Sri Japji Sahib (Part 17th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਪਹਿਲੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਨਿਰੰਕਾਰ ਨੇ ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਰਚੀ ਹੈ। ਇਸ ਬੇਅੰਤ ਸ੍ਰਿਸ਼ਟੀ ਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਸਦਾ ਥਿਰ (ਕਾਇਮ) ਰਹਿਣ ਵਾਲਾ ਹੈ। ਮਨੁੱਖ ਨੂੰ ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ। ਇਹੀ ਹੈ ਵਸੀਲਾ ਪ੍ਰਭੂ ਨਾਲੋਂ ਦੂਰੀ ਮਿਟਾਉਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ। ਇਸ ਚੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ, ਉਸ ਨਾਲ ਹੀ ਅਸਲੀ ਖੁਸ਼ੀ ਮਿਲ ਸਕਦੀ ਹੈ।
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਹੇ ਨਿਰੰਕਾਰ! ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ। ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ। ਹੇ ਅਕਾਲ ਪੁਰਖ! ਅਸਲ ਵਿਚ ਤਾਂ ਉਹ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ ਉਨ੍ਹਾਂ ਦਾ ਹੀ ਗਾਉਣਾ ਸਫਲ ਹੈ), ਜੋ ਤੈਨੂੰ ਚੰਗੇ ਲੱਗਦੇ ਹਨ। ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਲੀ ਨਹੀਂ ਜਾ ਸਕਦੇ। ਭਲਾ ਨਾਨਕ ਵਿਚਾਰਾ ਕੀ ਵਿਚਾਰ ਕਰ ਸਕਦਾ ਹੈ?
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥ ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥27॥
ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾ ਉਹ ਜੰਮਿਆ ਹੈ ਅਤੇ ਨਾ ਹੀ ਮਰੇਗਾ। ਉਹ ਅਕਾਲ ਪੁਰਖ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ। ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ, ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਵੀ ਕਰ ਰਿਹਾ ਹੈ। ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-‘ਇਉਂ ਨ ਕਰੀਂ, ਇਉਂ ਕਰ’) । ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਵੀ ਪਾਤਿਸ਼ਾਹ ਹੈ। ਹੇ ਨਾਨਕ! ਜੀਵਾਂ ਨੂੰ ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ।