Sardar Hari Singh Nalwa: ਸਰਦਾਰ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਹਨ। ਉਸ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਖਸੀਅਤ ਬਾਰੇ ਇੱਕ ਤਾਂ ਕੀ ਕਈ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਪਰ ਅੱਜ ਅਸੀਂ ਉਸ ਮਹਾਨ ਜਰਨੈਲ ਦੀ ਸ਼ਖਸੀਅਤ ਨਾਲ ਜੁੜੀ ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਕਰਨ ਜਾਂ ਰਹੇ ਹਾਂ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਦਾ ਕਿਰਦਾਰ ਕਿੰਨਾ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ। ਆਪਣੀਆਂ ਜੰਗੀ ਮੁਹਿਮਾਂ ਦੌਰਾਨ ਇੱਕ ਵਾਰ ਹਰੀ ਸਿੰਘ ਨਲੂਆ ਨੇ ਜਮਰੌਦ ਵਿੱਚ ਆਪਣੀ ਫੌਜ ਸਮੇਤ ਡੇਰੇ ਲਾਏ ਸਨ। ਹਰੀ ਸਿੰਘ ਨਲੂਆ ਆਪਣੇ ਤੰਬੂ ਵਿੱਚ ਬੈਠੇ ਹੋਏ ਸੀ ਤਾਂ ਇੱਕ ਮੁਸਲਿਮ ਔਰਤ ਜਿਸ ਦਾ ਨਾਮ ਬੇਗਮ ਬਾਨੋ ਸੀ, ਉੱਥੇ ਪਹੁੰਚੀ ਅਤੇ ਸਿਪਾਹੀਆਂ ਕੋਲ ਹਰੀ ਸਿੰਘ ਨਲੂਆ ਨੂੰ ਮਿਲਣ ਦੀ ਆਪਨੂੰ ਇੱਛਾ ਪ੍ਰਗਟਾਈ।
ਜਨਤਾ ਦੀ ਸੇਵਾ ‘ਚ ਹਰ ਸਮੇਂ ਹਾਜ਼ਿਰ ਰਹਿਣ ਵਾਲੇ ਨਿਆਂ ਪਸੰਦ ਜਰਨੈਲ ਮਹਾਨ ਜਰਨੈਲ ਹਰੀ ਸਿੰਘ ਨਲੂਆ ਨੇ ਇਜਾਜ਼ਤ ਦੇ ਦਿੱਤੀ। ਮਹਾਨ ਜਰਨੈਲ ਹਰੀ ਸਿੰਘ ਨਲੂਆ ਦੇ ਕੋਲ ਪਹੁੰਚ ਕੇ ਬਾਨੋ ਨੇ ਕਿਹਾ, “ਮੈਂ ਸੁਣਿਆ ਹੈ ਸਿੱਖ ਕਮਾਲ ਦੇ ਲੋਕ ਹਨ। ਮੈਂ ਇੱਕ ਦੂਰੀ ਤੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਇੱਕ ਅਦਭੁਤ ਕਿਸਮ ਦੀ ਖਿੱਚ ਹੈ, ਮੇਰਾ ਵਿਆਹ ਹੋ ਚੁੱਕਿਆ ਹੈ, ਪਰ ਮੇਰੇ ਘਰ ਕੋਈ ਬੱਚਾ ਨਹੀਂ ਹੈ, ਪਰ ਮੈਨੂੰ ਇੱਕ ਪੁੱਤਰ ਚਾਹੀਦਾ ਹੈ ਜੋ ਤੁਹਾਡੇ ਵਾਂਗ ਤਕੜੇ ਜੁੱਸੇ ਵਾਲਾ ਅਤੇ ਬਹਾਦਰ ਹੋਵੇ।” ਬੇਗਮ ਬਾਨੋ ਦੇ ਇਸ਼ਾਰੇ ਨੂੰ ਸਮਝਦਿਆਂ ਹਰੀ ਸਿੰਘ ਨਲੂਆ ਨੇ ਜਵਾਬ ਦਿੱਤਾ, “ਬੀਬੀ ਜੀ! ਮੇਰਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਹੈ। ਮੈਨੂੰ ਅਫਸੋਸ ਹੈ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਵਾ ਸਕਦਾ।” ਬਾਨੋ ਨੇ ਮੁੜ ਕਿਹਾ, “ਮੈਂ ਤਾਂ ਸੁਣਿਆ ਸੀ ਸਿੱਖ ਬੜੇ ਮਹਾਨ ਹਨ, ਜੋ ਵੀ ਕੋਈ ਸਿੱਖਾਂ ਦੇ ਕੋਲ ਮਦਦ ਲਈ ਝੋਲੀ ਅੱਡਦਾ ਹੈ ੳਹ ਖਾਲੀ ਨਹੀ ਮੁੜਦਾ।” ਪਰ ਅੱਜ ਮੈਨੂੰ ਤੁਹਾਡੇ ਵਰਗੇ ਇੱਕ ਪੁੱਤਰ ਦੀ ਇੱਛਾ ਪੂਰੀ ਕੀਤੇ ਬਗੈਰ ਖਾਲੀ ਹੱਥ ਵਾਪਿਸ ਭੇਜਿਆ ਜਾ ਰਿਹਾ ਹੈ।”
ਇਹ ਸੁਣਦਿਆਂ ਹੀ ਸਰਦਾਰ ਹਰੀ ਸਿੰਘ ਨਲੂਆ ਨੇ ਗੁਰੂ ਦੇ ਸੱਚੇ ਸਿੱਖ ਨੇ ਪੂਰੇ ਠਰੰਮੇ ਨਾਲ ਉੱਤਰ ਦਿੰਦਿਆਂ ਬਾਨੋ ਨੂੰ ਕਿਹਾ, ”ਇਹ ਸੱਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਤੋਂ ਖਾਲੀ ਹੱਥ ਨਹੀਂ ਗਿਆ। ਤੁਹਾਨੂੰ ਮੇਰੇ ਵਰਗਾ ਪੁੱਤਰ ਹੀ ਚਾਹੀਦਾ ਹੈ ਨਾ, ਤੇ ਮੇਰੇ ਵਰਗਾ ਤਾਂ ਸਿਰਫ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਤੁਸੀ ਅੱਜ ਤੋਂ ਮੈਨੂੰ ਹੀ ਆਪਣਾ ਪੁੱਤਰ ਮੰਨ ਲਉ, ਮੈਂ ਉਮਰ ਭਰ ਤੁਹਾਡਾ ਪੁੱਤਰ ਬਣ ਕੇ ਰਹਾਗਾਂ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।”
ਬਾਨੋ ਸਰਦਾਰ ਹਰੀ ਸਿੰਘ ਨਲੂਆ ਦੀ ਦਿਆਲਤਾ, ਇਮਾਨਦਾਰੀ, ਉੱਚ ਨੈਤਿਕ ਚਰਿੱਤਰ ਤੇ ਗੁਰੂ ਵਿਸ਼ਵਾਸ ਤੋਂ ਹੈਰਾਨ ਰਹਿ ਗਈ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਆਪਣੇ ਆਪ ਤੋਂ ਸ਼ਰਮਿੰਦਾ ਵੀ ਹੋਈ ਪਰ ਸਰਦਾਰ ਹਰੀ ਸਿੰਘ ਨਲੂਆ ਵਰਗਾ ਪੁੱਤਰ ਹਾਸਿਲ ਕਰਨ ਕਰਕੇ ਉਹ ਖੁਸ ਵੀ ਹੋਈ। ਬਾਨੋ ਨੇ ਕਿਹਾ, ”ਮੈਂ ਸੁਣਿਆ ਸੀ ਕਿ ਗੁਰੂ ਦੇ ਸਿੱਖ ਬਹੁਤ ਮਹਾਨ ਤੇ ਖਾਸ ਲੋਕ ਹਨ, ਪਰ ਅੱਜ ਮੈਂ ਆਪਣੀ ਨਜ਼ਰ ਨਾਲ ਇਸ ਮਹਾਨਤਾ ਨੂੰ ਦੇਖਿਆ ਹੈ।” ਉਸ ਦਿਨ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁੱਤਰ ਨੂੰ ਜ਼ਿੰਦਗੀ ‘ਚ ਕਈ ਵਾਰ ਮਿਲਦੀ ਰਹੀ। ਸਰਦਾਰ ਹਰੀ ਸਿੰਘ ਨਲੂਆ ਸਹੀ ਅਰਥਾਂ ਵਿੱਚ ਗੁਰੂ ਦਾ ਰਹਿਤਵਾਨ ਤੇ ਸਿਦਕੀ ਸਿੱਖ ਸੀ।
ਇਹ ਵੀ ਦੇਖੋ : ਦਸਮ ਪਾਤਸ਼ਾਹ ਨੇ ਤੀਰ ਮਾਰ ਨੇ ਕੀਤਾ ਸੀ ਇੱਥੇ ਜਲ ਦਾ ਸੋਮਾ ਪਰਗਟ