Sri Japji Sahib Part Eleventh : ਸ੍ਰੀ ਜਪੁਜੀ ਸਾਹਿਬ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਕਰਨ ਵਾਲੇ ਮਨੁੱਖ ਅਕਾਲ ਪੁਰਖ ਵਿੱਚ ਹੀ ਲੂਨ ਹੋ ਜਾਂਦੇ ਹਨ, ਉਸ ਵਿੱਚ ਸਮਾ ਜਾਂਦੇ ਹਨ। ਉਹ ਵੀ ਅਕਾਲ ਪੁਰਖ ਦਾ ਅੰਤ ਨਹੀਂ ਪਾ ਸਕਦੇ। ਨਿਰੰਕਾਰ ਖੁਦ ਹੀ ਆਪਣੇ ਆਪ ਨੂੰ ਜਾਣਦਾ ਹੈ। ਭਾਵੇਂ ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ। ਪਰ ਇਸ ਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਕੋਈ ਲਾਭ ਨਹੀਂ ਹੈ। ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਸ਼ਾਹਾਂ-ਪਾਤਸ਼ਾਹਾਂ ਦੀ ਵੀ ਪਰਵਾਹ ਨਹੀਂ ਕਰਦਾ, ਪ੍ਰਭੂ ਦੇ ਨਾਮ ਸਾਹਮਣੇ ਬੇਅੰਤ ਧਨ ਵੀ ਉਸ ਨੂੰ ਤੁੱਛ ਜਾਪਦਾ ਹੈ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥
ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, ਬੇਅੰਤ ਰਿਸ਼ੀ ਮੁਨੀ ਇਨ੍ਹਾਂ ਦੇ ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)”। ਵੇਦਾਂ ਵਿੱਚ ਇੱਕ ਹੀ ਗੱਲ ਲਿਖੀ ਹੈ। ਮੁਸਲਮਾਨ ਤੇ ਇਸਾਈ ਆਦਿ ਦੀਆਂ ਚਾਰੇ ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ”। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਾਂ ਹੀ ਲਿਖਿਆ ਜਾ ਸਕਦਾ ਹੈ ਜੇਕਰ ਲੇਖਾ ਹੋ ਸਕੇ, (ਭਾਵ ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ) ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥23॥
ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕਿੰਨਾ ਵੱਡਾ ਹੈ। ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ। (ਇਸੇ ਤਰ੍ਹਾਂ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ) ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ ਪਹਾੜ ਜੇਡੇ ਧਨ ਪਦਾਰਥਾਂ ਦੇ ਢੇਰ ਹੋਣ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ ਇਕ ਕੀੜੀ ਦੇ ਵੀ ਬਰਾਬਰ ਨਹੀਂ ਹੁੰਦੇ, ਜੇਕਰ ਹੇ ਅਕਾਲ ਪੁਰਖ! ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ।