What is Baba Nanak in a closed fist : ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਦਿਨ ਸਤਸੰਗ ਦੇ ਅਖੀਰ ਵਿੱਚ ਆਪਣੇ ਨੇੜਲੇ ਸੇਵਕਾਂ ਦੇ ਨਾਲ ਪਰਿਵਾਰ ਵਿੱਚ ਬੈਠੇ ਸਨ ਅਤੇ ਉਹ ਆਪਣੇ ਮਖੌਲੀਆ ਸੁਭਾਅ ਦੇ ਅਨੁਸਾਰ ਆਪਣੀ ਮੁੱਠੀ ਵਿੱਚ ਕੋਈ ਚੀਜ਼ ਬੰਦ ਕਰਕੇ ਪੁੱਛਣ ਲੱਗੇ– ‘‘ਪੁੱਤਰ ਸ਼੍ਰੀ ਚੰਦ ਦੱਸੋ ਤਾਂ ਮੇਰੀ ਮੁੱਠੀ ਵਿੱਚ ਕੀ ਹੈ?’’ ਸ਼੍ਰੀ ਚੰਦ ਜੀ ਨੇ ਅਨੁਮਾਨ ਲਗਾਇਆ ਅਤੇ ਦੱਸਿਆ “ਪਿਤਾ ਜੀ ਤੁਸੀਂ ਆਪਣੀ ਮੁੱਠੀ ਵਿੱਚ ਪੈਸੇ ਦਾ ਸਿੱਕਾ ਰੱਖਿਆ ਹੋਇਆ ਹੈ।”
ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਸ਼ਨ ਨੂੰ ਫਿਰ ਲੱਖਮੀ ਦਾਸ ਕੋਲੋਂ ਪੁੱਛਿਆ ਤਾਂ ਉਨ੍ਹਾਂ ਨੇ ਵੀ ਕਿਹਾ ‘‘ਇਸ ਵਿੱਚ ਇੱਕ ਸਿੱਕਾ ਹੀ ਜਾਪ ਰਿਹਾ ਹੈ।’’ ਗੁਰੂ ਜੀ ਮੁਸਕਰਾਉਣ ਲੱਗੇ ਅਤੇ ਫਿਰ ਉਥੇ ਬੈਠੇ ਹੋਏ ਸਾਰੇ ਸੇਵਕਾਂ ਵੱਲ ਸੰਕੇਤ ਕਰਕੇ ਵਾਰੀ-ਵਾਰੀ ਸਾਰਿਆਂ ਕੋਲ ਪੁੱਛਣ ਲੱਗੇ ਕਿ ਦੱਸੋਂ ਇਸ ਮੁੱਠੀ ਵਿੱਚ ਕੀ ਹੈ? ਸਾਰੇ ਸੇਵਕ ਵਾਰੀ-ਵਾਰੀ ਆਪਣਾ ਅੰਦਾਜ਼ਾ ਲਗਾਉਣ ਲੱਗੇ। ਪਰ ਗੁਰੂ ਜੀ ਨੂੰ ਕਿਸੇ ਕੋਲੋਂ ਸਹੀ ਜਵਾਬ ਨਾ ਮਿਲਿਆ।
ਜਦੋਂ ਆਪ ਜੀ ਨੇ ਭਾਈ ਲਹਿਣਾ ਜੀ ਵੱਲ ਸੰਕੇਤ ਕੀਤਾ ਤਾਂ ਉਨ੍ਹਾਂ ਨੇ ਨਿਮਰਤਾ ਨਾਲ ਕਿਹਾ ‘‘ਗੁਰੂ ਜੀ! ਤੁਹਾਡੀ ਮੁੱਠੀ ਵਿੱਚ ਸਾਰੇ ਸੰਸਾਰ ਦੀਆਂ ਬਰਕਤਾਂ ਹਨ। ਜੇਕਰ ਇਹ ਮੁੱਠੀ ਕਿਸੇ ਲਈ ਖੁੱਲ੍ਹ ਜਾਵੇ ਤਾਂ ਉਸਨੂੰ “ਰਿੱਧੀ–ਸਿੱਧੀ”, “ਬਰਹਮਗਿਆਨ”, “ਭਗਤੀ–ਸ਼ਕਤੀ” ਅਤੇ “ਪ੍ਰਭੂ ਵਿੱਚ ਅਭੇਦਤਾ” (ਮੁਕਤੀ) ਪ੍ਰਾਪਤ ਹੋ ਸਕਦੀ ਹੈ।’’ ਇਸ ਜਵਾਬ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਖੁਸ਼ ਹੋ ਗਏ ਅਤੇ ਕਹਿਣ ਲੱਗੇ ‘‘ਗੱਲ ਤਾਂ ਰਹੱਸ ਜਾਨਣ ਵਿੱਚ ਹੈ, ਜੋ ਦੂਰ ਨਜ਼ਰ ਦਾ ਸਵਾਮੀ ਹੋਵੇਗਾ ਉਸੇਦੇ ਹੱਥ ਸਫਲਤਾ ਦੀ ਕੁੰਜੀ ਰਹੇਗੀ।’’