Sakhi of Guru Gobind Singh ji : ਕਲਗੀਧਰ ਪਾਤਸ਼ਾਹ ਜੀ ਦੇ ਆਰਾਮ ਕਰਨ ਵੇਲੇ ਉਨ੍ਹਾਂ ਦੇ ਆਰਾਮ ਸਥਾਨ ’ਤੇ ਪੰਜ ਜਾਂ ਦਸ ਸਿੰਘ ਦਿਨ-ਰਾਤ, ਹਰ-ਵੇਲੇ ਸਤਿਗੁਰੂ ਜੀ ਦੀ ਸੇਵਾ ਵਿੱਚ ਪਹਿਰੇ ’ਤੇ ਹਾਜ਼ਰ ਰਹਿੰਦੇ ਸਨ। ਇਕ ਦਿਨ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਵਿੱਚ ਪੁਤਲੀਆਂ ਦਾ ਤਮਾਸ਼ਾ ਹੋਣਾ ਸੀ। ਬਹੁਤ ਲੋਕ ਇਹ ਤਮਾਸ਼ਾ ਦੇਖਣ ਗਏ। ਗੁਰੂ ਮਹਾਰਾਜ ਜੀ ਦੇ ਸਰੀਰ ’ਤੇ ਪਹਿਰਾ ਦੇਣ ਵਾਲੇ ਸਿੱਖਾਂ ਦੇ ਕੰਨਾਂ ਵਿੱਚ ਵੀ ਤਮਾਸ਼ੇ ਦੀ ਅਵਾਜ਼ ਪਈ। ਕੁੱਝ ਸਿੰਘਾਂ ਨੇ ਸਲਾਹ ਕੀਤੀ ਕਿ ਸਤਿਗੁਰੂ ਜੀ ਅਰਾਮ ਕਰ ਰਹੇ ਹਨ, ਕਿਉਂ ਨਾ ਆਪਾਂ ਸਤਿਗੁਰਾਂ ਦੇ ਆਰਾਮ ਕਰਦੇ-ਕਰਦੇ ਭੱਜ ਕੇ ਪੁਤਲੀਆਂ ਦਾ ਤਮਾਸ਼ਾ ਦੇਖ ਆਈਏ। ਦੂਸਰੇ ਸਿੰਘ ਕਹਿਣ ਲੱਗੇ ਕਿ ਤੁਸੀਂ ਜਾਣਾ ਹੈ ਤਾਂ ਬੇਸ਼ੱਕ ਚਲੇ ਜਾਵੋ ਅਸੀਂ ਗੁਰੂ ਮਹਾਰਾਜ ਜੀ ਦਾ ਪਹਿਰਾ ਛੱਡ ਕੇ ਨਹੀਂ ਜਾ ਸਕਦੇ।
ਕੁਝ ਸਮਾਂ ਆਪਸੀ ਵਿਚਾਰ-ਵਟਾਂਦਰਾ ਉਪਰੰਤ ਕੁਝ ਸਿੰਘ ਪਹਿਰੇ ‘ਚੋਂ ਗੈਰ-ਹਾਜ਼ਰ ਹੋ ਨੇੜਲੇ ਨਗਰ ਕਠਪੁਤਲੀਆਂ ਦਾ ਤਮਾਸ਼ਾ ਦੇਖਣ ਚਲੇ ਗਏ। ਉਹ ਸਿੰਘ ਪੁਤਲੀਆਂ ਦਾ ਤਮਾਸ਼ਾ ਤਾਂ ਅੱਖਾਂ ਨਾਲ ਵੇਖਦੇ ਰਹੇ ਪਰ ਮਨ ਦਾ ਧਿਆਨ ਸਤਿਗੁਰੂ ਜੀ ਵੱਲ ਰਿਹਾ ਤੇ ਨਾਲ ਹੀ ਮਨ ਵਿੱਚ ਪਛਤਾਵਾ ਬਣਿਆ ਰਿਹਾ ਕਿ ਅਸੀਂ ਗਲਤੀ ਕੀਤੀ, ਸਤਿਗੁਰੂ ਜੀ ਦੇ ਪਹਿਰੇ ਨਾਲੋਂ ਪੁਤਲੀਆਂ ਦੇ ਤਮਾਸ਼ੇ ਨੂੰ ਜ਼ਿਆਦਾ ਪਹਿਲ ਦਿੱਤੀ। ਜੇ ਸਾਡੇ ਪਿੱਛੋਂ ਸਤਿਗੁਰੂ ਜੀ ਜਾਗ ਪਏ, ਅਸੀਂ ਗੁਰੂ ਸਾਹਿਬ ਜੀ ਨੂੰ ਕੀ ਮੂੰਹ ਦਿਖਾਵਾਂਗੇ? ਅਸੀਂ ਕੁਝ ਵੀ ਉੱਤਰ ਦੇਣ ਜੋਗੇ ਨਹੀਂ ਰਹਾਂਗੇ। ਤਮਾਸ਼ਾ ਵੇਖਦੇ, ਸਾਰਾ ਸਮਾਂ ਮਨ ਵਿੱਚ ਪਛਤਾਵਾ ਤੇ ਗੁਰੂ ਦੀ ਯਾਦ (ਹਜ਼ੂਰੀ) ਬਣੀ ਰਹੀ। ਇਧਰ ਪਿੱਛੇ ਜੋ ਸਿੰਘ ਸਤਿਗੁਰਾਂ ਦੇ ਪਹਿਰੇ ਤੇ ਸਨ, ਉਹ ਸਰੀਰ ਕਰਕੇ ਤਾਂ ਗੁਰੂ ਹਜ਼ੂਰੀ ਵਿੱਚ ਪਹਿਰਾ ਦੇ ਰਹੇ ਸਨ ਪਰ ਮਨ ਕਰਕੇ ਉਨ੍ਹਾਂ ਦਾ ਧਿਆਨ ਕਠਪੁਤਲੀਆਂ ਦੇ ਤਮਾਸ਼ੇ ਵਿੱਚ ਰਿਹਾ ਕਿ ਜੇ ਅਸੀਂ ਵੀ ਚਲੇ ਜਾਂਦੇ ਤਾਂ ਤਮਾਸ਼ਾ ਵੇਖ ਆਉਂਦੇ। ਜਦ ਵੀ ਉਨ੍ਹਾਂ ਦੇ ਕੰਨਾਂ ਵਿੱਚ ਤਮਾਸ਼ੇ ਦੀ ਅਵਾਜ਼ ਪੈਂਦੀ ਮਨ ਗੁਰੂ ਹਜ਼ੂਰੀ ‘ਚੋਂ ਨਿਕਲਕੇ ਤਮਾਸ਼ੇ ਵੱਲ ਜਾਂਦਾ। ਉਨ੍ਹਾਂ ਦਾ ਮਨ ਸਾਰਾ ਸਮਾਂ ਤਮਾਸ਼ਾ ਵੇਖਣ ਨੂੰ ਲੋਚਦਾ ਰਿਹਾ। ਉਧਰੋਂ ਤਮਾਸ਼ਾ ਵੇਖਣ ਵਾਲੇ ਸਿੰਘ ਵੀ ਤਮਾਸ਼ਾ ਵੇਖ ਵਾਹੋ-ਦਾਹੀ ਪਛਤਾਵਾ ਕਰਦੇ, ਗੁਰੂ ਹਜ਼ੂਰੀ ਵਿੱਚ ਪੁੱਜ ਗਏ।
ਦਿਨ ਚੜ੍ਹਿਆ ਸਤਿਗੁਰੂ ਜੀ ਦੇ ਸਨਮੁੱਖ ਦੀਵਾਨ ਸੱਜਿਆ, ਰਾਤ ਵਾਲੇ ਸਿੰਘ ਵੀ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਸਨ। ਸਤਿਗੁਰਾਂ ਉੱਚੀ ਅਵਾਜ਼ ਵਿੱਚ ਕਿਹਾ ਕਿ “ਹਾਜ਼ਰ-ਗੈਰਹਾਜ਼ਰ, ਗੈਰਹਾਜ਼ਰ-ਹਾਜ਼ਰ” ਸਤਿਗੁਰਾਂ ਦੇ ਕਹੇ ਹੋਏ ਬਚਨ ਸੰਗਤ ਸਮਝ ਨਾ ਪਾਈ। ਸੰਗਤ ਵਿੱਚੋ ਸਿੰਘਾਂ ਨੇ ਬੇਨਤੀ ਕਰ ਸਤਿਗੁਰੂ ਜੀ ਨੂੰ ਇਨ੍ਹਾਂ ਰਮਜ਼ ਭਰੇ ਗੁਹਝ ਬਚਨਾਂ ਪ੍ਰਤੀ ਪੁੱਛਿਆ। ਅੰਤਰਯਾਮੀ ਸਤਿਗੁਰੂ ਜੀ ਨੇ ਰਾਤ ਵਾਲੇ ਸਿੰਘਾਂ ਦੀ ਸਾਰੀ ਵਿਥਿਆ ਸੰਗਤਾਂ ਨੂੰ ਸੁਣਾਈ ਕਿ ਜੋ ਰਾਤ ਕਠ-ਪੁਤਲੀਆਂ ਦਾ ਤਮਾਸ਼ਾ ਵੇਖਣ ਗਏ ਸਨ। ਉਨ੍ਹਾਂ ਦੇ ਸਰੀਰ ਦੀਆਂ ਅੱਖਾਂ ਭਾਵੇਂ ਕਠ-ਪੁਤਲੀਆਂ ਦਾ ਤਮਾਸ਼ਾ ਵੇਖਦੀਆਂ ਸਨ ਪਰ ਉਨ੍ਹਾਂ ਸਿੱਖਾਂ ਦਾ ਮਨ ਸਾਡੀ ਹਜ਼ੂਰੀ ਵਿੱਚ ਸੀ। ਜੋ ਸਿੱਖ ਸਾਡੇ ਸਰੀਰ ਦਾ ਪਹਿਰਾ ਦੇ ਰਹੇ ਸਨ ਉਹ ਸਰੀਰ ਕਰਕੇ ਤਾਂ ਸਾਡੀ ਹਾਜ਼ਰੀ ਵਿੱਚ ਸਨ ਪਰ ਉਨ੍ਹਾਂ ਦਾ ਮਨ ਤਮਾਸ਼ੇ ਦੀ ਹਾਜ਼ਰੀ ਭਰਦਾ ਸੀ। ਗੁਰੂ ਦਰ ਵਿੱਚ ਹਾਜ਼ਰੀ ਨਾਲੋਂ ਹਜ਼ੂਰੀ ਦੀ ਜ਼ਿਆਦਾ ਮਹਾਨਤਾ ਹੈ।