ਇਕ ਦਿਨ ਸ਼ਾਮ ਦੇ ਸਮੇਂ ਮੰਜੇ ‘ਤੇ ਸ੍ਰੀ ਗੁਰੂ ਹਰਿ ਰਾਏ ਜੀ ਲੇਟੇ ਹੋਏ ਸਨ। ਇੱਕ ਸਿੱਖ ਜਥਾ ਦਰਸ਼ਨ ਲਈ ਆਇਆ। ਉਹ ਸਾਰੇ ਰਲ ਕੇ ਸ਼ਬਦ ਕੀਰਤਨ ਕਰਦੇ ਆਉਂਦੇ ਸਨ। ਜਿਸ ਵੇਲੇ ਸਤਿਗੁਰੂ ਜੀ ਦੇ ਕੰਨੀਂ ਸ਼ਬਦ ਦੀ ਆਵਾਜ਼ ਪਈ ਤੋਂ ਉਹ ਉਸ ਵੇਲੇ ਬੜੀ ਕਾਹਲੀ ਨਾਲ ਮੰਜੀ ਤੋਂ ਹੇਠਾਂ ਉਤਰ ਆਏ ਜਿਸ ਕਰਕੇ ਉਨ੍ਹਾਂ ਦੇ ਗੋਡੇ ਨੂੰ ਸੱਟ ਵੀ ਲੱਗ ਗਈ।
ਅੱਗੇ ਤੋਂ ਉਨ੍ਹਾਂ ਨੇ ਦਿਨ ਵੇਲੇ ਮੰਜੇ ਉਤੇ ਲੇਟਣਾ ਬੰਦ ਕਰ ਦਿੱਤਾ। ਇਸ ਤਰ੍ਹਾਂ ਸ਼ਬਦ ਦੀ ਨਿਰਾਦਰੀ ਹੁੰਦੀ ਸੀ। ਸਤਿਗੁਰੂ ਜੀ ਦੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਬੜੇ ਹੋਣਹਾਰ ਸਨ, ਕਰਨੀ ਵਾਲੇ ਵੀ ਸਨ ਪਰ ਜਦੋਂ ਔਰੰਗਜ਼ੇਬ ਵੱਲੋਂ ਮਿਲੇ ਆਦਰ ਸਤਿਕਾਰ ਦੇ ਭਾਰ ਹੇਠ ਆ ਕੇ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਨਿੱਕੀ ਜਿਹੀ ਤਬਦੀਲੀ ਕਰਕੇ ਬਾਦਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਤਿਗੁਰੂ ਜੀ ਨੇ ਇੰਨੇ ਹੋਣਹਾਰ ਪੁੱਤਰ ਨਾਲੋਂ ਵੀ ਆਪਣਾ ਸਬੰਧ ਹਮੇਸ਼ਾ ਲਈ ਤੋੜ ਲਿਆ ਸੀ।
ਗੁਰੂ ਨਾਨਕ ਦੇਵ ਜੀ ਨੇ ਆਪਣੇ ਖਿਆਲਾਂ ਦਾ ਪ੍ਰਚਾਰ ਕਰਨ ਲਈ ਸਾਰੇ ਭਾਰਤ ਵਿਚ ਚੱਕਰ ਲਗਾਇਆ। ਬਾਹਰਲੇ ਦੇਸ਼ਾਂ ਵਿਚ ਵੀ ਗਏ। ਜਿਨ੍ਹਾਂ ਇਲਾਕਿਆਂ ਵਿਚ ਗੁਰੂ ਸਾਹਿਬ ਦੇ ਸਿੱਖਾਂ ਦੀ ਗਿਣਤੀ ਕਾਫੀ ਵਧ ਗਈ, ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ 22 ਹਿੱਸਿਆਂ ਵਿਚ ਵੰਡ ਕੇ ਹਰੇਕ ਵਿਚ ਸਿੱਖ ਧਰਮ ਦੇ ਪ੍ਰਚਾਰ ਲਈ ਮੰਜੀਆਂ ਥਾਪੀਆਂ। ਜਿਵੇਂ-ਜਿਵੇਂ ਸਿੱਖ ਕੌਮ ਵਧਦੀ ਗਈ ਇਸ ਦੀ ਜਥੇਬੰਦੀ ਨੂੰ ਪੱਕਾ ਕਰਨ ਲਈ ਹਰ ਪਹਿਲੂ ਤੋਂ ਇਸ ਨੂੰ ਸਹੀ ਇਨਸਾਨੀ ਆਦਰਸ਼ ‘ਤੇ ਕਾਇਮ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ।
ਪਰ ਕਈ ਮਸੰਦ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਢਿੱਲੇ ਹੁੰਦੇ ਗਏ। ਇਸ ਕਮੀ ਨੂੰ ਪੂਰਾ ਕਰਨ ਲਈ ਗੁਰੂ ਹਰਿ ਰਾਏ ਸਾਹਿਬ ਨੇ ਉਤਸ਼ਾਹ ਭਰੇ ਨਵੇਂ ਪ੍ਰਚਾਰਕ ਥਾਪ ਦਿੱਤੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਮਸੰਦਾਂ ਦੀ ਆਮ ਬਦਖੋਈ ਹੋਣ ਲੱਗੀ ਸੀ ਤਾਂ ਸਤਿਗੁਰੂ ਜੀ ਨੇ ਸਭ ਮਸੰਦਾਂ ਨੂੰ ਆਨੰਦਪੁਰ ਸਾਹਿਬ ਵਿਚ ਬੁਲਵਾਇਆ। ਭਾਈ ਫੇਰੂ ਜੀ ਵੀ ਹਾਜ਼ਰ ਹੋਏ ਪਰ ਸ੍ਰੀ ਗੁਰੂ ਹਰਿ ਰਾਏ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ ਨੇ ਇਨ੍ਹਾਂ ਨੂੰ ‘ਸੰਗਤਿ ਸਾਹਿਬ’ ਦੀ ਪਦਵੀ ਬਖਸ਼ੀ।