Sri Sukhmani Sahib (Part One) : ਸ੍ਰੀ ਸੁਖਮਨੀ ਸਾਹਿਬ ਨੂੰ ਸਿੱਖ ਧਰਮ ਦੀਆਂ ਬਾਣੀਆਂ ਵਿੱਚੋਂ ਇੱਕ ਪ੍ਰਧਾਨ ਬਾਣੀ ਮੰਨਿਆ ਜਾਂਦਾ ਹੈ, ਜਿਸ ਦੀ ਰਚਨਾ ਗਉੜੀ ਰਾਗ ਵਿੱਚ ਕੀਤੀ ਗਈ ਹੈ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 262 ਤੋਂ 296 ਉੱਤੇ ਸੁਭਾਇਮਾਨ ਹੈ। ਭਾਵੇਂ ਇਹ ਬਾਣੀ ਨਿਤਨੇਮ ਵਿੱਚ ਦਰਜ ਨਹੀਂ, ਤਾਂ ਵੀ ਕੁਝ ਗੁਰਮੁਖ ਇਸ ਦਾ ਪਾਠ ਨਿਤਨੇਮ ਵਜੋਂ ਕਰਦੇ ਹਨ। ਮਾਨਤਾ ਹੈ ਕਿ ਅੰਮ੍ਰਿਤਵੇਲੇ ਇਸ ਬਾਣੀ ਨੂੰ ਪੜ੍ਹਣ-ਸੁਣਨ ਨਾਲ ਮਨ ਵਿੱਚ ਅਥਾਹ ਸੁੱਖ-ਸ਼ਾਂਤੀ ਪੈਦਾ ਹੁੰਦੀ ਹੈ। ਇਸ ਬਾਣੀ ਦੀ ਵਿਉਂਤਬੰਦੀ 24 ਅਸ਼ਟਪਦੀਆਂ ਵਿੱਚ ਹੋਈ ਹੈ। ਹਰੇਕ ਅਸ਼ਟਪਦੀ ਵਿੱਚ ਅੱਠ ਪਉੜੀਆਂ ਹਨ ਤੇ ਹਰ ਪਉੜੀ ਵਿੱਚ 10 ਪੰਕਤੀਆਂ ਹਨ। ਪਹਿਲੀ ਅਸ਼ਟਪਦੀ ਦੀ ਪਹਿਲੀ ਪਉੜੀ ਵਿੱਚ ਰਹਾਉ ਦੀਆਂ ਦੋ ਪੰਕਤੀਆਂ ਵਧੇਰੇ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸਲੋਕ ਅੰਕਿਤ ਹੈ, ਜੋ ਉਸ ਅਸ਼ਟਪਦੀ ਦੇ ਕੇਂਦਰੀ ਭਾਵ ਨੂੰ ਪ੍ਰਸਤੁਤ ਕਰਦਾ ਹੈ। ਇਸ ਪ੍ਰਕਾਰ ਸਲੋਕਾਂ ਦੀ ਗਿਣਤੀ ਵੀ 24 ਹੈ।
ਗੁਰਮਤਿ ਇਤਿਹਾਸਕਾਰਾਂ ਮੁਤਾਬਕ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਦੀ ਇਹ ਬਾਣੀ ਰਾਮਸਰ ਦੇ ਸਥਾਨ ਉੱਤੇ ਬੈਠ ਕੇ ਅੰਦਾਜ਼ਨ 1601-02 ਵਿੱਚ ਮੁਕੰਮਲ ਕੀਤੀ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਬਾਣੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਸੁਖਮਨੀ ਦੀ ਰਚਨਾ ਸ਼ਾਂਤ ਰਸ ਵਿੱਚ ਹੋਈ ਹੈ ਤੇ ਇਸ ਵਿੱਚ ਸੁੱਖ ਦੇ ਮਾਰਗ ਬਾਰੇ ਵਿਸਤ੍ਰਿਤ ਜ਼ਿਕਰ ਕੀਤਾ ਗਿਆ ਹੈ। ਇਸ ਬਾਣੀ ਦੀ ਇਹ ਵੀ ਵਿਲੱਖਣਤਾ ਹੈ ਕਿ ਇਸ ਵਿੱਚ ਮਨੁੱਖੀ ਜੀਵਨ ਦਾ ਨਾਸ਼ ਕਰਨ ਵਾਲੇ ਹਰ ਪਹਿਲੂ ਦੀ ਨਿਸ਼ਾਨਦੇਹੀ ਕਰਦਿਆਂ ਉਸ ਤੋਂ ਸਾਵਧਾਨ ਤੇ ਸੁਚੇਤ ਰਹਿਣ ਦੀ ਪ੍ਰੇਰਨਾ ਦੇ ਕੇ ਉਸ ਦਾ ਸੌਖਾ, ਸੰਭਵ ਤੇ ਭਰੋਸੇਯੋਗ ਹੱਲ ਵੀ ਸੁਝਾਇਆ ਗਿਆ ਹੈ। ਤਾਂ ਆਓ ਫਿਰ ਪੜ੍ਹੀਏ ਇਸ ਸੁੱਖਾਂ ਦੀ ਖਾਣ ਬਾਣੀ ਨੂੰ ਅਰਥ ਸਹਿਤ-
ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ ਮੇਰੀ ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ ਮੇਰੀ ਨਮਸਕਾਰ ਹੈ।1। (ਚੱਲਦਾ)