ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਇੱਕ ਗੁਰਸਿੱਖ ਪਹੁੰਚਿਆ। ਗੁਰੂ ਜੀ ਨੇ ਉਸ ਤੋਂ ਪੁੱਛਿਆ, “ਤੁਹਾਡੇ ਕੋਲ ਕਿੰਨੇ ਪੈਸੇ ਹਨ?” ਉਸ ਨੇ ਜਵਾਬ ਦਿੱਤਾ, “40 ਲੱਖ ਰੁਪਏ।” ਇੱਕ ਹੋਰ ਸਿੱਖ, ਜੋ ਉਸ ਦੇ ਕੋਲ ਖੜ੍ਹਾ ਸੀ ਨੇ ਕਿਹਾ ਕਿ ਗਰੀਬ ਨਿਵਾਜ ਇਹ ਝੂਠ ਬੋਲ ਰਿਹਾ ਹੈ ਇਸ ਕੋਲ ਕੁਝ ਵੀ ਨਹੀਂ ਹੈ।
ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਉਸਨੇ ਝੂਠ ਕਿਉਂ ਬੋਲਿਆ। ਸਿੱਖ ਨੇ ਕਿਹਾ “ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ ਗੁਰੂ ਜੀ।” ਗੁਰੂ ਜੀ ਨੇ ਫਿਰ ਉਸ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਪੁੱਤਰ ਹਨ। ਸਿੱਖ ਨੇ ਜਵਾਬ ਦਿੱਤਾ “ਗੁਰੂ ਜੀ, ਮੇਰਾ ਇਕ ਪੁੱਤਰ ਹੈ।” ਦੂਸਰੇ ਸਿੱਖ ਨੇ ਫਿਰ ਕਿਹਾ, “ਗੁਰੂ ਜੀ, ਇਹ ਫਿਰ ਝੂਠ ਬੋਲ ਰਿਹਾ ਹੈ, ਉਸ ਦੇ 5 ਪੁੱਤਰ ਹਨ।”
ਸਿੱਖ ਦਾ ਚਿੱਟਾ ਦਾੜ੍ਹਾ ਦੱਸ ਰਿਹਾ ਸੀ ਕਿ ਉਹ ਲਗਭਗ 60 ਸਾਲਾਂ ਦਾ ਹੈ। ਗੁਰੂ ਜੀ ਨੇ ਉਸ ਤੋਂ ਪੁੱਛਿਆ, ਤੁਹਾਡੀ ਉਮਰ ਕਿੰਨੀ ਹੈ ਤਾਂ ਉਸ ਨੇ ਕੁਝ ਕਾਗਜ਼ ਫਰੋਲਣੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਮੈਂ 12 ਸਾਲਾਂ ਦਾ ਹਾਂ। ਗੁਰੂ ਜੀ ਨੇ ਕਿਹਾ, “ਤੁਸੀਂ ਕੀ ਕਹਿ ਰਹੇ ਹੋ? ਤੁਸੀਂ ਸਾਫ ਨਜ਼ਰ ਆ ਰਹੇ ਹੋ ਕਿ 60 ਸਾਲ ਤੋਂ ਉੱਪਰ ਦੇ ਹੋ। ”
ਤਾਂ ਸਿੱਖ ਨੇ ਦੋਵੇਂ ਹੱਥ ਜੋੜ ਕੇ ਕਿਹਾ, “ਗੁਰੂ ਜੀ ਮੈਂ ਤੁਹਾਨੂੰ ਸੱਚ ਦੱਸ ਰਿਹਾ ਹਾਂ। ਤੁਸੀਂ ਮੈਨੂੰ ਪੁੱਛਿਆ ਕਿ ਮੇਰੇ ਕੋਲ ਕਿੰਨਾ ਪੈਸਾ ਹੈ, ਮੇਰੇ ਕੋਲ ਆਪਣੀ ਜ਼ਿੰਦਗੀ ਵਿਚ 40 ਲੱਖ ਰੁਪਏ ਸਨ ਜੋ ਮੈਂ ਪੁੱਤਰਾਂ ਵਿੱਚ ਵੰਡ ਦਿੱਤੇ ਤੇ ਹੁਣ ਮੇਰੇ ਕੋਲ 1 ਲੱਖ ਰੁਪਏ ਰਹਿ ਗਏ ਹਨ। ”
ਸਿੱਖ ਨੇ ਕਿਹਾ, “ਅੱਗੇ ਤੁਸੀਂ ਮੈਨੂੰ ਪੁੱਛਿਆ ਕਿ ਮੇਰੇ ਕਿੰਨੇ ਪੁੱਤਰ ਹਨ, ਮੈਂ ਕਿਹਾ ਇਕ, ਇਹ ਸੱਚ ਹੈ ਕਿ ਮੇਰੇ ਪੰਜ ਪੁੱਤਰ ਹਨ, ਪਰ ਚਾਰ ਸ਼ਰਾਬੀ ਹਨ, ਇਕ ਗੁਰੂ ਦਾ ਪਿਆਰਾ ਹੈ, ਉਹ ਸਮਝਦਾਰ ਹੈ ਅਤੇ ਆਪਣੇ ਮਾਪਿਆਂ ਨੂੰ ਪਿਆਰ ਕਰਦਾ ਹੈ, ਤਾਂ ਫਿਰ ਮੇਰਾ ਇੱਕ ਹੀ ਪੁੱਤਰ ਹੋਇਆ।
ਇਹ ਹੀ ਪੜ੍ਹੋ : ਸੱਚੇ ਦਿਲ ਨਾਲ ਕੀਤੀ ਅਰਦਾਸ ਦੀ ਤਾਕਤ, ਪੜ੍ਹੋ ਭਾਈ ਤਲੋਕਾ ਦੀ ਇਹ ਸਾਖੀ
ਫਿਰ ਤੁਸੀਂ ਮੈਥੋਂ ਮੇਰੀ ਉਮਰ ਪੁੱਛੀ ਤਾਂ ਗੁਰੂ ਜੀ, ਮੈਂ ਕਿਹਾ ਕਿ ਮੈਂ 12 ਸਾਲਾਂ ਦਾ ਸੀ ਕਿਉਂਕਿ ਮੈਂ ਹੁਣ ਤੱਕ ਸੇਵਾ, ਸਿਮਰਨ ਅਤੇ ਸਾਧ-ਸੰਗਤ ਵਿੱਚ ਜਿੰਨਾ ਸਮਾਂ ਬਤੀਤ ਕੀਤਾ ਹੈ, ਮੇਰੀ ਉਮਰ ਉਹੀ ਹੈ। ਜਦੋਂ ਵੀ ਮੈਂ ਸੇਵਾ, ਸਿਮਰਨ ਤਾਂ ਸਾਧ-ਸੰਗਤ ਕਰਦਾ ਤਾਂ ਮੈਂ ਉਹ ਸਮਾਂ ਇਨ੍ਹਾਂ ਕਾਗਜ਼ਾਂ ਵਿੱਚ ਨੋਟ ਕਰਕ ਲੈਂਦਾ ਸੀ ਤੇ ਇਸੇ ਨੂੰ ਮੈਂ ਆਪਣੀ ਅਸਲੀ ਉਮਰ ਮੰਨਦਾ ਹਾਂ। ਬਾਕੀ ਦੀ ਉਮਰ ਤਾਂ ਵਿਅਰਥ ਹੀ ਗਈ ਹੈ। ਗੁਰੂ ਜੀ ਮੁਸਕੁਰਾਏ ਅਤੇ ਕਿਹਾ ਕਿ ਤੁਸੀਂ ਅਸਲ ਵਿੱਚ ਸੱਚ ਬੋਲ ਰਹੇ ਹੋ।