Sakhi of Guru Angad Dev ji : ਗੁਰੂ ਅੰਗਦ ਸਾਹਿਬ ਜੀ ਦੇ ਜਿਸ ਵੇਲੇ ਖਡੂਰ ਸਾਹਿਬ ਰਹਿੰਦੇ ਸਨ, ਉਸ ਪਿੰਡ ਪਿੰਡ ਵਿਚ ਇਕ ਸ਼ਿਵ ਨਾਥ ਦਾ ਨਾਂ ਜੋਗੀ ਰਹਿੰਦਾ ਸੀ। ਉਸ ਜੋਗੀ ਦੀ ਆਪਣੇ ਇਲਾਕੇ ਦੇ ਲੋਕਾਂ ਵਿੱਚ ਬਹੁਤ ਮਾਣਤਾ ਸੀ ਜਿਸ ਦਾ ਸ਼ਿਵ ਨਾਥ ਨੂੰ ਹੰਕਾਰ ਹੋ ਗਿਆ। ਜਦੋਂ ਗੁਰੂ ਜੀ ਦੀ ਉਥੇ ਪ੍ਰਸਿੱਧੀ ਹੋਈ ਤਾਂ ਉਸ ਨੂੰ ਗੁਰੂ ਸਾਹਿਬ ਨਾਲ ਈਰਖ਼ਾ ਹੋਣ ਲੱਗੀ। ਇੱਕ ਵਾਰ ਲੰਬੇ ਸਮੇਂ ਤੱਕ ਪਿੰਡ ਵਿੱਚ ਮੀਂਹ ਨਾ ਪਿਆ, ਜਿਸ ਨਾਲ ਲੋਕਾਂ ਨੂੰ ਚਿੰਤਾ ਹੋਣ ਲੱਗੀ ਕਿ ਜੇਕਰ ਇਸੇ ਤਰ੍ਹਾਂ ਮੀਂਹ ਨਾ ਪਿਆ ਤਾਂ ਉਨ੍ਹਾਂ ਦੀਆਂ ਫਸਲਾਂ ਸੁੱਕ ਜਾਣਗੀਆਂ। ਉਹ ਲੋਕ ਜੋਗੀ ਕੋਲ ਗਏ ਅਤੇ ਉਸਨੂੰ ਕੁਝ ਕਰਨ ਲਈ ਕਿਹਾ। ਜੋਗੀ ਨੇ ਗੁੱਸੇ ਵਿਚ ਜਵਾਬ ਦਿੱਤਾ, ‘ਮੂਰਖੋ! ਜਦੋਂ ਤੁਸੀਂ ਇੱਕ ਵਿਆਹੇ ਆਦਮੀ (ਗੁਰੂ ਅੰਗਦ ਸਾਹਿਬ ਜੀ) ਨੂੰ ਆਪਣੇ ਗੁਰੂ ਦੇ ਤੌਰ ‘ਤੇ ਵੇਖਦੇ ਹੋ? ਤਾਂ ਤੁਸੀਂ ਮੀਂਹ ਦੀ ਆਸ ਕਿਵੇਂ ਕਰ ਸਕਦੇ ਹੋ ? ਉਸਨੂੰ ਪਿੰਡ ਵਿਚੋਂ ਕੱਢ ਦਿਓ ਤਾਂ ਮੀਂਹ ਪੈ ਜਾਵੇਗਾ।
ਜੋਗੀ ਦੀਆਂ ਗੱਲਾਂ ਵਿੱਚ ਆ ਕੇ ਕੁਝ ਲੋਕ ਗੁਰੂ ਜੀ ਕੋਲ ਗਏ ਅਤੇ ਕਿਹਾ, ‘ਗੁਰੂ ਜੀ, ਮੀਂਹ ਨਾ ਪੈਣ ਕਾਰਨ ਸਾਡੀਆਂ ਫਸਲਾਂ ਸੁੱਕ ਰਹੀਆਂ ਹਨ। ਜੇਕਰ ਤੁਸੀਂ ਕਿਰਪਾ ਕਰਕੇ ਇਸ ਪਿੰਡ ਨੂੰ ਛੱਡ ਦਿਓ ਤਾਂ ਜੋਗੀ ਸਾਡੇ ਪਿੰਡ ਵਿੱਚ ਮੀਂਹ ਪੁਆ ਦੇਵੇਗਾ। ਪਿਆਰੇ ਮਿੱਤਰੋ’, ਗੁਰੂ ਜੀ ਨੇ ਜਵਾਬ ਦਿੱਤਾ, ‘ਮੀਂਹ ਅਤੇ ਧੁੱਪ ਕੁਦਰਤੀ ਹਨ। ਉਹ ਪਰਮਾਤਮਾ ਦੇ ਹੱਥ ਵਿੱਚ ਹਨ। ਫਿਰ ਵੀ, ਮੈਨੂੰ ਪਿੰਡ ਛੱਡਣ ਦਾ ਕੋਈ ਫ਼ਿਕਰ ਨਹੀਂ ਜੇ ਇਸ ਨਾਲ ਤੁਹਾਡਾ ਭਲਾ ਹੁੰਦਾ ਹੈ।’ ਅਗਲੇ ਦਿਨ, ਗੁਰੂ ਜੀ ਨੇ ਪਿੰਡ ਛੱਡ ਦਿੱਤਾ। ਲੋਕ ਫਿਰ ਇਕ ਵਾਰ ਮੀਂਹ ਦਾ ਕਹਿਣ ਲਈ ਜੋਗੀ ਕੋਲ ਗਏ। ਜੋਗੀ ਰੱਬੀ ਕਾਨੂੰਨ ਦੇ ਖਿਲਾਫ ਕੁਝ ਨਹੀਂ ਕਰ ਸਕਦਾ ਸੀ ਮੀਂਹ ਨਾਂ ਪਿਆ। ਲੋਕਾਂ ਨੇ ਫਿਰ ਕੁਝ ਦਿਨ ਹੋਰ ਇੰਤਜ਼ਾਰ ਕੀਤਾ ਅਤੇ ਜਦੋਂ ਫਿਰ ਵੀ ਮੀਂਹ ਨਾਂ ਪਿਆ ਤਾਂ ਲੋਕਾਂ ਨੂੰ ਗੁੱਸਾ ਆਇਆ ਅਤੇ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਸਭ ਨੇ ਗੁੱਸੇ ਵਿੱਚ ਆ ਜੋਗੀ ਨੂੰ ਉਸ ਦੀ ਝੌਂਪੜੀ ਵਿਚੋ ਘਸੀਟ ਕੇ ਆਪਣੇ ਖੇਤਾਂ ਵਿੱਚ ਲੈ ਗਏ। ਵਾਹਿਗੁਰੂ ਜੀ ਦੀ ਕੁਦਰਤ ਨਾਲ ਕੁਛ ਇਉ ਹੋਇਆ ਕਿ ਜਿਸ-ਜਿਸ ਖੇਤ ਵਿੱਚ ਜੋਗੀ ਨੂੰ ਘਸੀਟਿਆ ਜਾਵੇ ਉੱਥੇ-ਉੱਥੇ ਮੀਂਹ ਪੈ ਜਾਵੇ। ਇਹ ਕੌਤਕ ਦੇਖ ਹਰ ਕੋਈ ਜੋਗੀ ਨੂੰ ਅਪਣੇ ਖੇਤ ਵਿਚ ਘਸੀਟਣ ਨੂੰ ਕਾਹਲਾ ਸੀ। ਇਸ ਨਾਲ ਜੋਗੀ ਦੀ ਹਾਲਤ ਖਰਾਬ ਹੋ ਗਈ। ਜੋਗੀ ਨੂੰ ਇਹ ਪਤਾ ਲੱਗ ਚੁੱਕਾ ਸੀ ਕੀ ਇਹ ਸਭ ਗੁਰੂ ਜੀ ਨੂੰ ਪਿੰਡ ਵਿੱਚੋ ਬਾਹਰ ਕਰਵਾਉਣ ਦਾ ਫਲ ਹੈ। ਉਸਨੇਂ ਸਾਰੀ ਗੱਲ ਪਿੰਡ ਵਾਲਿਆਂ ਨੂੰ ਦੱਸ ਮੁਆਫੀ ਮੰਗੀ ਅਤੇ ਫਿਰ ਤੋਂ ਝੂਠ ਨਾ ਬੋਲਣ ਦਾ ਪ੍ਰਣ ਲਿਆ।
ਸਾਰੇ ਪਿੰਡ ਵਾਲਿਆਂ ਨੇ ਗੁਰੂ ਜੀ ਕੋਲ ਜਾ ਆਪਣੀ ਗਲਤੀ ਦੀ ਮਾਫੀ ਮੰਗੀ। ਪਿੰਡ ਵਾਸੀ ਬੇਨਤੀ ਕਰ ਗੁਰੂ ਜੀ ਨੂੰ ਬਹੁਤ ਸਤਿਕਾਰ ਨਾਲ ਵਾਪਸ ਲਿਆਏ। ਗੁਰੂ ਸਾਹਿਬ ਨੇ ਲੋਕਾਂ ਨੂੰ ਪ੍ਰਮਾਤਮਾ ਦੀ ਇੱਛਾ ‘ਤੇ ਵਿਸ਼ਵਾਸ ਕਰਨ ਲਈ ਕਿਹਾ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਪਿੰਡ ਵਿਚ ਇਕ ਸਾਂਝੀ ਰਸੋਈ ਦੀ ਸ਼ੁਰੂਆਤ ਕੀਤੀ। ਇਸ ਨੂੰ ‘ਗੁਰੂ ਕਾ ਲੰਗਰ’ ਦੇ ਨਾਂ ਨਾਲ ਜਾਣਿਆ ਜਾਂਣ ਲੱਗਾ, ਜਿਥੇ ਬਿਨਾਂ ਕਿਸੇ ਜਾਤ ਤੇ ਧਰਮ ਦੇ ਭੇਦਭਾਵ ਦੇ ਹਰ ਕੋਈ ਕਿਸੇ ਵੀ ਸਮੇਂ ਆ ਸਕਦਾ ਸੀ ਅਤੇ ਮੁਫਤ ਵਿੱਚ ਲੰਗਰ ਛੱਕ ਸਕਦਾ ਸੀ।