Special feature on Parkash Purab : ਭਾਈ ਲਹਿਣਾ ਜੀ ਗੁਰੂ ਸੇਵਾ ਵਿੱਚ ਹਰ ਵੇਲੇ ਸਮਰਪਿਤ ਰਹਿੰਦੇ ਸਨ। ਗੁਰੂ ਜੀ ਦੀ ਸਿੱਖਿਆ ਉੱਤੇ ਪੂਰਾ ਭਰੋਸਾ ਤੇ ਗੁਰੂ ਆਗਿਆ ਦੀ ਪਾਲਣਾ ਹੀ ਉਨ੍ਹਾਂ ਲਈ ਜੀਊਣ ਦਾ ਮਕਸਦ ਸੀ। ਇਸੇ ਲਈ ਗੁਰੂ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਗੁਰੂ ਜੀ ਭਾਈ ਲਹਿਣੇ ਨੂੰ ਆਪਣਾ ਅੰਗ ਹੀ ਸਮਝਦੇ ਸਨ। ਸੋ ਗੁਰੂ ਜੀ ਨੇ ਭਾਈ ਲਹਿਣਾ ਨੂੰ ‘ਅੰਗਦ’ ਕਿਹਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪਿਆ।
ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਕ ਦਿਨ ਆਪਣੇ ਸੇਵਕਾਂ ਅਤੇ ਪੁੱਤਰਾਂ ਦੇ ਨਾਲ ਕਰਤਾਰਪੁਰ ਵਿੱਚ ਵਿਚਰਨ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਦੇ ਹੱਥ ਵਿੱਚ ਇੱਕ ਸੁੰਦਰ ਲੋਟਾ ਸੀ। ਅਚਾਨਕ ਹੀ ਉਹ ਲੋਟਾ ਉਨ੍ਹਾਂ ਦੇ ਹੱਥ ਤੋਂ ਛੁੱਟ ਗਿਆ ਅਤੇ ਬਦਬੂਦਾਰ ਅਤੇ ਗੰਦੇ ਚਿੱਕੜ ਨਾਲ ਭਰੇ ਇੱਕ ਟੋਏ ਵਿੱਚ ਚਲਾ ਗਿਆ। ਆਪ ਜੀ ਉਥੇ ਹੀ ਰੁੱਕ ਗਏ ਅਤੇ ਆਪਣੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਲੋਟਾ ਕੱਢਣ ਲਈ ਕਿਹਾ। ਸ਼੍ਰੀਚੰਦ ਜੀ ਨੇ ਕਿਹਾ ਕਿ ਇਹ ਇੱਕ ਸਾਧਾਰਣ ਜਿਹਾ ਲੋਟਾ ਹੀ ਤਾਂ ਹੈ, ਹੋਰ ਦੂਜਾ ਆ ਜਾਵੇਗਾ।
ਫਿਰ ਗੁਰੂ ਜੀ ਨੇ ਛੋਟੇ ਬੇਟੇ ਬਾਬਾ ਲੱਖਮੀ ਦਾਸ ਜੀ ਨੂੰ ਲੋਟਾ ਕੱਢਣ ਲਈ ਕਿਹਾ ਤਾਂ ਉਨ੍ਹਾਂ ਵੀ ਇਹੀ ਜਵਾਬ ਦਿੱਤਾ। ਗੁਰੂ ਜੀ ਨੇ ਹੋਰ ਸੇਵਾਦਾਰਾਂ ਨੂੰ ਹੁਕਮ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਸਫਾਈ ਕਰਮਚਾਰੀ ਤੋਂ ਲੋਟਾ ਨਿਕਲਵਾ ਕੇ ਲਿਆਂਦੇ ਹਨ। ਇਸ ’ਤੇ ਗੁਰੂ ਜੀ ਨੇ ਭਾਈ ਲਹਿਣਾ ਜੀ ਵੱਲ ਇਸ਼ਾਰਾ ਕੀਤਾ, ਉਹ ਤੁਰੰਤ ਟੋਏ ਵਿੱਚ ਉੱਤਰ ਗਏ ਅਤੇ ਲੋਟਾ ਕੱਢ ਲਿਆਏ ਅਤੇ ਨਦੀ ਦੇ ਪਾਣੀ ਨਾਲ ਸਾਫ ਕਰਕੇ ਗੁਰੂ ਜੀ ਦੇ ਸਾਹਮਣੇ ਪੇਸ਼ ਕਰ ਦਿੱਤਾ।
ਗੁਰੂ ਜੀ ਨੇ ਉਨ੍ਹਾਂ ਨੂੰ ਗਲੇ ਲਾ ਲਿਆ ਅਤੇ ਕਿਹਾ ਕਿ ਗੱਲ ਲੋਟੇ ਦੀ ਨਹੀਂ ਸੀ। ਗੱਲ ਤਾਂ ਆਗਿਆ ਪਾਲਣ ਦੀ ਸੀ। ਕਿਸੇ ਨਿਮਨ ਵਰਗ ਦੇ ਉੱਧਾਰ ਲਈ ਕਿਤੇ ਗੰਦੀ ਬਸਤੀ ਵਿੱਚ ਜਾ ਕੇ ਗੁਰੂ ਦਾ ਸਮਰਪਿਤ ਸਿੱਖ ਹੀ ਸੇਵਾ ਕਰ ਸਕਦਾ ਹੈ, ਜੋ ਆਪਣੇ ਆਪ ਨੂੰ ਸ੍ਰੇਸ਼ਠ ਸਮਝਦਾ ਹੈ ਉਹ ਨਹੀਂ। ਭਾਈ ਲਹਿਣਾ ਜੀ ਦੀ ਸਮਰਪਿਤ ਭਾਵਨਾ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ।