Sri Japji Sahib (Part 15th) : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਦਾ ਅੰਦਾਜ਼ਾ ਲਗਾਉਣ ਦੀ ਕਈ ਜੀਵ ਕੋਸ਼ਿਸ਼ ਤਾਂ ਕਰਦੇ ਹਨ ਪਰ ਇਹ ਇਸ ਤੋਂ ਪਰੇ ਹੈ। ਕਿਉਂਕਿ ਉਹ ਨਿਰੰਕਾਰ ਇੰਨਾ ਵੱਡਾ ਹੈ ਭਾਵ ਕਿ ਉਸ ਦੀ ਤਾਕਤ ਇੰਨੀ ਵੱਡੀ ਹੈ ਕਿ ਮਨੁੱਖ ਦੀ ਸਮਝ ਤੋਂ ਪਰੇ ਹੈ। ਉਸ ਨੂੰ ਖੁਦ ਹੀ ਆਪਣਾ ਪਤਾ ਹੈ। ਜੇਕਰ ਫਿਰ ਵੀ ਕੋਈ ਉਸ ਅਕਾਲ ਪੁਰਖ ਦਾ ਅੰਦਾਜ਼ਾ ਲਗਾਉਂਦਾ ਹੈ ਤਾਂ ਉਹ ਮਨੁੱਖ ਆਪਣੀ ਮੂਰਖਤਾ ਦਾ ਸਬੂਤ ਦਿੰਦਾ ਹੈ। ਭਾਵ ਪ੍ਰਮਾਤਮਾ ਨੂੰ ਅਸੀਂ ਆਪਣੀ ਸਮਝ ਨਾਲ ਨਹੀਂ ਜਾਣ ਸਕਦੇ, ਜਿੰਨਾ ਅਸੀਂ ਉਸ ਨੂੰ ਸਮਝਦੇ ਹਾਂ ਉਹ ਉਸ ਤੋਂ ਕਿਤੇ ਉਪਰ ਹੈ।
ਆਖਹਿ ਈਸਰ ਆਖਹਿ ਸਿਧ ॥ ਆਖਹਿ ਕੇਤੇ ਕੀਤੇ ਬੁਧ ॥ ਆਖਹਿ ਦਾਨਵ ਆਖਹਿ ਦੇਵ ॥ ਆਖਹਿ ਸੁਰਿ ਨਰ ਮੁਨਿ ਜਨ ਸੇਵ ॥ ਕੇਤੇ ਆਖਹਿ ਆਖਣਿ ਪਾਹਿ ॥ ਕੇਤੇ ਕਹਿ ਕਹਿ ਉਠਿ ਉਠਿ ਜਾਹਿ ॥ ਏਤੇ ਕੀਤੇ ਹੋਰਿ ਕਰੇਹਿ ॥ ਤਾ ਆਖਿ ਨ ਸਕਹਿ ਕੇਈ ਕੇਇ ॥
ਕਈ ਸ਼ਿਵ ਤੇ ਸਿੱਧ, ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ, ਰਾਖਸ਼ ਤੇ ਦੇਵਤੇ, ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਬੇਅੰਤ ਜੀਵ ਅਕਾਲ ਪੁਰਖ ਦਾ ਅੰਦਾਜ਼ਾ ਲਾ ਰਹੇ ਹਨ, ਅਤੇ ਬੇਅੰਤ ਹੀ ਲਾਉਣ ਦਾ ਜਤਨ ਕਰ ਰਹੇ ਹਨ, ਬੇਅੰਤ ਜੀਵ ਅੰਦਾਜ਼ਾ ਲਗਾ-ਲਗਾ ਕੇ ਇਸ ਜਗਤ ਤੋਂ ਤੁਰੇ ਜਾ ਰਹੇ ਹਨ। ਜਗਤ ਵਿਚ ਇੰਨੇ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ ਜੋ ਬਿਆਨ ਕਰ ਰਹੇ ਹਨ ਪਰ ਹੇ ਨਿਰੰਕਾਰ! ਜੇ ਤੂੰ ਹੋਰ ਵੀ ਬੇਅੰਤ ਜੀਵ ਪੈਦਾ ਕਰ ਦੇਵੇਂ ਤਾਂ ਭੀ ਕੋਈ ਜੀਵ ਤੇਰਾ ਅੰਦਾਜ਼ਾ ਨਹੀਂ ਲਾ ਸਕਦੇ।
ਜੇਵਡੁ ਭਾਵੈ ਤੇਵਡੁ ਹੋਇ ॥ ਨਾਨਕ ਜਾਣੈ ਸਾਚਾ ਸੋਇ ॥ ਜੇ ਕੋ ਆਖੈ ਬੋਲੁਵਿਗਾੜੁ ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥26॥
ਹੇ ਨਾਨਕ! ਪਰਮਾਤਮਾ ਜਿੰਨਾ ਚਾਹੁੰਦਾ ਹੈ ਓਨਾ ਹੀ ਵੱਡਾ ਹੋ ਜਾਂਦਾ ਹੈ ਭਆਵ ਆਪਣੀ ਕੁਦਰਤ ਦਾ ਪਸਾਰਾ ਵਧਾ ਲੈਂਦਾ ਹੈ। ਉਹ ਸਦਾ-ਥਿਰ ਰਹਿਣ ਵਾਲਾ ਹਰੀ ਆਪ ਹੀ ਜਾਣਦਾ ਹੈ ਕਿ ਉਹ ਕੇਡਾ ਵੱਡਾ ਹੈ। ਜੇ ਕੋਈ ਬੜਬੋਲਾ ਮਨੁੱਖ ਦੱਸਣ ਲੱਗੇ ਕਿ ਅਕਾਲ ਪੁਰਖ ਕਿੰਨਾ ਵੱਡਾ ਹੈ ਤਾਂ ਉਹ ਮਨੁੱਖ ਮੂਰਖਾਂ-ਸਿਰ-ਮੂਰਖ ਗਿਣਿਆ ਜਾਂਦਾ ਹੈ।