Sri Japji Sahib Parth tenth : ਸ੍ਰੀ ਜਪੁਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨਿਰੰਕਾਰ ਦੀ ਸੱਚੀ ਭਗਤੀ ਦੱਸੀ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖ ਦਾ ਪਿਆਰ ਵੱਸ ਗਿਆ ਸਮਝੋ ਉਸ ਨੇ ਆਪਣੇ ਅੰਦਰ ਹੀ ਤੀਰਥਾਂ ਦਾ ਇਸ਼ਨਾਨ ਕਰਕੇ ਆਪਣੀ ਮੈਲ ਲਾ ਲਈ ਹੈ। ਸੱਚੀ ਭਗਤੀ ਕਰਵਾਉਣ ਵਾਲਾ ਵੀ ਉਹ ਨਿਰੰਕਾਰ ਹੀ ਹੈ। ਉਸ ਨਿਰੰਕਾਰ ਦੀ ਰਚਨਾ ਦਾ ਪਤਾ ਕੋਈ ਪੰਡਤ, ਕੋਈ ਕਾਜ਼ੀ ਨਹੀਂ ਲਗਾ ਸਕਦਾ। ਇਸ ਸੰਸਾਰ ਵਿੱਚ ਸਭ ਕੁਝ ਉਸ ਅਕਾਲ ਪੁਰਖ ਦੇ ਭਾਣੇ ਨਾਲ ਹੀ ਹੋ ਰਿਹਾ ਹੈ।
ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥ ਸੁਣਿਆ ਮੰਨਿਆ ਮਨਿ ਕੀਤਾ ਭਾਉ ॥ ਅੰਤਰਗਤਿ ਤੀਰਥਿ ਮਲਿ ਨਾਉ ॥
ਤੀਰਥ ਯਾਤਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ-(ਇਨ੍ਹਾਂ ਕਰਮਾਂ ਦੇ ਵੱਟੇ) ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ। ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜੀ ਹੈ, ਜਿਸ ਦਾ ਮਨ ਨਾਮ ਵਿਚ ਪਤੀਜ ਗਿਆ ਹੈ ਅਤੇ ਜਿਸ ਨੇ ਆਪਣੇ ਮਨ ਵਿਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ, ਉਸ ਮਨੁੱਖ ਨੇ ਜਿਵੇਂ ਆਪਣੇ ਅੰਦਰਲੇ ਤੀਰਥ ਵਿਚ ਮਲ-ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।
ਸਭਿ ਗੁਣ ਤੇਰੇ ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ ਭਗਤਿ ਨ ਹੋਇ ॥ ਸੁਅਸਤਿ ਆਥਿ ਬਾਣੀ ਬਰਮਾਉ ॥ ਸਤਿ ਸੁਹਾਣੁ ਸਦਾ ਮਨਿ ਚਾਉ ॥
ਪਾਤਸ਼ਾਹ ਅੱਗੇ ਫਰਮਾਉਂਦੇ ਹਨ ਹੇ ਅਕਾਲ ਪੁਰਖ! ਮੇਰੇ ਵਿੱਚ ਸਭ ਗੁਣ ਤੇਰੇ ਹੀ ਹਨ, ਜੇ ਤੂੰ ਆਪ ਆਪਣੇ ਗੁਣ ਮੇਰੇ ਵਿਚ ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ। ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ, ਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ (ਖੁਸ਼ੀ) ਹੈ।
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ, ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ? ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਲੱਗਾ, ਜੇਕਰ ਉਨ੍ਹਾਂ ਨੂੰ ਵੀ ਪਤਾ ਹੁੰਦਾ ਤਾਂ ਇਸ ‘ਤੇ ਇਕ ਪੁਰਾਣ ਲਿਖਿਆ ਹੁੰਦਾ। ਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਹੀਂ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਨ੍ਹਾਂ ਕੁਰਾਨ ਲਿਖਿਆ ਸੀ। ਕਿਹੜੀ ਤਿਥੀ-ਵਾਰ ਸੀ, ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ ਦੱਸ ਨਹੀਂ ਸਕਦਾ ਕਿ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ। ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਇਹ ਸਿਰਫ ਨਿਰੰਕਾਰ ਆਪ ਹੀ ਜਾਣਦਾ ਹੈ।
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥
ਮੈਂ ਕਿਸ ਤਰ੍ਹਾਂ ਉਸ ਅਕਾਲ ਪੁਰਖ ਦੀ ਵਡਿਆਈ ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ? ਹੇ ਨਾਨਕ! ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਉਸ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਜਤਨ ਕਰਦਾ ਹੈ (ਪਰ ਦੱਸ ਨਹੀਂ ਸਕਦਾ)। ਅਕਾਲ ਪੁਰਖ ਸਭ ਤੋਂ ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ ‘ਤੇ ਜਾ ਕੇ ਆਦਰ ਨਹੀਂ ਪਾਂਦਾ।