Sri Japji Sahib (Part 24th) : ਸ੍ਰੀ ਜਪੁਜੀ ਸਾਹਿਬ ਦੀਆਂ 34 ਤੋਂ 37 ਪਉੜੀਆਂ ਵਿੱਚ ਪਹਿਲੇ ਪਾਤਸ਼ਾਹ ਨੇ ਮਨੁੱਖ ਦੀ ਆਤਮਿਕ ਅਵਸਥਾ ਦੇ ਪੰਜ ਹਿੱਸੇ ਦੱਸੇ ਹਨ- ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ। ਇਹਨਾਂ ਚਾਰ ਪਉੜੀਆਂ ਵਿਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਇਸ ਪਉੜੀ ਵਿੱਚ ਗੁਰੂ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖਾ ਜਨਮ ਦੇ ਫ਼ਰਜ਼ (‘ਧਰਮ’) ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਪਰਿਵਾਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ।
ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥
ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਗੁਰੂ ਸਾਹਿਬ ਨੇ ਉਪਰਲੀਆਂ ਪਉੜੀਆਂ ਵਿੱਚ ਦੱਸਿਆ ਹੈ)। ਹੁਣ ਗਿਆਨ ਖੰਡ ਦਾ ਕਰਤੱਬ ਵੀ ਸਮਝ ਲਵੋ (ਜੋ ਅਗਲੀਆਂ ਤੁੱਕਾਂ ਵਿਚ ਹੈ)। ਅਕਾਲ ਪੁਰਖ ਦੀ ਰਚਨਾ ਵਿਚ ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮਾ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥35॥
ਅਕਾਲ ਪੁਰਖ ਦੀ ਕੁਦਰਤਿ ਵਿਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧੂ੍ਰ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ। ਅਕਾਲ ਪੁਰਖ ਦੀ ਰਚਨਾ ਵਿਚ ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। ਜੀਵ-ਰਚਨਾ ਦੀਆਂ ਬੇਅੰਤ ਖਾਣੀਆਂ ਹਨ, ਜੀਵਾਂ ਦੀਆਂ ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ ਜੋ ਜੀਵ ਮਨ ਦੁਆਰਾ ਲਾਂਦੇ ਹਨ, ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ।