Shaheed Bhai Dayala ji : ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੁੱਲਤ ਦੇ ਭਰਾ ਸਨ ਅਤੇ ਆਪ ਜੀ ਦੇ ਪਿਤਾ ਜੀ ਦਾ ਨਾਮ “ਮਾਈ ਦਾਸ ਜੀ” ਸੀ ! ਆਪ ਜੀ ਨੇ ਆਪਣਾ ਪੂਰਾ ਜੀਵਨ ਗੁਰੂ-ਘਰ ਦੀ ਸੇਵਾ ਸਿਮਰਨ ਵਿੱਚ ਅਤੇ ਸਿੱਖੀ-ਸਿਦਕ ਨਿਭਾਅ ਕੇ ਬਤੀਤ ਕੀਤਾ। ਧੰਨ ਧੰਨ ਸਾਹਿਬ “ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ” ਦੁਆਰਾ ਕਸ਼ਮੀਰੀ ਪੰਡਿਤਾਂ ਦੇ ਓਹਨਾਂ ਉੱਤੇ ਔਰੰਗਜੇਬ ਵੱਲੋਂ ਕੀਤੇ ਜਾ ਰਹੇ ਜੁਲਮਾਂ ਨੂੰ ਠਲ ਪਾਉਣ ਖਾਤਿਰ ਕੀਤੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਦਿੱਲੀ ਵੱਲ ਕੂਚ ਕਰਨ ਦੇ ਫੈਸਲੇ ਨੂੰ ਮੰਨਦੇ ਹੋਏ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ ਨਾਲ ਭਾਈ ਦਿਆਲਾ ਜੀ ਵੀ ਰਵਾਨਾ ਹੋਏ !!
ਦਿੱਲੀ ਦੇ ਚਾਂਦਨੀ ਚੋਂਕ ਵਿੱਚ ਕੋਤਵਾਲੀ ਦੇ ਸਾਹਮਣੇ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਔਰੰਗਜੇਬ ਦੇ ਜੁਲਮ ਦੇ ਸ਼ਿਕਾਰ ਗੁਰੂ ਜੀ ਦੇ ਸਿੰਘ ਹੋਏ ! ਪਹਿਲਾਂ ਭਾਈ ਮਤੀ ਦਾਸ ਜੀ ਨੇ ਸ਼ਹੀਦੀ ਦਾ ਜਾਮ ਪੀਤਾ, ਉਪਰੰਤ ਭਾਈ ਸਤੀ ਦਾਸ ਜੀ ਨੇ ਅਤੇ ਅਖੀਰ ਵਿੱਚ ਭਾਈ ਦਿਆਲਾ ਜੀ ਔਰੰਗਜੇਬ ਦੇ ਜ਼ਾਲਿਮਪੁਣੇ ਦੇ ਸ਼ਿਕਾਰ ਹੋਏ ! ਆਪ ਜੀ ਨੂੰ ਵੀ ਇਸਲਾਮ ਧਰਮ ਅਪਣਾਉਣ ਲਈ ਅਨੇਕਾਂ ਲਾਲਚ ਦਿੱਤੇ ਗਏ ਪਰ ਭਾਈ ਦਿਆਲਾ ਜੀ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹੋਏ ਅਤੇ ਆਪਣੇ ਗੁਰੂ-ਪਿਤਾ ਦੇ ਕਥਨਾਂ ਉੱਤੇ ਪੂਰਨ ਉਤਰਦੇ ਹੋਏ ਇੱਕ ਸੱਚੇ ਗੁਰੂ ਦੇ ਸੱਚੇ ਸਿੱਖ ਵਾਂਗ ਮਰਨਾ ਕਬੂਲ ਕੀਤਾ !
ਔਰੰਗਜੇਬ ਦੇ ਦਿੱਤੇ ਲਾਲਚਾਂ ਦੀ ਨਿਖੇਧੀ ਕਰਨ ਕਰ ਕੇ ਔਰੰਗਜੇਬ ਕ੍ਰੋਧ ਨਾਲ ਭਰ ਗਿਆ ਅਤੇ ਉਸਨੇ ਆਪ ਜੀ ਨੂੰ ਉਬਲਦੇ ਪਾਣੀ ਦੇ ਦੇਗ ਵਿੱਚ ਬਿਠਾ ਕੇ ਸ਼ਹੀਦ ਕਰਨ ਦਾ ਫੁਰਮਾਨ ਜਾਰੀ ਕੀਤਾ ! ਇਸ ਪ੍ਰਕਾਰ ਭਾਈ ਸਾਹਿਬ ਜੀ ਨੂੰ ਉਬਲਦੇ ਪਾਣੀ ਦੇ ਦੇਗ ਵਿੱਚ ਜ਼ਿੰਦਾ ਬਿਠਾ ਕੇ ਸ਼ਹੀਦ ਕੀਤਾ ਗਿਆ !! ਆਪ ਜੀ ਸ਼ਹੀਦੀ ਸਮੇਂ ਸਿਰਫ ਸਿਮਰਨ ਕਰਦੇ ਰਹੇ ਅਤੇ ਅੰਤ ਸਿੱਖੀ-ਸਿਦਕ ਨਿਭਾਉਂਦੇ ਹੋਏ ਅਕਾਲ ਜੋਤ ਰੂਪ ਵਿੱਚ ਲੀਨ ਹੋ ਗਏ !! ਜਿਨ੍ਹਾਂ ਲੋਕਾਂ ਨੇ ਇਹ ਭਿਆਨਕ ਸਾਕਾ ਵੇਖਿਆ ਜਾਂ ਸੁਣਿਆ ਉਨ੍ਹਾਂ ਅੰਦਰ ਸਿੱਖ ਧਰਮ ਪ੍ਰਤੀ ਦ੍ਰਿੜਤਾ ਤੇ ਪਿਆਰ ਹੋਰ ਵਧਿਆ। ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਹੀ ਇੱਕ ਮਹਾਨ ਧਰਮ ਹੈ, ਜੋ ਅਸਲੀ ਜੀਵਨ ਜਾਚ ਸਿਖਾਉਂਦਾ ਹੈ। ਸਿੱਖੀ ਨਾਲ ਮਨੁੱਖ ਦੀ ਆਤਮਾ ਇਤਨੀ ਬਲਵਾਨ ਹੋ ਜਾਂਦੀ ਹੈ ਕਿ ਮੌਤ ਉਸ ਨੂੰ ਡਰਾ ਨਹੀਂ ਸਕਦੀ। ਇਸ ਮਹਾਨ ਸਿੱਖ ਸ਼ਹੀਦ ਦੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ !!