The Mother Of The Khalsa: ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ ਸੰਮਤ 1738 ਅਰਥਾਤ ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਸਾਹਿਬ ਕੌਰ ਜੀ ਦਾ ਮੁੱਢਲਾ ਨਾਮ ਸਾਹਿਬ ਦੇਵਾ ਸੀ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਗੁਰੂ ਨਾਨਕ ਦੇਵ ਜੀ ਕਾਬਲ ਕੰਧਾਰ ,ਪਿਸ਼ੋਰ, ਨੁਸ਼ਹਿਰੇ ਤੋਂ ਹੁੰਦੇ ਹੋਏ ਕੁੱਝ ਦਿਨ ਇੱਥੇ ਠਹਿਰੇ ਸਨ। ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਭਾਈ ਰਾਮੂ ਜੀ ਅਕਸਰ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਪਰਿਵਾਰ ਸਮੇਤ ਜਾਇਆ ਕਰਦੇ ਸਨ। 1 ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਗਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ ਤੇ ਦਿਲ ਵਿੱਚ ਪ੍ਰਣ ਕੀਤਾ ਕੀ ਜੇ ਉਨ੍ਹਾ ਘਰ ਸੰਤਾਨ ਹੋਈ ਤਾਂ ਉਹ ਗੁਰੂ ਸਾਹਿਬ ਦੀ ਸੇਵਾ ਵਿੱਚ ਭੇਟ ਕਰਨਗੇ । ਭਾਈ ਰਾਮੂ ਦੇ ਘਰ ਇੱਕ ਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਹਨਾਂ ਦੇ ਨਾਂ ਕਰਮਵਾਰ ਸਾਹਿਬ ਦੇਵਾ ਤੇ ਸਾਹਿਬ ਚੰਦ ਰੱਖੇ ਗਏ।
ਮਾਤਾ ਸਾਹਿਬ ਕੌਰ ਬਚਪਨ ਵਿੱਚ ਹੀ ਪ੍ਰਭੁ ਭਗਤੀ ਵਿੱਚ ਲੀਨ ਰਹਿੰਦੇ ਸੀ। ਉਹਨਾ ਵਿੱਚ ਬਚਪਨ ਤੋਂ ਹੀ ਓਹ ਸਾਰੇ ਗੁਣ ਸਨ ਜੋ ਕਿਸੇ ਸਦਾਚਾਰੀ ਮਨੁੱਖ ਵਿੱਚ ਪਾਏ ਜਾਂਦੇ ਹਨ। ਸਡੋਲ ਸਰੀਰ, ਨੂਰਾਨੀ ਆਤਮਾ, ਹਸਦਾ ਚੇਹਰਾ ,ਬੋਲਾਂ ਵਿੱਚ ਬੇਹਦ ਮਿਠਾਸ ,ਨਿਮਰਤਾ, ਸਬਰ, ਸੰਤੋਖ ਤੇ ਖਿਮਾ ਆਦਿ ਜਿਸ ਕਰਕੇ ਓਹ ਸਿਰਫ ਪਰਿਵਾਰ ਦੇ ਹੀ ਨਹੀਂ ਪੂਰੇ ਪਿੰਡ ਦੇ ਹਰਮਨ ਪਿਆਰੇ ਸਨ। ਮਾਤਾ ਜੀ ਬਚਪਨ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸੀ। ਸਿੱਖ ਧਰਮ ਵਿੱਚ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਜੀ ਨੇ ਸਰਬੱਤ ਖਾਲਸੇ ਦੇ ਮਾਤਾ ਹੋਣ ਦਾ ਮਾਣ ਬਖਸ਼ਿਆ ਹੈ। ਗੁਰੂ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਅੰਮ੍ਰਿਤ ਛਕਾ ਕੇ ਮਾਤਾ ਸਾਹਿਬ ਦੇਵਾਂ ਤੋਂ ਮਾਤਾ ਸਾਹਿਬ ਕੌਰ ਬਣਾ ਦਿੱਤਾ ਤੇ ਖਾਲਸੇ ਦੀ ਮਾਤਾ ਹੋਣ ਦਾ ਵਚਨ ਕੀਤਾ। ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ, ਗੁਰਦੁਆਰਾ ਸ਼ਿਕਾਰਘਾਟ ਅਤੇ ਗੁਰਦੁਆਰਾ ਹੀਰਾਘਾਟ ਸਾਹਿਬ ਦੇ ਵਿਚਕਾਰ ਜਿਹੇ ਸਥਿਤ ਹੈ ਅਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਤਪ ਅਸਥਾਨ ਹੈ। ਜਿਥੇ ਮਾਤਾ ਜੀ ਲੰਬਾ ਸਮਾਂ ਭਗਤੀ ਵਿੱਚ ਲੀਨ ਹੋ ਕੇ ਹਮੇਸ਼ਾ ਗੁਰੂ ਜੀ ਦਾ ਨਾਮ ਜਪਣ ਵਿੱਚ ਮਸਤ ਰਹਿੰਦੇ ਸਨ। ਮਾਤਾ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਭਗਤੀ, ਸਾਧਨਾ ਤੇ ਤਪੱਸਿਆ ਵਿੱਚ ਹੀ ਬਿਤਾਇਆ ਸੀ।