Sri Japji Sahib Part Ninth : ਸ੍ਰੀ ਜਪੁਜੀ ਸਾਹਿਬ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖ ਦੇ ਗੁਣਾਂ ਦਾ ਬਖਾਨ ਕਰਦੇ ਹੋਏ ਉਸ ਦੇ ਨਾਂ ਨਾਲ ਜੁੜਨ ਲਈ ਕਿਹਾ ਹੈ, ਜਿਸ ਤੋਂ ਬਗੈਰ ਕੋਈ ਠਿਕਾਣਾ ਨਹੀਂ ਹੈ। ਉਸ ਅਕਾਲ ਪੁਰਖ ਨਾਲ ਜੁੜ ਕੇ ਹੀ ਮਨ ਦੀ ਮੈਲ ਸਿਰਫ ਅਕਾਲ ਪੁਰਖ ਨਾਲ ਜੁੜਨ ਨਾਲ ਹੀ ਸਾਫ ਹੋ ਸਕਦੀ ਹੈ। ਆਪਣੇ ਬੀਜੇ ਹੋਏ ਕਰਮਾਂ ਨੂੰ ਆਪ ਹੀ ਵੱਢਣਾ ਪੈਂਦਾ ਹੈ ਅਤੇ ਇਨ੍ਹਾਂ ਕਰਮਾਂ ਦਾ ਫਲ ਭੋਗਣ ਲਈ ਪ੍ਰਾਣੀ ਵਾਰ-ਵਾਰ ਇਸ ਸੰਸਾਰ ਵਿੱਚ ਜਨਮ ਲੈਂਦਾ ਅਤੇ ਮਰਦਾ ਹੈ :
ਅਸੰਖ ਨਾਵ ਅਸੰਖ ਥਾਵ ॥ ਅਗੰਮ ਅਗੰਮ ਅਸੰਖ ਲੋਅ ॥ ਅਸੰਖ ਕਹਹਿ ਸਿਰਿ ਭਾਰੁ ਹੋਇ ॥ ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਅਖਰਾ ਸਿਰਿ ਸੰਜੋਗੁ ਵਖਾਣਿ॥ ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ ਜਿਵ ਫੁਰਮਾਏ ਤਿਵ ਤਿਵ ਪਾਹਿ ॥ ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥19॥
ਅਕਾਲ ਪੁਰਖ ਦੇ ਅਣਗਿਣਤ ਨਾਵ ਹੈ ਅਤੇ ਅਣਗਿਣਤ ਥਾਂਵਾ ਹੈ (ਭਾਵ ਉਹ ਹਰ ਥਾਂ ‘ਤੇ ਮੌਜੂਦ ਹੈ), ਉਸ ਤੱਕ ਅਤੇ ਉਸ ਦੇ ਲੋਕਾਂ ਤੱਕ ਨਹੀਂ ਪਹੁੰਚਿਆ ਜਾ ਸਕਦਾ। ਉਸ ਨੂੰ ਅਣਗਿਣਤ ਕਹਿਣਾ ਵੀ ਸਿਰ ‘ਤੇ ਭਾਰ ਚੁੱਕਣ ਵਰਗਾ ਹੈ। ਸ਼ਬਦ ਤੋਂ ਨਾਂ ਆਉਂਦਾ ਹੈ, ਸ਼ਬਦ ਨਾਲ ਉਸ ਅਕਾਲ ਪੁਰਖ ਦੀ ਸਿਫਤ-ਸਲਾਹ ਹੁੰਦੀ ਹੈ। ਸ਼ਬਦ ਨਾਲ ਅਧਿਆਤਮਕ ਸਮਝ ਆਉਂਦੀ ਹੈ ਅਤੇ ਉਸ ਦੀ ਗੁਣਾਂ ਦੇ ਗੀਤ ਗਾਏ ਜਾਂਦੇ ਹਨ। ਸ਼ਬਦ ਨਾਲ ਹੀ ਲਿਖਿਆ ਅਤੇ ਬਾਣੀ ਬੋਲੀ ਜਾਂਦੀ ਹੈ, ਸ਼ਬਦ ਨਾਲ ਹੀ ਕਿਸੇ ਦੇ ਮੱਥੇ ਦੀਆਂ ਲਕੀਰਾਂ ਭਾਵ ਕਿਸਮਤ ਲਿਖੀ ਜਾਂਦੀ ਹੈ। ਪਰ ਉਹ ਅਕਾਲ ਪੁਰਖ ਜੋ ਇਹ ਕਿਸਮਤ ਲਿਖਦਾ ਹੈ ਉਸ ਦੇ ਮੱਥੇ ‘ਤੇ ਕੁਝ ਨਹੀਂ ਲਿਖਿਆ। ਜਿਵੇਂ-ਜਿਵੇਂ ਉਹ ਫਰਮਾਉਂਦਾ ਹੈ ਉਵੇਂ ਹੀ ਸਾਨੂੰ ਮਿਲਦਾ ਹੈ। ਉਹ ਪੂਰਾ ਸ੍ਰਿਸ਼ਟੀ ਅਕਾਲ ਪੁਰਖ ਦੇ ਨਾਂ ਦਾ ਪ੍ਰਗਟਾਵਾ ਹੈ। ਅਕਾਲ ਪੁਰਖ ਦੇ ਨਾਂ ਤੋਂ ਬਿਨਾਂ ਕਿਤੇ ਠਿਕਾਣਾ ਨਹੀਂ ਮਿਲ ਸਕਦਾ। ਉਸ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਬਖਾਨ ਨਹੀਂ ਕਰ ਸਕਦਾ। ਅਜਿਹੇ ਅਕਾਲ ਪੁਰਖ ‘ਤੇ ਇਕ ਵਾਰ ਵੀ ਵਾਰੀ ਨਹੀਂ ਜਾਇਆ ਜਾ ਸਕਦਾ ਭਾਵ ਉਸ ਦੀਆਂ ਦਾਤਾਂ ਉਸ ਦੀ ਰਚਨਾ ਇੰਨੀ ਵੱਡੀ ਹੈ। ਹੇ ਅਕਾਲ ਪੁਰਖ! ਜੋ ਤੈਨੂੰ ਭਾਉਂਦਾ (ਪਸੰਦ) ਹੈ, ਤੂੰ ਉਹ ਹੀ ਕਰਦਾ ਹੈਂ। ਪ੍ਰਮਾਤਮਾ ਅਨੰਤ ਹੈ, ਨਿਰੰਕਾਰ ਹੈ।
ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥ ਭਰੀਐ ਮਤਿ ਪਾਪਾ ਕੈ ਸੰਗਿ ॥ ਓਹੁ ਧੋਪੈ ਨਾਵੈ ਕੈ ਰੰਗਿ ॥ ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥20॥
ਇਸ ਪਉੜੀ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਜੇਕਰ ਹੱਥ-ਪੈਰ ਗੰਦੇ ਹੋ ਜਾਂਦੇ ਹਨ ਤਾਂ ਉਸ ਗੰਦਗੀ ਨੂੰ ਪਾਣੀ ਨਾਲ ਧੋ ਕੇ ਉਤਾਰਿਆ ਜਾ ਸਕਦਾ ਹੈ। ਜੇਕਰ ਕੱਪੜੇ ‘ਤੇ ਦਾਗ ਲੱਗ ਜਾਣ ਤਾਂ ਉਸ ਨੂੰ ਵੀ ਸਾਬਣ ਨਾਲ ਸਾਫ ਕੀਤਾ ਜਾ ਸਕਦਾ ਹੈ। ਪਰ ਜੇਕਰ ਮਨ ਨੂੰ ਪਾਪਾਂ ਦੇ ਨਾਲ ਭਰ ਲਿਆ ਜਾਵੇ ਤਾਂ ਉਹ ਫਿਰ ਸਿਰਫ ਨਿਰੰਕਾਰ ਦੇ ਨਾਂ ਨਾਲ ਹੀ ਸਾਫ ਕੀਤਾ ਜਾ ਸਕਦਾ ਹੈ। ਪਾਪ ਤੇ ਪੁੰਨ ਸਿਰਫ ਕਹਿਣ ਨਾਲ ਹੀ ਨਹੀਂ ਬਣਿਆ ਜਾ ਸਕਾਦ ਹੈ। ਜਦੋਂ ਮਨੁੱਖ ਵਾਰ-ਵਾਰ ਚੰਗੇ-ਮਾੜੇ ਕਰਮ ਕਰਦਾ ਹੈ ਤਾਂ ਉਹ ਇਨ੍ਹਾਂ ਨੂੰ ਆਪਣੇ ਨਾਲ ਲਿਖਾ ਲੈ ਜਾਂਦਾ ਹੈ। ਆਪਣਾ ਬੀਜਿਆ ਹੋਇਆ ਖੁਦ ਹੀ ਵੱਢਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਹੁਕਮ ਮੁਤਾਬਕ ਆਉਂਦੇ-ਜਾਂਦੇ ਹਾਂ ਇਨ੍ਹਾਂ ਚੰਗੇ-ਮਾੜੇ ਕਰਮਾਂ ਦਾ ਫਲ ਭੋਗਣ ਲਈ ਵਾਰ-ਵਾਰ ਜਨਮ-ਮਰਨ ਦੇ ਚੱਕਰ ਵਿੱਚ ਆਉਂਦੇ ਹਾਂ। (ਚੱਲਦਾ…)