Sri Sukhmani Sahib (Part Second) : ਸ੍ਰੀ ਸੁਖਮਨੀ ਸਾਹਿਬ ਵਿੱਚ ਨਾਮ-ਸਿਮਰਨ ਤੇ ਇਸ ਤੋਂ ਪ੍ਰਾਪਤ ਅਵਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਬਾਣੀ ਵਿੱਚ 24 ਅਸ਼ਟਪਦੀਆਂ ਦਰਜ ਹਨ। ਅਸ਼ਟਪਦੀ ਦੀ ਪਹਿਲੂ ਪਉੜੀ ਤੋਂ ਬਾਅਦ ਰਹਾਉ ਆਉਂਦਾ ਹੈ। ਹਰ ਅਸ਼ਟਪਦੀ ਤੋਂ ਪਹਿਲਾਂ ਇੱਕ-ਇੱਕ ਸ,ਲੋਕ ਦਰਜ ਹੈ। ਇਸ ਬਾਣੀ ਨੂੰ ਮਨ ਨੂੰ ਸੁੱਖ ਦੇਣ ਵਾਲੀ ਦੱਸਦੇ ਹਨ ਤਾਂ ਹੀ ਇਸ ਨੂੰ ਸੁੱਖਾਂ ਦੀ ਮਣੀ ਕਿਹਾ ਜਾਂਦਾ ਹੈ। ਸੁਖਮਨੀ ਸਾਹਿਬ ਵਿੱਚ ਦੱਸਿਆ ਗਿਆ ਹੈ ਕਿ ਅਕਾਲ ਪੁਰਖ ਦੇ ਨਾਮ ਦਾ ਸਿਰਮਨ ਸਾਰੇ ਧਾਰਮਿਕ ਕੰਮਾਂ ਨਾਲੋਂ ਉੱਤਮ ਹੈ, ਜੋ ਮਨੁੱਖ ਨੂੰ ਨਾ ਸਿਰਫ ਮਾਇਆ ਤੋਂ ਮੁਕਤ ਕਰਦਾ ਹੈ ਸਗੋਂ ਇੱਕ ਉੱਚੀ ਅਵਸਥਾ ਵੀ ਪ੍ਰਦਾਨ ਕਰਦਾ ਹੈ।
ਅਸਟਪਦੀ ॥ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥
ਮੈਂ ਅਕਾਲ ਪੁਰਖ ਦਾ ਨਾਮ ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ; ਇਸ ਤਰ੍ਹਾਂ ਸਰੀਰ ਵਿਚ ਜੋ ਦੁੱਖ ਬਿਖਾਂਧ ਹਨ ਉਹਨਾਂ ਨੂੰ ਮਿਟਾ ਲਵਾਂ। ਜਿਸ ਇਕ ਜਗਤ ਪਾਲਕ ਹਰੀ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ, ਮੈਂ ਵੀ ਉਸ ਨੂੰ ਸਿਮਰਾਂ।
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ ॥ ਕੀਨੇ ਰਾਮ ਨਾਮ ਇਕ ਆਖ੍ਹਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ ਕਾਂਖੀ ਏਕੈ ਦਰਸ ਤੁਹਾਰੋ ॥ ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥ {ਪੰਨਾ 262}
ਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ ਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਨਾਮ ਮੰਨਿਆ ਹੈ। ਜਿਸ ਮਨੁੱਖ ਦੇ ਜੀਅ ਵਿਚ ਅਕਾਲ ਪੁਰਖ ਆਪਣਾ ਨਾਮ ਥੋੜ੍ਹਾ ਜਿਹਾ ਵੀ ਵਸਾਉਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ। ਹੇ ਅਕਾਲ ਪੁਰਖ! ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ, ਉਨ੍ਹਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ ਨਾਨਕ ਨੂੰ ਸੰਸਾਰ ਸਾਗਰ ਤੋਂ ਬਚਾ ਲਵੋ।1।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
ਅਰਥ: ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ।