ਗੁਰੂ ਨਾਲ ਸਿੱਖ ਦੇ ਸੰਬੰਧ ਦਾ ਆਧਾਰ ਸਤਿਗੁਰੂ ਜੀ ਦੀ ਦਰਸਾਈ ਜੀਵਨ – ਜੁਗਤੀ ਨੂੰ ਅਪਣਾਉਣ `ਚ ਹੈ। ਸਤਿਗੁਰੂ ਜੀ ਨੇ ਸਪੱਸ਼ਟ ਕਿਹਾ ਹੋਇਆ ਹੈ:
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ। (ਪੰਨਾ 601)
ਹੇ ਭਾਈ! ਉਹੀ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਪਰ, ਜਿਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ।
ਇਸ ਹਕੀਕਤ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ॥ (ਪੰਨਾ 312)
(ਪ੍ਰੇਮ ਦੀ ਬਰਕਤਿ ਨਾਲ) ਗੁਰੂ ਸਿੱਖ (ਨਾਲ ਇਕ-ਰੂਪ ਹੋ ਜਾਂਦਾ) ਹੈ ਅਤੇ ਸਿੱਖ ਗੁਰੂ (ਵਿਚ ਲੀਨ ਹੋ ਜਾਂਦਾ) ਹੈ, ਸਿੱਖ ਭੀ ਗੁਰੂ ਵਾਲੇ ਉਪਦੇਸ਼ (ਦੀ ਲੜੀ) ਨੂੰ ਅਗਾਂਹ ਤੋਰਦਾ ਰਹਿੰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰ ਗੱਦੀ ਗੁਰੂ ਗਰੰਥ ਅਤੇ ਪੰਥ ਨੂੰ ਬਖ਼ਸ਼ਿਸ਼ ਕੀਤੀ। ਪੰਜ ਕਕਾਰੀ ਰਹਿਤ ਖ਼ਾਲਸੇ ਦੀ ਕੇਵਲ ਸਾਧਾਰਨ ਪਹਿਚਾਣ ਦਾ ਹੀ ਪ੍ਰਤੀਕ ਨਹੀਂ ਹੈ, ਇਸ ਵਿੱਚ ਗੁਰੂ ਸਾਹਿਬਾਨ ਦਾ ਦੈਵੀ ਸਿਦਕ ਪਰਿਵਰਤਨ ਹੋਇਆ ਹੈ। ਪਰ ਜਦ ਅਸੀਂ ‘ਰਹਿਣੀ ਰਹਹਿ ਸੋਈ ਸਿੱਖ ਮੇਰਾ’ ਦਾ ਭਾਵ ਕੇਵਲ ਤਨ ਦੀ ਰਹਿਤ ਤੱਕ ਹੀ ਸੀਮਤ ਕਰ ਦਿੰਦੇ ਹਾਂ, ਤਾਂ ਅਸੀਂ ਗੁਰੂ ਸਾਹਿਬਾਨ ਦੇ ਆਸ਼ੇ ਤੋਂ ਲਾਂਭੇ ਚਲੇ ਜਾਂਦੇ ਹਾਂ। ਕਿਉਂਕਿ ਰਹਿਤ ਵਿੱਚ ਕੇਵਲ ਤਨ ਦੀ ਰਹਿਤ ਹੀ ਨਹੀਂ ਮਨ ਦੀ ਰਹਿਤ ਵੀ ਆਉਂਦੀ ਹੈ।
ਮਨ ਦੀ ਰਹਿਤ ਤੋਂ ਸੱਖਣੇ ਸਿੱਖ ਦੀ ਤਨ ਦੀ ਰਹਿਤ ਦੀ ਵੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਕੇਵਲ ਬਾਹਰੀ ਰਹਿਤ ਦੀ ਗਿਣਤੀ ਭੇਖ ਵਿੱਚ ਆ ਜਾਂਦੀ ਹੈ, ਅਤੇ ਭੇਖ ਦੀ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਜੇਹੜੀ ਰਹਿਤ ਦ੍ਰਿੜ ਕਰਵਾਈ ਹੈ, ਉਹ ਗੁਰੂ ਗ੍ਰੰਥ ਸਾਹਿਬ `ਚ ਦਰਸਾਈ ਜੀਵਨ – ਜੁਗਤ ਨਾਲੋਂ ਭਿੰਨ ਨਹੀਂ ਹੈ। ਇਹ ਗੱਲ ਰਹਿਤਨਾਮਿਆਂ ਵਿਚੋਂ ਵੀ ਦੇਖੀ ਜਾ ਸਕਦੀ ਹੈ। ਇਹਨਾਂ ਨੂੰ ਪੜ੍ਹਿਆਂ ਪਤਾ ਚਲਦਾ ਹੈ ਕਿ ਦਸਮੇਸ਼ ਪਾਤਸ਼ਾਹ ਜੀ ਨੇ ਵੀ ਉਹਨਾਂ ਸਦਾਚਾਰਕ ਗੁਣਾਂ ਉੱਤੇ ਜ਼ੋਰ ਦਿੱਤਾ ਹੈ ਜਿਨ੍ਹਾਂ ਉੱਤੇ ਗੁਰੂ ਨਾਨਕ ਸਾਹਿਬ ਤੋਂ ਜ਼ੋਰ ਦਿੱਤਾ ਜਾ ਰਿਹਾ ਸੀ।
ਪਰ ਜਿਸ ਤਰ੍ਹਾਂ ਨਾਲ ‘ਰਹਿਣੀ ਰਹਹਿ ਸੋਈ ਸਿਖ ਮੇਰਾ’ ਦਾ ਅਰਥ ਭਾਵ ਕੇਵਲ ਤਨ ਦੀ ਰਹਿਤ ਤੋਂ ਲਿਆ ਜਾਣ ਲੱਗ ਪਿਆ ਹੈ। ਇਸ ਨਾਲ ਸਿੱਖੀ ਵਿੱਚ ਨਿਘਾਰ ਆਇਆ ਹੈ। ਸਦਾਚਾਰਕ ਗੁਣਾਂ ਦੀ ਪ੍ਰਾਪਤੀ ਦੀ ਚਾਹਤ ਘਟੀ ਹੈ। ਸਿੱਟੇ ਵਜੋਂ ਖੰਡੇ ਦੀ ਪਾਹੁਲ ਛਕਣ ਵਾਲੇ ਵੀਰਾਂ/ਭੈਣਾਂ ਵਿੱਚ ਛੂਤ – ਛਾਤ ਵਾਲਾ ਭਾਵ, ਆਪਣੇ ਆਪ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ ਸਮਝਣ ਦੀ ਰੁਚੀ ਵਾਲੇ ਭਿਆਨਕ ਆਤਮਕ ਰੋਗ ਵਧੇਰੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਗੁਰੂ ਸਾਹਿਬ ਵੱਲੋਂ ‘ਪੰਜ ਕਕਾਰ’ ਧਾਰਨ ਕਰਨ ‘ਚ ਕੋਈ ਛੋਟ ਨਹੀਂ
“ਭੇਖ ਪਿਆਰਾ ਨਾਹਿ ਮਮ ਵਰਣ ਪਿਆਰਾ ਨਾਹਿ। ਰਹਿਤ ਪਿਆਰੀ ਮੋਹ ਕੋ ਸਿਦਕ ਪਿਆਰਾ ਆਹਿ।”
ਖੰਡੇ ਦੀ ਪਾਹੁਲ ਛੱਕਣ ਵਾਲਿਆਂ `ਚ ਹਲੀਮੀ/ਨਿਮਰਤਾ ਆਦਿ ਦੈਵੀ ਗੁਣ ਦੂਜਿਆਂ ਨਾਲੋਂ ਵਧੇਰੇ ਹੁੰਦੇ। ਪਰ ਅਸੀਂ ਗੁਰੂ ਸਾਹਿਬ ਜੀ ਦੇ ਇਸ ਉਪਦੇਸ ਨੂੰ ਭੁਲਾ ਹੀ ਦਿੱਤਾ :
ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗ ਖੰਡੇਧਾਰ॥ (ਪੰਨਾ 534)
ਸੱਚੀ ਰਹਿਣੀ ਤਦੇ ਹੈ ਜੇ ਉਹ ਸੱਚਾ ਮਨ ਵਿੱਚ ਹੋਵੇ। ਮਨਮੁੱਖ ਦੇ ਜੀਵਨ ਵਿੱਚ ਬਿਆਨਬਾਜ਼ੀ, ਪ੍ਰਚਾਰ ਹੈ, ਪਰ ਸੁੱਚੀ ਰਹਿਤ (ਰਹਿਣੀ) ਨਹੀਂ’। ‘ਰਹਿਣੀ’ ਜਾਂ ‘ਰਹਤ’ ਉੱਚੇ, ਤੇ ਸੱਚੇ ਸੁੱਚੇ ਵਿਕਾਰ ਰਹਿਤ ਜੀਵਨ ਨੂੰ ਕਹਿੰਦੇ ਹਨ!
‘ਰਹਿਤ ਪਿਆਰੀ ਮੁਝ ਕਉ, ਸਿਖ ਪਿਆਰਾ ਨਾਹਿ’।
‘ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ’।