Sri Japji Sahib (Part 18th) : ਸ੍ਰੀ ਜਪੁਜੀ ਸਾਹਿਬ ਦੀਆਂ ਅਗਲੀਆਂ ਪਉੜੀਆਂ ਵਿੱਚ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਕਿ ਆਪਣੇ ਮਨ ਨੂੰ ਜਿੱਤਣਾ ਚਾਹੀਦਾ ਹੈ। ਮਨ ਨੂੰ ਵਿਕਾਰਾਂ ਤੋਂ ਮੁਕਤ ਕਰਨਾ ਹੀ ਦੁਨੀਆ ਨੂੰ ਜਿੱਤਣਾ ਹੈ। ਜੇਕਰ ਪੂਰੀ ਦੁਨੀਆ ਨੂੰ ਜਿੱਤ ਲਓ ਪਰ ਆਪਣੇ ਮਨ ਨੂੰ ਵਿਕਾਰਾਂ ਤੋਂ ਨਾ ਜਿੱਤ ਸਕੋ ਤਾਂ ਉਹ ਜਿੱਤ ਕਿਸੇ ਕੰਮ ਦੀ ਨਹੀਂ। ਜੀਵ ਵਿਕਾਰਾਂ ਦੇ ਦਮ ‘ਤੇ ਪੂਰੀ ਦੁਨੀਆ ਨੂੰ ਤਾਂ ਜਿੱਤ ਸਕਦਾ ਹੈ ਪਰ ਖੁਦ ਇਨ੍ਹਾਂ ਤੋਂ ਹੀ ਹਾਰ ਜਾਂਦਾ ਹੈ। ਸ੍ਰੀ ਜਪੁਜੀ ਸਾਹਿਬ ਦੀ ਜਿਆਦਾਤਰ ਵਿਆਖਿਆ ਗੁਰੂ ਨਾਨਕ ਦੀ ਸਿੱਧਾਂ ਨਾਲ ਸੁਮੇਰ ਪਰਬਤ ‘ਤੇ ਹੋਈ ਚਰਚਾ ਹੈ, ਜਿਸ ‘ਤੇ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਾਂ, ਜਦੋਂ ਕਰਮਕਾਂਡ ਪ੍ਰਧਾਨ ਸਨ ਤਾਂ ਇਨ੍ਹਾਂ ਪਉੜੀਆਂ ਵਿੱਚ ਗੁਰੂ ਸਾਹਿਬ ਨੇ ਉਨ੍ਹਾਂ ਜੋਗ ਦੇ ਕਰਮਕਾਂਡਾਂ ਨਾਲੋਂ ਅਕਾਲ ਪੁਰਖ ਨਾਲ ਅਸਲ ਵਿੱਚ ਜੁੜਨ ਦੇ ਤਰੀਕੇ ਦੱਸੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ-
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥
ਹੇ ਜੋਗੀ! ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ ਪਿੰਡੇ ਤੇ ਮਲੇਂ। ਮੌਤ ਦਾ ਭਉ ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ ।
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥28॥
ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ ਅਸਲ ਵਿਚ ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ।)। ਸੋ, ਕੂੜ ਦੀ ਕੰਧ ਦੂਰ ਕਰਨ ਲਈ ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਜੋ ਸਭ ਦਾ ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ , ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ।