Sri Japji Sahib (Part 21st) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਪੱਸ਼ਟ ਕੀਤਾ ਹੈ ਕਿ ਕੂੜ ਦੀ ਪਾਲਿ ਵਿਚ ਘਿਰਿਆ ਜੀਵ ਦੁਨੀਆ ਦੇ ਚਿੰਤਾ-ਫ਼ਿਕਰਾਂ ਦੁੱਖ-ਕਲੇਸ਼ਾਂ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ, ਤੇ ਪ੍ਰਭੂ ਦਾ ਨਿਵਾਸ-ਅਸਥਾਨ, ਮਾਨੋ, ਇਕ ਐਸਾ ਉੱਚਾ ਟਿਕਾਣਾ ਹੈ ਜਿਥੇ ਸ਼ਾਂਤੀ ਹੀ ਸ਼ਾਂਤੀ ਹੈ। ਇਸ ਨੀਵੇਂ ਥਾਂ ਤੋਂ ਉਸ ਉੱਚੀ ਅਰਸ਼ੀ ਅਵਸਥਾ ‘ਤੇ ਮਨੁੱਖ ਤਦੋਂ ਹੀ ਅੱਪੜ ਸਕਦਾ ਹੈ ਜੇ ਸਿਮਰਨ ਦੀ ਪਉੜੀ ਦਾ ਆਸਰਾ ਲਏ, ‘ਤੂੰ ਤੂੰ’ ਕਰਦਾ ‘ਤੂੰ’ ਵਿਚ ਆਪਾ ਲੀਨ ਕਰ ਦੇਵੇ। ਇਸ ‘ਆਪਾ‘ ਵਾਰਨ ਤੋਂ ਬਿਨਾ ਇਹ ਸਿਮਰਨ ਵਾਲਾ ਉੱਦਮ ਇਉਂ ਹੀ ਹੈ। ਜਿਵੇਂ ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਭੀ ਉੱਥੇ ਅੱਪੜਨ ਦਾ ਸ਼ੌਕ ਪੈਦਾ ਹੋ ਜਾਏ, ਪਰ ਤੁਰਨ ਆਪਣੀ ਕੀੜੀ ਵਾਲੀ ਰਫ਼ਤਾਰ ਨਾਲ ਹੀ। ਇਹ ਭੀ ਠੀਕ ਹੈ ਕਿ ਪ੍ਰਭੂ ਦੀ ਮਰਜ਼ੀ ਵਿਚ ਆਪਣੀ ਮਰਜ਼ੀ ਨੂੰ ਉਹੀ ਮਨੁੱਖ ਮਿਟਾਂਦੇ ਹਨ ਜਿਨ੍ਹਾਂ ਉਪਰ ਪ੍ਰਭੂ ਦੀ ਮਿਹਰ ਹੋਵੇ।
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ-ਇਕ ਲੱਖ ਵਾਰੀ ਆਖੀਏ ਤਾਂ ਉਸ ਸੰਸਾਰ ਦੇ ਮਾਲਕ ਦਾ ਇੱਕ ਨਾਂ ਗਿਣਿਆ ਜਾ ਸਕਦਾ ਹੈ। (ਭਾਵ ਉਹ ਇੰਨਾ ਉੱਚਾ ਹੈ ਤੇ ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ)।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥32॥
ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਨ੍ਹਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹਿਆ ਜਾ ਹੈ। ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ। ਆਪਾ-ਭਾਵ ਹਉਮੈ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਜਿਵੇਂ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ ਕਿ ਅਸੀਂ ਵੀ ਆਕਾਸ਼ ‘ਤੇ ਪਹੁੰਚ ਜਾਈਏ। ਹੇ ਨਾਨਕ! ਜੇ ਅਕਾਲ ਪੁਰਖ ਮਿਹਰ ਦੀ ਨਜ਼ਰ ਕਰੇ, ਤਾਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ, (ਨਹੀਂ ਤਾਂ) ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਡਿਆਈ ਹੈ ਕਿ ਮੈਂ ਸਿਮਰਨ ਕਰ ਰਿਹਾ ਹਾਂ