Saka Gurdwara Paonta Sahib : ਜ਼ਿਲ੍ਹਾ ਸਿਰਮੌਰ ਦੀ ਰਿਆਸਤ ਨਾਹਨ ਵਿਚ ਜਮਨਾ ਦੇ ਕੰਢੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਹੈ।
ਰਾਜਾ ਮੇਦਨੀ ਪ੍ਰਕਾਸ਼ ਦੀ ਬੇਨਤੀ ’ਤੇ ਦਸਮੇਸ਼ ਪਿਤਾ ਜੀ ਨਾਹਨ ਵਿਖੇ ਪਰਿਵਾਰ ਅਤੇ ਸਿੱਖਾਂ ਸਮੇਤ ਪਹੁੰਚੇ ਅਤੇ ਜਮਨਾ ਦੇ ਕਿਨਾਰੇ ’ਤੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕੁਇਰ (ਭਾਈ ਗੁਰਬਖਸ਼ ਸਿੰਘ ਜੀ) ਤੋਂ ਗੁਰਦੁਆਰਾ ਪਾਉਂਟਾ ਸਾਹਿਬ ਜੀ ਦੀ ਅਰਦਾਸ ਕਰਕੇ ਨੀਂਹ ਰਖਵਾਈ। ਪੀਰ ਬੁੱਧੂ ਸ਼ਾਹ ਜੀ ਸਢੌਰਾ ਦੇ ਰਹਿਣ ਵਾਲੇ ਸਨ, ਉਨ੍ਹਾਂ ਨੇ ਇਸ ਅਸਥਾਨ ’ਤੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ। ਇਸੇ ਅਸਥਾਨ ’ਤੇ ਗੁਰੂ ਜੀ ਨੇ 42 ਕਵੀਆਂ ਨਾਲ ਕਵੀ ਦਰਬਾਰ ਸਜਾਉਣੇ ਸ਼ੁਰੂ ਕੀਤੇ।
ਸੰਨ 1687 ਈ. ਵਿੱਚ ਭੰਗਾਣੀ ਦੇ ਯੁੱਧ ਵਿੱਚ ਦਸਮੇਸ਼ ਪਿਤਾ ਜੀ ਦੀ ਜਿੱਤ ਹੋਈ। ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਵੀ ਇਸੇ ਅਸਥਾਨ ’ਤੇ ਹੋਇਆ। ਕਲਗੀਧਰ ਪਿਤਾ ਜੀ ਨੇ ਇਸ ਪਵਿੱਤਰ ਅਸਥਾਨ ’ਤੇ ਸਿੱਖਾਂ ਦੇ ਦਸਤਾਰ ਮੁਕਾਬਲੇ ਕਰਵਾਉਣੇ ਅਰੰਭੇ ਅਤੇ ਬਹੁਤ ਸਾਰੀ ਬਾਣੀ ਦੀ ਰਚਨਾ ਵੀ ਇਸ ਅਸਥਾਨ ’ਤੇ ਹੀ ਕੀਤੀ। ਗੁਰੂ ਸਾਹਿਬ ਜੀ ਇਸ ਅਸਥਾਨ ਤੋਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਆ ਗਏ ਅਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਅਸਥਾਨ ਦੀ ਸੇਵਾ-ਸੰਭਾਲ ਭਾਈ ਬਿਸ਼ਨ ਸਿੰਘ ਜੀ ਨੂੰ ਸੌਂਪ ਦਿੱਤੀ। ਭਾਈ ਬਿਸ਼ਨ ਸਿੰਘ ਜੀ ਤੋਂ ਬਾਅਦ ਉਨ੍ਹਾਂ ਦੀ ਔਲਾਦ ਪੀੜ੍ਹੀ-ਦਰ-ਪੀੜ੍ਹੀ ਇਸ ਅਸਥਾਨ ਦੀ ਸੇਵਾ ਕਰਦੀ ਰਹੀ।
ਗੁਰਦੁਆਰਾ ਸੁਧਾਰ ਲਹਿਰ ਸਮੇਂ ਸਿੱਖਾਂ ਵਿਚ ਜਾਗ੍ਰਿਤੀ ਆਉਣੀ ਸ਼ੁਰੂ ਹੋ ਗਈ। ਬਾਬੇ ਕੀ ਬੇਰ, ਸ੍ਰੀ ਤਰਨਤਾਰਨ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਆਦਿ ਇਤਿਹਾਸਕ ਗੁਰਦੁਆਰਾ ਸਾਹਿਬਾਨ ਪੰਥਕ ਪ੍ਰਬੰਧ ਹੇਠ ਲਿਆਉਣ ਲਈ ਸਿੱਖ ਕੌਮ ਨੇ ਅਥਾਹ ਕੁਰਬਨੀਆਂ ਦਿੱਤੀਆਂ ਅਤੇ ਕਾਮਯਾਬੀ ਹਾਸਲ ਕੀਤੀ। ਜਿਸ ਸਮੇਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦਾ ਪ੍ਰਬੰਧ ਮਹੰਤ ਗੁਰਦਿਆਲ ਸਿੰਘ ਕੋਲ ਆਇਆ ਉਸ ਸਮੇਂ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਵਿਚ ਬਹੁਤ ਗਿਰਾਵਟ ਆ ਗਈ। ਤਰਨਾ ਦਲ ਹਰੀਆਂ ਵੇਲਾਂ ਨਿਹੰਗ ਸਿੰਘ ਜਥੇਬੰਦੀ ਦੇ ਪਹਿਲੇ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਵਿਚ ਸੰਨ 1951 ਈ. ਸੰਨ 1953 ਈ. ਅਤੇ ਫਿਰ 10 ਮਾਰਚ ਸੰਨ 1964 ਈ. ਨੂੰ ਤਰਨਾ ਦਲ ਹਰੀਆਂ ਵੇਲਾਂ, ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਚੇਤ ਸਿੰਘ ਜੀ ਦੀ ਆਗਿਆ ਨਾਲ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮਨਾ ਕੇ ਸ੍ਰੀ ਪਾਉਂਟਾ ਸਾਹਿਬ ਵਿਖੇ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਪੁੱਜਣ ਵਿਚ ਸਫ਼ਲ ਹੋ ਗਏ। ਦਲ ਦੀ ਪਹੁੰਚ ਬਾਰੇ ਮਹੰਤ ਨੂੰ ਵੀ ਖ਼ਬਰਾਂ ਮਿਲ ਗਈਆਂ ਅਤੇ ਉਹ ਘਬਰਾ ਗਿਆ। ਉਸਨੇ ਆਪਣੇ ਨਾਲ 100 ਬੰਦੇ ਰਲਾ ਲਏ।
ਮਹੰਤ ਨੇ ਪੁਲਿਸ ਨਾਲ ਵੀ ਗੰਢ-ਤੁੱਪ ਕਰ ਲਈ ਅਤੇ ਗੁੰਡੇ ਵੀ ਇੱਕਠੇ ਕਰ ਕੇ ਬਾਬਾ ਹਰਭਜਨ ਸਿੰਘ ਨੂੰ ਮਿਲਣ ਵੀ ਚਲਾ ਗਿਆ। ਉਥੇ ਉਸ ਨੇ ਬਾਬਾ ਹਰਭਜਨ ਸਿੰਘ ਨੂੰ ਵਾਪਿਸ ਜਾਣ ਲਈ ਕਿਹਾ ਤਾਂ ਬਾਬਾ ਹਰਭਜਨ ਸਿੰਘ ਨੇ ਜਵਾਬ ਵਿਚ ਕਿਹਾ ਕਿ ਤੂੰ ਹੁਣ ਇਥੋਂ ਚਲਾ ਜਾ ਜੇ ਇਹ ਗੁਰੂ ਦਾ ਘਰ ਹੈ ਤਾਂ ਸਾਨੂੰ ਇਥੋਂ ਕੋਈ ਕੱਢ ਨਹੀਂ ਸਕਦਾ। ਮਹੰਤ ਬਾਬਾ ਹਰਭਜਨ ਸਿੰਘ ਦਾ ਬਦਲਿਆ ਰੂਪ ਦੇਖ ਕੇ ਡਰ ਗਿਆ ਤੇ ਚਾਰ ਦਿਨ ਗੁਰੁਦਵਾਰੇ ਨਾ ਆਇਆ। ਮਹੰਤ ਨੇ ਸਿੱਖਾਂ ਨਾਲ ਕਈ ਵਾਰੀ ਹਥੋ-ਪਾਈ ਕਰਨ ਦੀ ਕੋਸ਼ਿਸ਼ ਕੀਤੀ। ਸਿੰਘਾਂ ਨੇ ਗੁਰੁਦਵਾਰੇ ਵਿੱਚ 100 ਪਾਠਾਂ ਦੀ ਲੜੀ ਆਰੰਭ ਕਰਵਾ ਦਿਤੀ। 22 ਪਾਠਾਂ ਦਾ ਭੋਗ ਪੈ ਚੁਕਾ ਸੀ 23ਵਾਂ ਪਾਠ ਆਰੰਭ ਸੀ। 22 ਮਈ 1964 ਵਾਲੇ ਦਿਨ ਬਾਬਾ ਹਰਭਜਨ ਸਿੰਘ ਨੂੰ ਸਮਝੌਤਾ ਕਰਨ ਦੇ ਬਹਾਨੇ ਗੈਸਟ ਹਾਉਸ ਵਿੱਚ ਬੁਲਾ ਕੇ ਗ੍ਰਿਫਤਾਰ ਕਰ ਦਿੱਤਾ ਅਤੇ ਪੁਲਿਸ ਨੂੰ ਗੁਰਦੁਆਰਾ ਸਾਹਿਬ ਨੂੰ ਘੇਰ ਲੈਣ ਦਾ ਹੁਕਮ ਦੇ ਦਿੱਤਾ।
ਅੰਦਰ ਬੈਠੇ ਸਿੰਘਾਂ ਨੇ ਪਾਠਾਂ ਦੀ ਬੇਅਦਬੀ ਨਾ ਹੋਏ, ਇਸ ਲਈ ਖਿੜਕੀਆਂ-ਦਰਵਾਜ਼ੇ ਬੰਦ ਕਰ ਲਏ। ਪੁਲਿਸ ਨੇ ਅੰਦਰ ਵੜਨ ਲਈ ਲੋਹੇ ਦੀਆਂ ਪਾਈਪਾਂ ਨਾਲ ਦਰਵਾਜ਼ੇ ਭੰਨ ਕੇ ਬੂਟਾਂ ਸਮੇਤ ਅੰਦਰ ਵੜ ਆਏ ਅਤੇ ਅਖੰਡ ਪਾਠ ਕਰ ਰਹੇ ਸਿੰਘਾਂ ‘ਤੇ ਗੋਲੀਆਂ ਚਲਾ ਦਿਤੀਆਂ। ਡਿਪਟੀ ਕਮਿਸ਼ਨਰ ਮਿਸਟਰ ਆਰ. ਕੇ. ਚੰਡੇਲ ਦੇ ਹੁਕਮ ਨਾਲ ਪੁਲਿਸ ਨੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਪੁਲਿਸ ਦੀਆਂ ਗੋਲੀਆਂ ਨਾਲ 11 ਨਿਹੰਗ ਸਿੰਘ ਮੌਕੇ ’ਤੇ ਹੀ ਸ਼ਹੀਦ ਹੋ ਗਏ। ਜਥੇਦਾਰ ਬਾਬਾ ਨਿਹਾਲ ਸਿੰਘ ਜੀ ਦੇ ਤਿੰਨ ਗੋਲੀਆਂ ਲੱਗੀਆਂ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਸਰਦਾਰ ਧੰਨਾ ਸਿੰਘ ਜੋ ਪਾਠ ਕਰ ਰਿਹਾ ਸੀ ਉਸਦੀ ਵੱਖੀ ਵਿੱਚ ਗੋਲੀ ਲਗਣ ਨਾਲ ਉਹ ਉਥੇ ਹੀ ਢੇਰੀ ਹੋ ਗਿਆ। ਦਿਨ-ਦਿਹਾੜੇ ਸੇਵਾ ਲੰਗਰ ਪਕਾਉਂਦੇ , ਸੇਵਾ ਕਰਦੇ ਤੇ ਪਾਠ ਕਰਨ ਵਾਲਿਆਂ ਤੇ ਅਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ।
ਸ੍ਰੀ ਗੁਰੂ ਗਰੰਥ ਸਾਹਿਬ ਦਾ ਪਵਿੱਤਰ ਸਰੂਪ ਸ਼ਹੀਦਾਂ ਦੇ ਲਹੂ ਨਾਲ ਲਥ-ਪਥ ਹੋ ਚੁੱਕਾ ਸੀ। ਸ੍ਰੀ ਦਰਬਾਰ ਸਾਹਿਬ ਅੰਦਰ ਵਿਛਾਈਆਂ ਚਾਦਰਾਂ, ਰੁਮਾਲੇ, ਦਰੀਆਂ ਸਭ ਖੂਨ ਨਾਲ ਭਿਜ ਗਈਆਂ ਸਨ।ਦੋ ਗੱਡੀਆਂ ਮੰਗਵਾਈਆਂ ਗਈਆਂ, ਇੱਕ ਸ਼ਹੀਦਾਂ ਅਤੇ ਜ਼ਖਮੀਆਂ ਵਾਸਤੇ ਤੇ ਦੂਜੀ ਵਿਚ ਗੁਰੂ ਗ੍ਰੰਥ ਸਾਹਿਬ, ਰੁਮਾਲੇ, ਚਾਦਰਾਂ ਤੇ ਦਰੀਆਂ। ਸੰਗਤਾ ਦੇ ਰੌਲਾ ਪਾਉਣ ਨਾਲ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਸ਼ਹੀਦ ਸਿੰਘਾਂ ਦੇ ਮ੍ਰਿਤਕ ਸਰੀਰ ਸੰਗਤਾਂ ਨੂੰ ਦੇ ਦਿੱਤੇ ਗਏ, ਜਿਨ੍ਹਾਂ ਦਾ ਸੰਸਕਾਰ 24 ਮਈ ਨੂੰ ਜਮਨਾ ਦੇ ਕੰਢੇ ਕੀਤਾ ਗਿਆ। ਪੁਲਿਸ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਸ਼ਤਰ, ਸ੍ਰੀ ਗੁਰੂ ਗਰੰਥ ਸਾਹਿਬ ਦਾ ਸਰੂਪ ਤੇ ਇਕ ਦਸਮ ਗਰੰਥ ਦੀ ਬੀੜ ਨਾਲ ਲੈ ਗਈ। ਗੁਰੂਦਵਾਰਾ ਸਾਹਿਬ ਦਾ ਚੁਬਚਾ ਸਿੰਘਾਂ ਦੇ ਖੂਨ ਨਾਲ ਭਰਿਆ ਪਿਆ ਸੀ। ਇਹ ਸਭ ਜਦ ਸੰਗਤਾਂ ਨੂੰ ਪਤਾ ਚੱਲਿਆ ਤਾਂ ਸੰਗਤਾ ਗੁਰਦੁਆਰੇ ਇੱਕਠੀਆਂ ਹੋ ਗਈਆਂ ਤੇ ਰੌਲਾ ਪੈ ਗਿਆ1 ਇਸ ਤਰ੍ਹਾਂ ਗੁਰਦੁਆਰਾ ਪਾਉਂਟਾ ਸਾਹਿਬ ਮਹੰਤਾਂ ਤੋਂ ਛੁਡਵਾਇਆ ਗਿਆ।