Sri Japji Sahib (Part 20th) : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਸਿਫਤ-ਸਲਾਹ ਕਰਦਿਆਂ ਉਸ ਦੇ ਸਿਮਰਨ ਦਾ ਮਹੱਤਵ ਦੱਸਿਆ ਹੈ। ਜਿਉਂ ਜਿਉਂ ਮਨੁੱਖ ਪ੍ਰਭੂ ਦੀ ਯਾਦ ਵਿੱਚ ਜੁੜਦਾ ਹੈ, ਤਿਉਂ ਤਿਉਂ ਉਸ ਨੂੰ ਇਹ ਖ਼ਿਆਲ ਕੱਚੇ ਜਾਪਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਕੋਈ ਵੱਖਰੀਆਂ ਹਸਤੀਆਂ ਜਗਤ ਦਾ ਪ੍ਰਬੰਧ ਚਲਾ ਰਹੀਆਂ ਹਨ, ਜਿਵੇਂ ਕਿ ਦੁਨੀਆ ਵਿੱਚ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਇਸ ਦੁਨੀਆ ਨੂੰ ਬਣਾਉਣ ਵਾਲਾ ਹੈ, ਵਿਸ਼ਨੂੰ ਚਲਾਉਣ ਵਾਲਾ ਹੈ ਅਤੇ ਸ਼ਿਵ ਵਿਨਾਸ਼ ਕਰਨ ਵਾਲਾ ਹੈ। ਸਿਮਰਨ ਵਾਲੇ ਨੂੰ ਯਕੀਨ ਹੈ ਕਿ ਪ੍ਰਭੂ ਆਪ ਆਪਣੀ ਰਜ਼ਾ ਵਿਚ ਆਪਣੇ ਹੁਕਮ ਅਨੁਸਾਰ ਜਗਤ ਦੀ ਕਾਰ ਚਲਾ ਰਿਹਾ ਹੈ, ਭਾਵੇਂ ਜੀਵਾਂ ਨੂੰ ਇਹਨਾਂ ਅੱਖਾਂ ਨਾਲ ਉਹ ਦਿੱਸਦਾ ਨਹੀਂ। ਭਾਵ ਇਨ੍ਹਾਂ ਦੇਵਤਿਆਂ ਤੋਂ ਉਪਰ ਵੀ ਉਹ ਅਕਾਲ ਪੁਰਖ ਹੀ ਹੈ, ਜਿਸ ਦੀ ਰਜ਼ਾ ਨਾਲ ਇਹ ਸ੍ਰਿਸ਼ਟੀ ਬਣ, ਚੱਲ ਤੇ ਖਤਮ ਹੋ ਰਹੀ ਹੈ।
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥30॥
ਲੋਕਾਂ ਵਿਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ ‘ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਨ੍ਹਾਂ ਵਿਚੋਂ ਇਕ (ਬ੍ਰਹਮਾ) ਘਰਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ) ਅਤੇ ਇੱਕ (ਸ਼ੰਕਰ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਦਾ ਹਿਸਾਬ-ਕਿਤਾਬ ਕਰਦਾ ਹੈ)। ਪਰ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸ ਦਾ ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਹੀ ਉਹ ਆਪ ਸੰਸਾਰ ਦੀ ਕਾਰ ਚਲਾ ਰਿਹਾ ਹੈ (ਭਾਵ ਇਨ੍ਹਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦੇ ਕੁਝ ਹੱਥ ਨਹੀਂ)। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ (ਸਭ ਜੀਵਾਂ ਨੂੰ) ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿੱਸਦਾ। ਸੋ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿਕ ਦੇ ਥਾਂ ਕੇਵਲ ਉਸ ਅਕਾਲ ਪੁਰਖ ਨੂੰ ਪ੍ਰਣਾਮ ਕਰੋ ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਭਾਵ ਜਿਸ ਨੂੰ ਕੋਈ ਲੱਭ ਸਕਦਾ), ਜੋ ਨਾਸ ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ। ਇਹੀ ਪ੍ਰਭੂ ਨਾਲੋਂ ਦੂਰੀ ਮਿਟਾਉਣ ਦਾ ਤਰੀਕਾ ਹੈ।
ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ ਸੁ ਏਕਾ ਵਾਰ ॥ ਕਰਿ ਕਰਿ ਵੇਖੈ ਸਿਰਜਣਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ ਆਦੇਸੁ ਤਿਸੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥31॥
ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ) । ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ) । ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰ ਕੇ ਉਨ੍ਹਾਂ ਦੀ ਸੰਭਾਲ ਕਰ ਰਿਹਾ ਹੈ। ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸ੍ਰਿਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ)।