ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 1 ਅਪ੍ਰੈਲ ਜਨਮ 1621 ਈਸਵੀ ਨੂੰ ਹੋਇਆ ਤਾਂ ਪਿਤਾ ਗੁਰੂ ਹਰਗੋਬਿੰਦ ਜੀ ਉਸ ਵੇਲੇ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਨਿੱਤ–ਨਿਯਮ ਅਨੁਸਾਰ ਪਧਾਰੇ ਹੋਏ ਸਨ। ਉਥੇ ਉਨ੍ਹਾਂ ਨੂੰ ਸ਼ੁੱਭ ਸਮਾਚਾਰ ਦਿੱਤਾ ਗਿਆ ਕਿ ਮਾਤਾ ਨਾਨਕੀ ਜੀ ਦੀ ਕੁੱਖੋਂ ਬਾਲਕ ਦਾ ਪ੍ਰਕਾਸ਼ ਹੋਇਆ ਹੈ।
ਉਸ ਸਮੇਂ ‘ਆਸਾ ਦੀ ਵਾਰ’ ਦਾ ਕੀਰਤਨ ਹੋ ਰਿਹਾ ਸੀ। ਇਸ ਸੁਖਦ ਸੂਚਨਾ ਨੂੰ ਪ੍ਰਾਪਤ ਕਰਦੇ ਹੀ ਗੁਰੂ ਜੀ ਉੱਠੇ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤੇ ਕੀਰਤਨ ਖਤਮ ਹੋਣ ਤੋਂ ਬਾਅਦ ਸਤਸੰਗੀਆ, ਸ਼ਰਧਾਲੂਆਂ ਦੇ ਨਾਲ ਆਪਣੇ ਨਿਵਾਸ ਸਥਾਨ ‘ਗੁਰੂ ਦਾ ਹੱਲ’ ਵਾਪਸ ਪਧਾਰੇ। ਨਵਜੰਮੇ ਬੱਚੇ ਨੂੰ ਦੇਖਦੇ ਹੀ ਗੁਰੂ ਜੀ ਨੇ ਸਿਰ ਝੁਕਾ ਕੇ ਵੰਦਨਾ ਕੀਤੀ। ਇਸ ਉੱਤੇ ਨੇੜੇ ਖੜ੍ਹਿਆਂ ਨੇ ਹੈਰਾਨੀ ਨਾਲ ਇਸ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਜਵਾਬ ਦਿੱਤਾ ਕਿ ‘ਇਹ ਬਾਲਕ ਦੀਨ–ਦੁਖੀਆਂ ਦੀ ਰੱਖਿਆ ਕਰੇਗਾ ਅਤੇ ਸਭ ਦੇ ਦੁੱਖ ਹਰੇਗਾ ਤੇ ਤਿਆਗ ਦੀ ਮੂਰਤ ਹੋਵੇਗਾ। ਉਨ੍ਹਾਂ ਬਾਲਕ ਦਾ ਨਾਮ ਤਿਆਗਮਲ ਰੱਖਿਆ। ਉਨ੍ਹਾਂ ਦਾ ਵਿਚਾਰ ਸੀ ਕਿ ਇਹ ਬਾਲਕ ਮਨੁੱਖ ਕਲਿਆਣ ਲਈ ਬਹੁਤ ਤਿਆਗ ਕਰੇਗਾ ਜੋ ਕਿ ਇਤਿਹਾਸ ਵਿੱਚ ਇਸ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਤਿਆਗਮਲ (ਤੇਗ ਬਹਾਦੁਰ) ਜੀ ਦੇ ਵੱਡੇ, ਚਾਰ ਭਰਾ ਅਤੇ ਇੱਕ ਭੈਣ ਸੀ।
ਆਪ ਜੀ ਦਾ ਵਿਆਹ ਗੁਰੂ ਹਰਗੋਬਿੰਦ ਜੀ ਦੇ ਪਰਮ ਭਗਤ ਲਾਲਚੰਦ ਜੀ ਦੀ ਸਪੁੱਤਰੀ ਗੁਜਰ ਕੌਰ ਨਾਲ ਹੋਇਆ। ਆਪ ਜੀ ਦੇ ਸਪੁੱਤਰ ਗੋਬਿੰਦ ਰਾਏ ਸਿੱਖਾਂ ਦੇ ਦਸਵੇਂ ਗੁਰੂ ਹੋਏ। ਜਦੋਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਵਾਰਿਸਾਂ ਵਿੱਚੋਂ ਆਪਣੇ 14 ਸਾਲ ਦੇ ਪੋਤਰੇ ਹਰਿਰਾਏ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਤਾਂ ਉਨ੍ਹਾਂ ਮਾਤਾ ਨਾਨਕੀ ਨੂੰ ਆਪਣੇ ਪੇਕੇ ਬਕਾਲਾ ਨਗਰ ਤਿਆਗਮਲ ਜੀ ਤੇ ਉਨ੍ਹਾਂ ਦੀ ਪਤਨੀ ਨਾਲ ਜਾਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਗੁਰੂ ਹਰਿਰਾਏ ਜੀ ਨੇ ਆਪਣੀ ਅੰਤਮ ਦਸ਼ਾ ਵਿੱਚ ਗੁਰਿਆਈ ਆਪਣੇ ਛੋਟੇ ਪੁੱਤਰ (ਗੁਰੂ) ਹਰਿਕ੍ਰਿਸ਼ਣ ਜੀ ਨੂੰ ਦੇ ਦਿੱਤੀ।
ਗੁਰੂ ਹਰਿਕ੍ਰਿਸ਼ਣ ਸਾਹਿਬ ਜੀ ਨੇ ਜੋਤੀ ਵਿਲੀਨ ਹੋਣ ਤੋਂ ਪਹਿਲਾਂ ਵਚਨ ਕੀਤਾ ‘ਬਾਬਾ ਬਸੇ ਗਰਾਮ ਬਕਾਲੇ’, ਜਿਸ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਨੇ ਸੱਚੇ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਨਾਨਕੇ ਗਰਾਮ ਵਿੱਚ ਖੋਜ ਲਿਆ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਨੌਵੇਂ ਗੁਰੂ ਦੀ ਪ੍ਰਾਪਤੀ ਹੋਈ। ਉਨ੍ਹਾਂ ਦੀ ਗੁਰਿਆਈ ਵੇਲੇ ਔਰੰਗਜੇਬ ਨੇ ਹਿੰਦੂਆਂ ‘ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ।
ਕਸ਼ਮੀਰੀ ਪੰਡਤਾਂ ਦੀ ਪੁਕਾਰ ‘ਤੇ ਗੁਰੂ ਤੇਗ ਬਹਾਦਰ ਜੀ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਅਤੇ 12 ਦਸੰਬਰ 1675 ਨੂੰ ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ। ਗੁਰੂ ਜੀ ਦੇ ਪਿਤਾ ਹਰਗੋਬਿੰਦ ਸਾਹਿਬ ਜੀ ਦੇ ਵਚਨ ਸਤਿ ਹੋਏ। ਤਿਆਗ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਧੰਨ-ਧੰਨ ਗੁਰੂ ਤੇਗ ਬਹਾਦਰ ਜੀ ਨੂੰ ਕੋਟਿਨ-ਕੋਟਿ ਪ੍ਰਣਾਮ!