Sri Japji Sahib (Part 27th) : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਜੀਵ ਦੀ ਉੱਚੀ ਆਤਮਕ ਅਵਸਥਾ ਉਦੋਂ ਹੀ ਬਣ ਸਕਦੀ ਹੈ ਜੇ ਆਚਰਨ ਪਵਿੱਤਰ ਹੋਵੇ, ਦੂਜਿਆਂ ਦੀ ਵਧੀਕੀ ਸਹਾਰਨ ਦਾ ਹੌਂਸਲਾ ਹੋਵੇ, ਉੱਚੀ ਤੇ ਵਿਸ਼ਾਲ ਸਮਝ ਹੋਵੇ, ਪ੍ਰਭੂ ਦਾ ਡਰ ਹਿਰਦੇ ਵਿਚ ਟਿਕਿਆ ਰਹੇ। ਸੇਵਾ ਦੀ ਘਾਲ ਘਾਲੀ ਜਾਏ ਖ਼ਾਲਕ ਤੇ ਖ਼ਲਕ ਦਾ ਪਿਆਰ ਦਿਲ ਵਿਚ ਹੋਵੇ। ਇਹ ਜਤ, ਧੀਰਜ, ਮਤ, ਗਿਆਨ, ਭਉ, ਘਾਲ ਅਤੇ ਪ੍ਰੇਮ ਦੇ ਗੁਣ ਇਕ ਸੱਚੀ ਟਕਸਾਲ ਹੈ ਜਿਸ ਵਿਚ ਗੁਰ ਸ਼ਬਦ ਦੀ ਮੋਹਰ ਘੜੀ ਜਾਂਦੀ ਹੈ (ਭਾਵ, ਜਿਸ ਉੱਚੀ ਆਤਮਕ ਅਵਸਥਾ ਵਿਚ ਕੋਈ ਸ਼ਬਦ ਸਤਿਗੁਰੂ ਨੇ ਉਚਾਰਿਆ ਹੈ, ਉੱਪਰ-ਦੱਸੇ ਜੀਵਨ ਵਾਲੇ ਸਿੱਖ ਨੂੰ ਭੀ ਉਹ ਸ਼ਬਦ ਉਸੇ ਆਤਮਕ ਅਵਸਥਾ ਵਿਚ ਪਹੁੰਚਦਾ ਹੈ
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥ ਭਉ ਖਲਾ ਅਗਨਿ ਤਪ ਤਾਉ ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ ਨਦਰਿ ਕਰਮੁ ਤਿਨ ਕਾਰ ॥ ਨਾਨਕ ਨਦਰੀ ਨਦਰਿ ਨਿਹਾਲ ॥38॥
ਜੇ ਅਕਾਲ ਪੁਰਖ ਦਾ ਡਰ ਧੌਂਕਣੀ ਹੋਵੇ , ਘਾਲ-ਕਮਾਈ ਅੱਗ ਹੋਵੇ, ਪ੍ਰੇਮ ਕੁਠਾਲੀ ਹੋਵੇ, ਤਾਂ ਹੇ ਭਾਈ! ਉਸ ਕੁਠਾਲੀ ਵਿਚ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਗਲਾਵੋ, ਕਿਉਂਕਿ ਇਹੋ ਜਿਹੀ ਹੀ ਸੱਚੀ ਟਕਸਾਲ ਵਿਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ। ਇਹ ਕਾਰ ਉਨ੍ਹਾਂ ਮਨੁੱਖਾਂ ਦੀ ਹੈ, ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਹੁੰਦੀ ਹੈ, ਜਿਨ੍ਹਾਂ ਉੱਤੇ ਬਖ਼ਸ਼ਿਸ਼ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਅਕਾਲ ਪੁਰਖ ਦੀ ਕ੍ਰਿਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ।
ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥
ਸਲੋਕ -ਹਵਾ ਗੁਰੂ ਹੈ -ਪਾਣੀ ਪਿਤਾ ਤੇ ਧਰਤੀ ਮਾਂ ਹੈ, ਜਿਸਦੀ ਗੋਦ ਵਿਚ ਸਾਰੀ ਕਾਇਨਾਤ ਖੇਡ ਰਹੀ ਹੈ। ਕੋਈ ਚੰਗੇ ਤੇ ਕੋਈ ਮੰਦੇ ਕਰਮ ਕਰ ਰਿਹਾ ਹੈ ਜੋ ਅਕਾਲ ਪੁਰਖ ਸਭ ਦੇਖ ਰਿਹਾ ਹੈ1 ਆਪਣੇ ਕਰਮਾਂ ਅਨੁਸਾਰ ਕੋਈ ਪ੍ਰਭੁ ਦੇ ਨੇੜੇ ਤੇ ਕੋਈ ਦੂਰ ਜਾ ਰਿਹਾ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ, ਪ੍ਰਭੂ ਨੂੰ ਯਾਦ ਰਖਿਆ ਹੈ, ਉਨ੍ਹਾਂ ਦੀ ਘਾਲ ਥਾਇ ਪੈਂਦੀ ਹੈ -ਉਨ੍ਹਾ ਦਾ ਜਨਮ ਸਫਲ ਹੋ ਜਾਂਦਾ ਹੈ। ਹੇ ਨਾਨਕ ਦਰਗਾਹ ਵਿਚ ਉਨ੍ਹਾ ਦੇ ਮੁਖ ਉਜਲੇ ਹਨ। ਉਨ੍ਹਾ ਦੀ ਸੰਗਤ ਕਰਕੇ ਹੋਰ ਵੀ ਆਪਣਾ ਜਨਮ ਸੁਆਰ ਲੈਂਦੇ ਹਨ ਤੇ ਜਨਮ-ਮਰਨ ਦੇ ਗੇੜ ਤੋਂ ਛੁਟ ਜਾਂਦੇ ਹਨ। (ਸਮਾਪਤ)