Sri Japji Sahib (Part 16th) : ਸ੍ਰੀ ਜਪੁਜੀ ਸਾਹਿਬ ਦੀ ਪਉੜੀ ‘ਸੋ ਦਰੁ ਕੇਹਾ ਸੋ ਘਰੁ ਕੇਹਾ’ ਵਿੱਚ ਗੁਰੂ ਸਾਹਿਬ ਨੇ ਫਰਮਾਇਆ ਹੈ ਕਿ ਇਸ ਸਾਰੀ ਸ੍ਰਿਸ਼ਟੀ ਦੇ ਜੀਵ, ਦੇਵਤਾ, ਰਿਸ਼ੀ ਮੁਨੀ, ਜਿੰਨੀ ਵੀ ਉਸ ਅਕਾਲ ਪੁਰਖ ਦੀ ਰਚਨਾ ਹੈ ਸਭ ਉਸੇ ਦੀ ਹੀ ਵਡਿਆਈ ਕਰ ਰਹੀ ਹੈ। ਇਸ ਪਉੜੀ ਤੋਂ ਸਾਨੂੰ ਸਾਨੂੰ ਪ੍ਰੇਰਣਾ ਮਿਲਦੀ ਹੈ ਕਿ ਜੇ ਇਹ ਸਾਰੀ ਸ੍ਰਿਸ਼ਟੀ ਹੀ ਅਕਾਲ ਪੁਰਖ ਦੀ ਸਿਫਤ ਸਾਲਾਹ ਕਰ ਰਹੀ ਹੈ ਭਾਵ ਹੁਕਮ ਵਿੱਚ ਚੱਲ ਰਹੀ ਹੈਤਾਂ ਸਾਨੂੰ ਵੀ ਉਸ ਦੀਆਂ ਸਿਫਤਾਂ ਗਾਉਣੀਆਂ ਚਾਹੀਦੀਆਂ ਹਨ ਅਤੇ ਹੁਕਮ ਵਿੱਚ ਚੱਲਣਾ ਚਾਹੀਦਾ ਹੈ।
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥ ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
ਹੇ ਨਿਰੰਕਾਰ! ਉਹ ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ। (ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ ਉਨ੍ਹਾਂ ਵਾਜਿਆਂ ਨੂੰ ਵਜਾਣ ਵਾਲੇ ਹਨ, ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ ਇਨ੍ਹਾਂ ਰਾਗਾਂ ਦੇ ਗਾਉਣ ਵਾਲੇ ਹਨ, ਜੋ ਤੈਨੂੰ ਗਾ ਰਹੇ ਹਨ। ਹੇ ਨਿਰੰਕਾਰ! ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ ‘ਤੇ ਖਲੋ ਕੇ ਤੇਰੀ ਵਡਿਆਈ ਕਰ ਰਿਹਾ ਹੈ। ਉਹ ਚਿੱਤਰ-ਗੁਪਤ ਵੀ ਜੋ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
ਹੇ ਅਕਾਲ ਪੁਰਖ! ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ। ਕਈ ਇੰਦਰ ਆਪਣੇ ਤਖ਼ਤ ‘ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ‘ਤੇ ਤੈਨੂੰ ਸਲਾਹ ਰਹੇ ਹਨ। ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ। ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ। ਹੇ ਅਕਾਲ ਪੁਰਖ! ਪੰਡਿਤ ਤੇ ਮਹਾਰਿਖੀ ਜੋ ਵੇਦਾਂ ਨੂੰ ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ ਭਾਵ, ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।