ਦੱਖਣ ਦੀ ਯਾਤਰਾ ’ਤੇ ਗੁਰੂ ਨਾਨਕ ਦੇਵ ਜੀ ਧਰਮ ਪ੍ਰਚਾਰ ਲਈ ਗੋਲਕੰਡਾ, ਮਦਰਾਸ, ਤੰਜੋਰ, ਮਦੁਰਾ ਆਦਿ ਥਾਂਵਾਂ ’ਤੇ ਗਏ। ਉਥੇ ਕਈ ਬੇੜੇ ਲੰਕਾ ਸੰਗਲਾਦੀਪ ਨੂੰ ਜਾ ਰਹੇ ਸਨ। ਗੁਰੂ ਜੀ ਅਤੇ ਭਾਈ ਮਰਦਾਨਾ ਵੀ ਇਕ ਬੇੜੇ ਵਿਚ ਚੜ੍ਹ ਗਏ। ਇਹ ਬੇੜਾ ਰਾਜੇ ਸ਼ਿਵਨਾਭ ਦੀ ਰਾਜਧਾਨੀ ’ਚ ਜਾ ਪੁੱਜਾ।
ਗੁਰੂ ਜੀ ਦਾ ਇਕ ਲਾਹੌਰ ਨਿਵਾਸੀ ਸਿੱਖ ਭਾਈ ਮਨਸੁੱਖ ਵਪਾਰ ਦੇ ਸੰਬੰਧ ਵਿਚ ਸੰਗਲਾਦੀਪ ਜਾਂਦਾ ਸੀ। ਉਹ ਆਮ ਤੌਰ ’ਤੇ ਰਾਜੇ ਸ਼ਿਵਨਾਭ ਨੂੰ ਵੀ ਮਿਲਿਆ ਕਰਦਾ ਸੀ। ਰਾਜੇ ਨੂੰ ਉਸ ਨੇ ਗੁਰੂ ਜੀ ਬਾਰੇ ਦੱਸਿਆ ਸੀ। ਰਾਜਾ ਭਾਈ ਮਨਸੁੱਖ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਅਤੇ ਉਸ ਦੇ ਮਨ ਵਿਚ ਗੁਰੂ ਜੀ ਨੂੰ ਮਿਲਣ ਲਈ ਬੜੀ ਤਾਂਘ ਅਤੇ ਖਿੱਚ ਸੀ।
ਭਾਈ ਸਨਮੁੱਖ ਨੂੰ ਉਸ ਨੇ ਕਈ ਵਾਰ ਇਹ ਬੇਨਤੀ ਕੀਤੀ ਸੀ ਕਿ ਉਸ ਨੂੰ ਗੁਰੂ ਜੀ ਨਾਲ ਮਿਲਾਏ। ਪਰ ਭਾਈ ਮਨਸੁੱਖ ਨੇ ਰਾਜੇ ਨੂੰ ਇੰਨੀ ਲੰਮੀ ਯਾਤਰਾ ’ਤੇ ਲਿਜਾਣ ਯੋਗ ਨਾ ਸਮਝਿਆ। ਉਸ ਨੇ ਰਾਜੇ ਨੂੰ ਸਮਝਾਇਆ ਕਿ ਆਪ ਆਪਣੇ ਰਾਜ-ਕਾਜ ਦੇ ਕਰਤੱਵ ਨਿਭਾਉਂਦੇ ਰਹੋ ਅਤੇ ਕਿਹਾ ਕਿ ਜਿਹੜਾ ਵੀ ਸੱਚੇ ਦਿਲੋਂ ਗੁਰੂ ਜੀ ਨੂੰ ਮਿਲਣ ਦੀ ਚਾਹ ਰੱਖਦਾ ਹੈ। ਉਸ ਨੂੰ ਹਰ ਹਾਲਤ ਵਿਚ ਗੁਰੂ ਜੀ ਦੇ ਦਰਸ਼ਨ ਹੁੰਦੇ ਹਨ।
ਰਾਜਾ ਸ਼ਿਵਨਾਭ ਨੇ ਅਜਿਹਾ ਹੀ ਕੀਤਾ। ਉਹ ਆਪਣਾ ਰਾਜ-ਕਾਜ ਦਾ ਕਾਰਜ ਚਲਾਉਂਦਾ ਰਿਹਾ ਪਰ ਉਸ ਦੀ ਦਰਸ਼ਨਾਂ ਦੀ ਚਾਹ ਦਿਨੋਂ ਦਿਨ ਵਧੱਦੀ ਗਈ। ਇਹ ਗੱਲ ਆਮ ਪ੍ਰਗਟ ਹੋ ਗਈ ਕਿ ਰਾਜੇ ਨੇ ਗੁਰੂ ਨਾਨਕ ਨੂੰ ਆਪਣਾ ਇਸ਼ਟ ਧਾਰ ਲਿਆ ਹੈ ਤੇ ਉਨ੍ਹਾਂ ਦਾ ਦਿਨ-ਰਾਤ ਰਾਹ ਵੇਖਿਆ ਕਰਦਾ ਹੈ।
ਇਸ ਗੱਲ ਦਾ ਫਾਇਦਾ ਚੁੱਕਣ ਲਈ ਕਈ ਭੇਖ ਧਾਰੀ ਸਾਧੂ, ਸੰਤ, ਫਕੀਰ ਆਪਣੇ ਆਪ ਨੂੰ ਗੁਰੂ ਨਾਨਕ ਦੱਸ ਕੇ ਰਾਜੇ ਕੋਲ ਆਉਣ ਲਗੇ। ਰਾਜੇ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਛਾਣ ਤਾਂ ਹੈ ਨਹੀਂ ਸੀ। ਉਹ ਹਰ ਸਾਧੂ ਸੰਤ ਨੂੰ ਸਰਕਾਰੀ ਅਤਿਥੀ ਘਰ ਵਿਚ ਵਿਸ਼ਰਾਮ ਕਰਾਉਂਦਾ ਤੇ ਖੂਬ ਸੇਵਾ ਟਹਿਲ ਕਰਦਾ। ਫਿਰ ਸੱਚ ਦੀ ਪਰਖ ਕਰਨ ਲਈ ਧੰਨ ਦੌਲਤ, ਸੁੰਦਰ ਨਾਰੀਆਂ ਉਸ ਕੋਲ ਭੇਜਦਾ।
ਭੇਖੀ ਸਾਧੂ ਇਸ ’ਤੇ ਡੋਲ ਜਾਂਦੇ ਤੇ ਰਾਜੇ ਨੂੰ ਉਸ ਦੇ ਪਾਖੰਡੀ ਹੋਣ ਦਾ ਪਤਾ ਲੱਗ ਜਾਂਦਾ। ਸੰਗਲਾਦੀਪ ਪਹੁੰਚ ਕੇ ਗੁਰੂ ਜੀ ਅਤੇ ਭਾਈ ਮਰਦਾਨੇ ਨੇ ਇਕ ਬਾਗ ਵਿਚ ਡੇਰਾ ਜਮਾਇਆ। ਉਥੇ ਉਹ ਰੋਜ਼ ਕੀਰਤਨ ਕਰਦੇ ਅਤੇ ਸਤਿਸੰਗ ਵਿਚ ਲੋਕਾਂ ਨੂੰ ਉਪਦੇਸ਼ ਦਿੰਦੇ। ਥੋੜੇ ਸਮੇਂ ਵਿਚ ਹੀ ਬੜੀ ਸੰਗਤ ਇਕੱਠੀ ਹੋਣ ਲੱਗ ਗਈ। ਇਸ ਬਾਰੇ ਸ਼ਿਵਨਾਭ ਨੂੰ ਵੀ ਪਤਾ ਲੱਗਾ ਕਿ ਉਸ ਦੇ ਬਾਗ ਵਿਚ ਇਕ ਬੜੀ ਕਰਨੀ ਵਾਲੇ ਮਹਾਤਮਾ ਠਹਿਰੇ ਹਨ। ਸ਼ਿਵਨਾਭ ਨੇ ਉਨ੍ਹਾਂ ਨੂੰ ਪਰਖਣ ਵਾਸਤੇ ਬੜੀਆਂ ਸੁੰਦਰ ਇਸਤਰੀਆਂ ਭੇਜੀਆਂ, ਜਿਹੜੀਆਂ ਗੁਰੂ ਜੀ ਸਾਹਮਣੇ ਆ ਕੇ ਨੱਚਣ ਲੱਗੀਆਂ। ਪਰ ਗੁਰੂ ਜੀ ਆਪਣੀ ਸਮਾਧੀ ਵਿਚ ਬੈਠੇ ਰਹੇ ਅਤੇ ਉਨ੍ਹਾਂ ਨੇ ਇਸਤਰੀਆਂ ਦੇ ਨਾਚ ਵੱਲ ਕੋਈ ਧਿਆਨ ਨਾ ਦਿੱਤਾ। ਉਹ ਇਸਤਰੀਆਂ ਹਾਰ ਕੇ ਸਿਵਨਾਭ ਕੋਲ ਵਾਪਸ ਆ ਗਈਆਂ । ਜਦ ਰਾਜੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਪੁੱਤਰ ਅਤੇ ਪਤਨੀ ਨੂੰ ਲੈ ਕੇ ਗੁਰੂਜੀ ਪਾਸ ਪਹੁੰਚਿਆ।
