਨ੍ਹਾਂ ਨੂੰ ਬੰਦਾ ਬਹਾਦਰ ਦਾ ਖਿਤਾਬ ਦਿੱਤਾ ਅਤੇ ਉਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋ ਗਏ। ਗੁਰੂ ਜੀ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਨੇ ਥੋੜ੍ਹੇ ਦਿਨਾਂ ਵਿੱਚ ਹੀ ਗੁਰਮਤਿ ਦਾ ਗਿਆਨ ਅਤੇ ਖਾਲਸੇ ਦੀ ਰਹਿਤ ਦ੍ਰਿੜ੍ਹ ਕਰ ਲਈ ਸੀ। ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਕਰ ਕੇ ਉਨ੍ਹਾਂ ਨੇ ਜੰਤਰ-ਮੰਤਰ ਤਿਆਗ ਕੇ ਧੁਰ ਕੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ।ਇਸ ਤਰ੍ਹਾਂ ਉਹ ਪੂਰਨ ਗੁਰਸਿੱਖ ਅਤੇ ਗੁਰੂ-ਘਰ ਦੇ ਪੱਕੇ ਸੇਵਕ ਬਣ ਗਏ।