ਗੁਰੂ ਜੀ ਦੇ ਦਰਸ਼ਨ ਕਰਕੇ ਉਹ ਨਿਹਾਲ ਹੋ ਗਿਆ ਪਰ ਉਸ ਦੇ ਮਨ ਵਿਚ ਇਕ ਸ਼ੰਕਾ ਉੱਠੀ ਕਿ ਇਹ ਮਹਾਂਪੁਰਸ਼ ਕੋਈ ਬ੍ਰਾਹਮਣ ਹੈ, ਜੋਗੀ ਹੈ, ਹਿੰਦੂ ਹੈ ਜਾਂ ਮੁਸਲਮਾਨ ਹੈ। ਇਸ ਦਾ ਕਾਰਨ ਇਹ ਹੈ ਸੀ ਕਿ ਗੁਰੂ ਜੀ ਨੇ ਅਜੀਬ ਪ੍ਰਕਾਰ ਦਾ ਵੇਸ ਧਾਰਨ ਕੀਤਾ ਹੋਇਆ ਸੀ, ਉਨ੍ਹਾਂ ਦਾ ਉਪਦੇਸ਼ ਹਿੰਦੂਆਂ, ਮੁਸਲਮਾਨਾਂ ਅਤੇ ਜੋਗੀਆਂ ਤੋਂ ਭਿੰਨ ਸੀ। ਉਨ੍ਹਾਂ ਦੀ ਬਾਣੀ ਸਭ ਤੋਂ ਵੱਖਰੀ ਅਤੇ ਨਿਰਾਲੀ ਸੀ। ਉਹ ਭਾਰਤ ਦੇ ਉੱਤਰ ਵਿਚੋ ਆਏ ਸਨ, ਪਰ ਉਹ ਦੱਖਣੀ ਬੋਲੀ ਵੀ ਸਪੱਸ਼ਟ ਬੋਲ ਰਹੇ ਸਨ। ਸ਼ਿਵਨਾਭ ਦੇ ਮਨ ਦੀ ਦੁਚਿੱਤੀ ਨੂੰ ਸਮਝ ਕੇ ਗੁਰੂ ਜੀ ਨੇ ਫੁਰਮਾਇਆ, ‘ਰਾਜਾ ਸ਼ਿਵਨਾਭ, ਬਾਹਮਣ ਉਹ ਹੈ ਜੋ ਬ੍ਰਹਮ ਦੇ ਗਿਆਨ ਦਾ ਇਸ਼ਨਾਨ ਕਰਦਾ ਹੈ ਅਤੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ। ਸਾਰਾ ਬ੍ਰਹਿਮੰਡ ਇਕ ਘਰ ਹੈ ਜਿਸ ਦਾ ਇਕੋ-ਇਕ ਸ਼ਾਹ ਕਰਤਾਰ ਆਪ ਹੈ ਅਤੇ ਅਸੀਂ ਕਰਤਾਰ ਦੇ ਨਾਮ ਦੇ ਅਭਿਲਾਸ਼ੀ ਵਚਜਾਰੇ ਹਾਂ।
ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦਾ ਵੈਦ ਹਰੀਦਾਸ ਨੂੰ ਉਪਦੇਸ਼
ਪਰਮਾਤਮਾ ਦੇ ਪਿਆਰਿਆਂ ਲਈ ਹਿੰਦੂ ਮੁਸਲਮਾਨ ਇਕੋ ਹਨ। ਅਤੇ ਸਾਰਾ ਸੰਸਾਰ ਹੀ ਉਨ੍ਹਾਂ ਦਾ ਘਰ ਹੈ। ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਰਾਜੇ ਸ਼ਿਵਨਾਭ ਦੀ ਤਸੱਲੀ ਹੋ ਗਈ ਕਿ ਉਹ ਮਹਾਤਮਾ ਗੁਰੂ ਨਾਨਕ ਹੀ ਹਨ। ਉਹ ਉਨ੍ਹਾਂ ਦੇ ਚਰਨ ਲੱਗ ਗਿਆ ਅਤੇ ਨਾਮ ਦਾਨ ਪ੍ਰਾਪਤ ਕਰਕੇ ਗੁਰੂ ਜੀ ਦਾ ਸੱਚਾ ਸਿੱਖ ਬਣਿਆ।
ਗੁਰੂ ਜੀ ਵਾਸਤੇ ਸਤਿਸੰਗ ਕਰਨ ਲਈ ਉਸ ਆਪਣੇ ਮਹਿਲਾਂ ਦੇ ਨਾਲ ਹੀ ਇਕ ਵੱਡੀ ਧਰਮਸਾਲਾ ਬਣਵਾ ਦਿੱਤੀ। ਸਤਿਗੁਰੂ ਜੀ ਕਾਫੀ ਸਮਾਂ ਉਥੇ ਬਿਰਾਜੇ। ਰਾਜਾ ਸ਼ਿਵਨਾਭ ਰੋਜ਼ ਹਾਜ਼ਰ ਹੋ ਕੇ ਦਰਸ਼ਨਾਂ ਤੇ ਕੀਰਤਨ ਦਾ ਰਸ ਮਾਣਦਾ। ਫਿਰ ਆਪ ਰਾਜਾ ਸ਼ਿਵਨਾਭ ਨੂੰ ਆਪਣੇ ਰਾਜ ਵਿਚ ਸਿੱਖੀ ਦਾ ਪਰਚਾਰ ਕਾਰਜ ਸੌਂਪ ਕੇ ਵਾਪਸ ਪਰਤੇ।